ਐ ਦਸਮੇਸ਼ ਪਿਤਾ! ਤੇਰੇ ਹੁਕਮਾਂ ਦਾ ਵੇਖੀਂ ਇੱਥੇ ਰਾਜ ਹੋਵੇਗਾ...
- ਗੁਰਬਾਣੀ-ਇਤਿਹਾਸ
- 03 Jan, 2026 08:37 PM (Asia/Kolkata)
ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਨਿਰਮਲ ਪੰਥ ਦਾ ਸਫ਼ਰ ਦਸਮੇਸ਼ ਪਿਤਾ ਜੀ ਤਕ ਖ਼ਾਲਸਾ ਪੰਥ ਦਾ ਰੂਪ ਧਾਰ ਕੇ ਸੰਪੂਰਨ ਹੁੰਦਾ ਹੈ। ਗੁਰੂ ਸਾਹਿਬ ਜੀ ਸਾਨੂੰ ਨਿਆਰੇ ਰਹਿਣ ਦਾ ਹੁਕਮ ਕਰਦੇ ਹਨ। “ਜਬ ਲਗ ਖ਼ਾਲਸਾ ਰਹੈ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ, ਮੈਂ ਨ ਕਰੂੰ ਇਨ ਕੀ ਪ੍ਰਤੀਤ॥” ਖ਼ਾਲਸਾ, ਹਿੰਦੂ ਅਤੇ ਮੁਸਲਮਾਨ ਦੋਹਾਂ ਤੋਂ ਨਿਆਰਾ ਹੈ “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਖ਼ਾਲਸੇ ਦੀ ਰਹਿਣੀ-ਬਹਿਣੀ, ਕਹਿਣੀ-ਸਹਿਣੀ, ਦਿੱਖ-ਸਰੂਪ, ਮਰਯਾਦਾ-ਵਿਚਾਰਧਾਰਾ, ਨਿਯਮ-ਸਿਧਾਂਤ ਸਾਰੇ ਸੰਸਾਰ ਤੋਂ ਵਿਲੱਖਣ ਹਨ। ਖ਼ਾਲਸਾ ਕਿਸੇ ਦੁਨਿਆਵੀ ਸਰਕਾਰ ਦੀ ਅਧੀਨਗੀ ਨਹੀਂ ਕਬੂਲਦਾ, ਖ਼ਾਲਸਾ ਆਜ਼ਾਦ ਹੈ। “ਖ਼ਾਲਸਾ ਅਕਾਲ ਪੁਰਖ ਕੀ ਫ਼ੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮਾ ਕੀ ਮੌਜ॥” ਤਿਆਰ-ਬਰ-ਤਿਆਰ ਖ਼ਾਲਸੇ ’ਚੋਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ, ਖ਼ਾਲਸੇ ਦੀ ਖ਼ੁਦਾ ਵਾਂਗ ਨਿਆਰੀ ਸ਼ਾਨ ਹੈ, ਖ਼ਾਲਸਾ ਇੱਕ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਈਨ ਨਹੀਂ ਮੰਨਦਾ। “ਖ਼ਾਲਸਾ ਹੋਵੈ ਖੁਦ ਖ਼ੁਦਾ, ਜਿਮ ਖੂਬੀ ਖੂਬ ਖੁਦਾਇ॥ ਆਨ ਨ ਮਾਨੈ ਆਨ ਕੀ ਬਿਨ ਸਚੇ ਪਾਤਸਾਹਿ॥” ਕਲਗੀਧਰ ਪਿਤਾ ਨੇ ਖ਼ਾਲਸੇ ਉੱਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਸਤਿਗੁਰਾਂ ਨੇ ਖ਼ਾਲਸੇ ਨੂੰ ਆਪਣਾ ਰੂਪ ਕਿਹਾ ਹੈ ਤੇ ਖ਼ਾਲਸੇ ਦੇ ਦਰਸ਼ਨ ਸਤਿਗੁਰਾਂ ਦੇ ਦਰਸ਼ਨ ਮੰਨੇ ਜਾਂਦੇ ਹਨ। “ਖ਼ਾਲਸਾ ਮੇਰੋ ਰੂਪ ਹੈ ਖ਼ਾਸ॥ ਖ਼ਾਲਸੇ ਮਹਿ ਹਉਂ ਕਰਉ ਨਿਵਾਸ॥” ਗੁਰੂ ਸਾਹਿਬ ਜੀ ਨੇ ਆਪਣੇ ਖ਼ਾਲਸੇ ਨੂੰ ਪਾਤਸ਼ਾਹੀ, ਬਾਦਸ਼ਾਹੀ, ਖ਼ੁਦਮੁਖਤਿਆਰੀ, ਅਜ਼ਾਦੀ ਤੇ ਸਰਦਾਰੀ ਬਖਸ਼ੀ ਹੈ। ਅਸੀਂ ਦਿੱਲੀ ਦਰਬਾਰ ਦੇ ਗ਼ੁਲਾਮ ਬਣ ਕੇ ਨਹੀਂ ਜੀਅ ਸਕਦੇ। ਅਸੀਂ ਤਾਂ ਦਿੱਲੀ ਦੇ ਤਖ਼ਤ ’ਤੇ ਖ਼ਾਲਸਈ ਝੰਡੇ ਗੱਡਣ ਵਾਲ਼ਿਆਂ ਦੇ ਵਾਰਸ ਹਾਂ। ਖ਼ਾਲਸੇ ਨੇ ਇੱਕ ਵਾਰ ਨਹੀਂ, ਬਲਕਿ ਕਈ ਵਾਰ ਦਿੱਲੀ ਫ਼ਤਹਿ ਕੀਤੀ ਹੈ। ਲਾਹੌਰ ਦੇ ਸ਼ਾਹੀ ਕਿਲ਼੍ਹੇ ਉੱਤੇ ਵੀ ਪੰਜਾਹ ਸਾਲ ਖ਼ਾਲਸੇ ਦਾ ਨਿਸ਼ਾਨ ਝੁੱਲਦਾ ਰਿਹਾ ਹੈ। ਜੰਮੂ-ਕਸ਼ਮੀਰ, ਲੇਹ-ਲੱਦਾਖ, ਕਾਬਲ-ਕੰਧਾਰ, ਅਫ਼ਗਾਨਿਸਤਾਨ ਤਕ ਖ਼ਾਲਸੇ ਦਾ ਰਾਜ ਹੁੰਦਾ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ, ਨਵਾਬ ਕਪੂਰ ਸਿੰਘ ਜੀ, ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਿੱਖ ਮਿਸਲਾਂ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਵਿਸ਼ਾਲ ਅਤੇ ਸਰਬੱਤ ਦੇ ਭਲੇ ਵਾਲ਼ਾ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ। ਸਿੱਖਾਂ ਦਾ ਵੱਖਰਾ ਰਾਜ, ਗੁਰਬਾਣੀ ਅਤੇ ਸਿੱਖ ਰਵਾਇਤਾਂ ਤੇ ਇਤਿਹਾਸ ਅਨੁਸਾਰ ਹੈ। “ਨਾਨਕ ਰਾਜ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥” ਖ਼ਾਲਸਾ ਰਾਜ ਸੱਚ ਦਾ ਰਾਜ ਹੈ, ਜਿੱਥੇ ਕਿਸੇ ਵੀ ਕੌਮ ਅਤੇ ਕਬੀਲੇ ਦੇ ਹੱਕ ਨਹੀਂ ਦਬਾਏ ਜਾਂਦੇ, ਜਿੱਥੇ ਸਭ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਮਿਲ਼ਦਾ ਹੈ, ਜਿੱਥੇ ਕਿਸੇ ਦੇ ਧਰਮ-ਅਸਥਾਨਾਂ ’ਤੇ ਹਮਲੇ ਨਹੀਂ ਹੁੰਦੇ, ਕਿਸੇ ਵੀ ਧਰਮ ਗ੍ਰੰਥ ਦਾ ਅਪਮਾਨ ਨਹੀਂ ਹੁੰਦਾ, ਜਿੱਥੇ ਹਰ ਇੱਕ ਮਨੁੱਖ ਸੁਖੀ ਵਸਦਾ ਹੈ। ਅਜਿਹਾ ਹੀ ਰਾਜ-ਭਾਗ ਸਿਰਜਣ ਲਈ ਗੁਰਾਂ ਦਾ ਖ਼ਾਲਸਾ ਫਿਰ ਸੰਘਰਸ਼ਸ਼ੀਲ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬੋਲ ਹਰੇਕ ਸਿੱਖ ਦੇ ਹਿਰਦੇ ’ਚ ਵਸੇ ਹੋਏ ਨੇ ਕਿ ਹੁਣ ਭਾਰਤ ਨਾਲ਼ ਰਹਿਣਾ ਸਿੱਖਾਂ ਲਈ ਬੇਹੱਦ ਔਖਾ ਹੈ ਤੇ ਖ਼ਾਲਿਸਤਾਨ ਬਿਨਾਂ ਸਿੱਖਾਂ ਦਾ ਰੱਤੀ ਭਰ ਗੁਜਾਰਾ ਨਹੀਂ ਹੈ। ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ ਸੰਤਾਂ ਨੇ ਕਹਿ ਦਿੱਤਾ ਸੀ ਕਿ “ਜੇ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” ਹਿੰਦੁਸਤਾਨ/ਭਾਰਤ ਦੀ ਸਰਕਾਰ ਨੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ’ਤੇ ਟੈਂਕਾਂ-ਤੋਪਾਂ, ਮਸ਼ੀਨਗੰਨਾਂ ਤੇ ਹਵਾਈ ਜਹਾਜਾਂ ਨਾਲ਼ ਫ਼ੌਜੀ ਹਮਲਾ ਕਰਕੇ ਸਿੱਖਾਂ ਦੀ ਭਾਰਤ ਭਰ ’ਚ ਰੱਜ ਕੇ ਨਸਲਕੁਸ਼ੀ ਕੀਤੀ। ਸਿੱਖਾਂ ਦੇ ਗਲ਼ੇ ’ਚ ਟਾਇਰ ਪਾ ਕੇ ਅੱਗਾਂ ਲਾਈਆਂ, ਸਿੱਖ ਬੀਬੀਆਂ ਦੀ ਪੱਤ ਲੁੱਟੀ, ਝੂਠੇ ਮੁਕਾਬਲਿਆਂ ’ਚ ਸਿੱਖ ਜਵਾਨੀ ਖ਼ਤਮ ਕੀਤੀ। ਸਿੱਖ ਜਵਾਨੀ ਆਪਣੇ ਘਰਾਂ-ਪਰਿਵਾਰਾਂ ਦਾ ਮੋਹ ਤਿਆਗ ਕੇ ਹਥਿਆਰਬੰਦ ਹੋ ਕੇ ਮੈਦਾਨ-ਏ-ਜੰਗ ’ਚ ਨਿੱਤਰੀ ਤੇ ਭਾਰਤ ਵਿਰੁੱਧ ਐਲਾਨੀਆਂ ਜੰਗ ਲੜੀ ਤੇ ਕੌਮ ਦੇ ਜੁਝਾਰੂ-ਜਰਨੈਲ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਆਪਾ ਵਾਰ ਗਏ। ਜਾਗਦੀ ਜ਼ਮੀਰ ਵਾਲ਼ੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਹਮੇਸ਼ਾਂ ਲਈ ਰੱਦ ਕਰ ਦਿੱਤਾ ਹੈ, ਜਿਸ ਭਾਰਤੀ ਸਟੇਟ ਨੇ ਸਾਡਾ ਸਰਵਉੱਚ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਸਾਡੀ ਬਰਬਾਦੀ ’ਤੇ ਲੰਡੂ ਵੰਡ ਕੇ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਸਨ। ਸਿੱਖ ਅਜਿਹਾ ਰਾਜ-ਭਾਗ ਸਿਰਜਣਾ ਚਾਹੁੰਦੇ ਹਨ ਜਿੱਥੇ ਉਹ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਸਰ ਕਰ ਸਕਣ, ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ, ਜਿੱਥੇ ਉਹਨਾਂ ਦਾ ਧਰਮ ਪ੍ਰਫੁੱਲਤ ਹੋਵੇ, ਜਿੱਥੇ ਉਹਨਾਂ ਦੀ ਮਾਂ-ਬੋਲੀ ਨੂੰ ਕੋਈ ਛੁਟਿਆਉਣ ਦਾ ਯਤਨ ਨਾ ਕਰੇ। ਜਿੱਥੇ ਉਹਨਾਂ ਦੇ ਧਰਮ ਸਥਾਨਾਂ ਤੇ ਧਰਮ ਗ੍ਰੰਥਾਂ ’ਤੇ ਹਮਲੇ ਕਰਨ ਦਾ ਕੋਈ ਹੀਆ ਨਾ ਕਰ ਸਕੇ, ਜਿੱਥੇ ਉਹਨਾਂ ਦੇ ਕੁਦਰਤੀ ਸ੍ਰੋਤਾਂ ਨੂੰ ਕੋਈ ਲੁੱਟ ਨਾ ਸਕੇ ਤੇ ਉਹਨਾਂ ਦੇ ਧਾਰਮਿਕ ਮਾਮਲਿਆਂ ’ਚ ਕੋਈ ਦਖ਼ਲ-ਅੰਦਾਜੀ ਨਾ ਕਰ ਸਕੇ। ਹੁਣ ਪੰਜਾਬ ਦੀ ਰਾਜਨੀਤੀ 'ਚ ਚਾਹੇ ਕਿੰਨੀਆਂ ਵੀ ਤਬਦੀਲੀਆਂ ਆ ਜਾਣ, ਪਰ ਸਾਨੂੰ ਓਨਾ ਚਿਰ ਤਕ ਰੱਜ ਨਹੀਂ ਆਉਣਾ ਜਿੰਨਾ ਚਿਰ ਤਕ ਇਸ ਧਰਤੀ ’ਤੇ ਖ਼ਾਲਸਾ ਰਾਜ ਕਾਇਮ ਨਹੀਂ ਹੋ ਜਾਂਦਾ। ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਖ਼ਤਮ ਕਰ ਸਕਦਾ। ਅਸੀਂ ਆਪਣੇ ਆਖ਼ਰੀ ਸਾਹਾਂ ਤਕ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ, ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਦੀ ਰਾਖੀ, ਸਿੱਖੀ ਸਵੈਮਾਣ, ਚੜ੍ਹਦੀ ਕਲਾ ਅਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ।ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪੂਰੀ ਦੁਨੀਆਂ 'ਚ ਫੈਲੇਗੀ ਤਾਂ ਸਰਬੱਤ ਸੰਸਾਰ ਸੁਖੀ ਵਸੇਗਾ। ਆਖ਼ਰ ਦਸਮੇਸ਼ ਪਿਤਾ ਦਾ ਖ਼ਾਲਸਾ ਹੀ ਸਮੇਂ ਦੀਆਂ ਹਕੂਮਤਾਂ ਵੱਲੋਂ ਸਤਾਏ ਨਿਮਾਣਿਆਂ, ਨਿਤਾਣਿਆਂ ਤੇ ਲਤਾੜੇ ਹੋਏ ਲੋਕਾਂ ਦਾ ਸਹਾਰਾ ਬਣੇਗਾ। ਜਲਾਵਤਨੀ ਖ਼ਾਲਿਸਤਾਨੀ ਆਗੂ ਭਾਈ ਗਜਿੰਦਰ ਸਿੰਘ ਹਾਈਜੈਕਰ ਦੀਆਂ ਲਿਖੀਆਂ ਇਹ ਸਤਰਾਂ ਸਾਡਾ ਹੋਰ ਵੀ ਉਤਸ਼ਾਹ ਵਧਾਉਂਦੀਆਂ ਹਨ ਕਿ “ਐ ਦਸਮੇਸ਼ ਪਿਤਾ ! ਤੇਰੇ ਝੰਡੇ ਦੀ ਥਾਂਵੇਂ ਝੂਲਦੇ ਨੇ ਝੰਡੇ ਅੱਜ ਜਿਹੜੇ, ਅਸੀਂ ਲਾਹਵਾਂਗੇ, ਸਮੁੰਦਰਾਂ ’ਚ ਰੋੜ੍ਹਾਂਗੇ। ਤੇਰੇ ਹੁਕਮਾਂ ਦਾ ਵੇਖੀਂ ਏਥੇ ਰਾਜ ਹੋਵੇਗਾ, ਤੇ ਤੇਰੀ ਲਹੂ ’ਚ ਲਿਬੜੀ ਕੌਮ ਦੇ ਸਿਰ ਤਾਜ ਹੋਵੇਗਾ।
/add-image/44276-d447115c-3-69597f71c5fb57.78321746.jpg

Leave a Reply