ਕੀ ਸਰਕਾਰਾਂ ਵੋਟਾਂ ਲਈ ਤੇ ਡੇਰੇਦਾਰ ਨੋਟਾਂ ਲਈ ਬੇਅਦਬੀਆਂ ਨੂੰ ਅੰਜ਼ਾਮ ਦਿੰਦੇ ਰਹਿਣਗੇ ?ਰਣਜੀਤ ਸਿੰਘ ਦਮਦਮੀ ਟਕਸਾਲ

ਕੀ ਸਰਕਾਰਾਂ ਵੋਟਾਂ ਲਈ ਤੇ ਡੇਰੇਦਾਰ ਨੋਟਾਂ ਲਈ ਬੇਅਦਬੀਆਂ ਨੂੰ ਅੰਜ਼ਾਮ ਦਿੰਦੇ ਰਹਿਣਗੇ ?ਰਣਜੀਤ ਸਿੰਘ ਦਮਦਮੀ ਟਕਸਾਲ
ਰਣਜੀਤ ਸਿੰਘ ਦਮਦਮੀ ਟਕਸਾਲ​

ਕੀ ਸਰਕਾਰਾਂ ਵੋਟਾਂ ਲਈ ਤੇ ਡੇਰੇਦਾਰ ਨੋਟਾਂ ਲਈ ਬੇਅਦਬੀਆਂ ਨੂੰ ਅੰਜ਼ਾਮ ਦਿੰਦੇ ਰਹਿਣਗੇ ?ਰਣਜੀਤ ਸਿੰਘ ਦਮਦਮੀ ਟਕਸਾਲ
ਬਾਦਲ ਰਾਜ ਤੋਂ ਸ਼ੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਗਾਤਾਰ ਜਾਰੀ ਨੇ। ਕੈਪਟਨ, ਚੰਨੀ ਤੇ ਭਗਵੰਤ ਮਾਨ ਦੇ ਰਾਜ ਵਿੱਚ ਵੀ ਬੇਅਦਬੀ ਘਟਨਾਵਾਂ ਨੂੰ ਠੱਲ੍ਹ ਨਹੀਂ ਪਈ। ਬੇਅਦਬੀਆਂ ਕੇਵਲ ਸਿੱਖ ਕੌਮ ਦੇ ਦੁਸ਼ਮਣਾਂ ਵੱਲੋਂ ਹੀ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਕੁਝ ਅਖੌਤੀ ਡੇਰੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੀ ਇਸ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਅਜੇ ਤਕ ਕੋਈ ਹਿਸਾਬ, ਜਵਾਬ ਜਾਂ ਇਨਸਾਫ਼ ਨਹੀਂ ਦਿੱਤਾ ਸਗੋਂ ਇਸ ਦੇ ਉਲ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਬਹਾਲ ਕਰਵਾਉਣ ਵਾਲ਼ੇ ਪੰਥਕ ਸਿੰਘਾਂ-ਸਿੰਘਣੀਆਂ ਉੱਤੇ ਅਥਾਹ ਜ਼ੁਲਮ-ਤਸ਼ੱਦਦ ਢਾਹਿਆ ਤੇ ਨਰੈਣੂ ਮਹੰਤ ਨੂੰ ਵੀ ਮਾਤ ਪਾ ਦਿੱਤੀ। ਕੁਝ ਅਖੌਤੀ ਡੇਰੇਦਾਰ ਬਾਬੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣਾ ਸੌਫ਼ਾ ਡਾਹ ਕੇ, ਫੋਟੋਆਂ-ਮੂਰਤੀਆਂ ਰੱਖ ਕੇ ਜਾਂ ਹੋਰ ਮਨਮੱਤਾਂ ਕਰਕੇ ਨਿਰਾਦਰ ਕਰ ਰਹੇ ਹਨ, ਪਰ ਇਹਨਾਂ ਨੂੰ ਕੌਣ ਰੋਕੇ-ਟੋਕੇ ? ਬਾਦਲਾਂ ਦੇ ਥਾਪੇ ਜਥੇਦਾਰ ਅੱਖਾਂ ਮੀਟ ਲੈਂਦੇ ਹਨ ਕਿ ਕਿਤੇ ਉਹ ਸੰਪਰਦਾ-ਡੇਰੇਦਾਰ ਨਰਾਜ਼ ਨਾ ਹੋ ਜਾਵੇ, ਸੰਗਤ ਵੀ ਬਹੁਤ ਅਵੇਸਲੀ ਹੋਈ ਪਈ ਹੈ, ਪ੍ਰਚਾਰਕਾਂ ਤੇ ਰਾਗੀਆਂ-ਢਾਡੀਆਂ ਨੂੰ ਪ੍ਰੋਗਰਾਮ ਬੰਦ ਹੋਣ ਦਾ ਡਰ ਲੱਗਿਆ ਰਹਿੰਦਾ ਹੈ, ਪੰਥ ਦਰਦੀ ਸਿੱਖ ਆਵਾਜ਼ ਬੁਲੰਦ ਕਰਦੇ ਹਨ ਪਰ ਕੋਈ ਨਹੀਂ ਸੁਣਦਾ। ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਣ ਕਰਕੇ ਸਿੱਖ ਪੰਥ ਦੀ ਵੀ ਖ਼ੁਆਰੀ ਹੋ ਰਹੀ ਹੈ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਮਹਾਂਪੁਰਖ ਕਿਹਾ ਕਰਦੇ ਸਨ ਕਿ “ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਦਾ ਤੇ ਧੀਆਂ-ਭੈਣਾਂ ਦੀ ਇੱਜ਼ਤ ਲੁੱਟਦਾ ਉਸ ਦੁਸ਼ਟ ਨੂੰ ਸੋਧ ਕੇ ਆਇਓ, ਮੈਂ ਸਾਂਭੂੰਗਾ, ਮੇਰੀ ਭਾਵੇਂ ਚਮੜੀ ਉਧੇੜ ਦਿੱਤੀ ਜਾਵੇ ਪਰ ਮੈਂ ਉਸ ਸਿੱਖ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗਾ।” ਇੱਕ ਸਿੱਖ ਲਈ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਕਰਵਾਉਣਾ ਸਭ ਤੋਂ ਪਹਿਲਾ ਧਰਮ-ਕਰਮ ਹੈ ਤੇ ਇਹੀ ਸੱਚੇ ਸਿੱਖ ਦੀ ਨਿਸ਼ਾਨੀ ਹੈ। ਬੇਅਦਬੀ ਸ਼ਬਦ ਭਾਵੇਂ ਪ੍ਰਚਲਿਤ ਹੋ ਚੁੱਕਾ ਹੈ, ਪਰ ਇਹ ਕੇਵਲ ਬੇਅਦਬੀ ਨਹੀਂ ਬਲਕਿ ਗੁਰੂ ਸਾਹਿਬ ’ਤੇ ਹਮਲਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਰਤੀ ਕਾਨੂੰਨ ਤੇ ਅਦਾਲਤਾਂ ਦੇ ਸਿੱਖਾਂ ਲਈ ਇਨਸਾਫ਼ ਦੇ ਬੂਹੇ ਬੰਦ ਹਨ। ਜਿਸ ਦੇਸ਼ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ’ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ਼ਦਾ ਓਥੇ ਬਾਕੀ ਮਸਲੇ ਤਾਂ ਕੋਈ ਮਾਇਨੇ ਹੀ ਨਹੀਂ ਰੱਖਦੇ। ਹਿੰਦੁਸਤਾਨ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਤੁਸੀਂ ਗ਼ੁਲਾਮ ਹੋ, ਅਸੀਂ ਇਨਸਾਫ਼ ਨਹੀਂ ਹੋਣ ਦੇਣਾ, ਦੋਸ਼ੀਆਂ ਦੀ ਸ਼ਰ੍ਹੇਆਮ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ, ਹਾਲਾਤ ਅਜਿਹੇ ਸਿਰਜੇ ਜਾ ਰਹੇ ਹਨ ਕਿ ਹੁਣ ਸਿੱਖ ਇੱਕ ਵਾਰ ਹੁਣ ਫਿਰ ਹਥਿਆਰਬੰਦ ਰਾਹ ਚੁਣ ਲੈਣ ਤੇ ਅਸੀਂ ਇਸ ਬਹਾਨੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਅਤੇ ਖੂੰਖਾਰ ਕਾਤਲ ਐਲਾਨੀਏ ਤੇ ਇਹਨਾਂ ਦੀ ਨਸਲਕੁਸ਼ੀ ਕਰੀਏ। ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋਰ ਕੁਝ ਨਹੀਂ, ਇਸ ਦੇ ਅਦਬ-ਸਤਿਕਾਰ ਲਈ ਸਿੱਖ ਆਪਣਾ ਖ਼ੂਨ ਵਹਾਉਣ ਤੋਂ ਕਦੇ ਵੀ ਪਿੱਛੇੇ ਨਹੀਂ ਹਟਦੇ। ਅਸੀਂ ਸਮਝਦੇ ਹਾਂ ਕਿ ਸਮਾਂ ਵੱਧ-ਘੱਟ ਤਾਂ ਲਗ ਸਕਦਾ ਹੈ ਪਰ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲ਼ਣਗੀਆਂ, ਖ਼ਾਲਸਾ ਪੰਥ ਬੜਾ ਸਮਰੱਥ ਹੈ, ਪਾਪੀਆਂ ਨੂੰ ਹਰਗਿਜ਼ ਨਹੀਂ ਬਖ਼ਸ਼ਿਆ ਜਾਏਗਾ, ਬਥੇਰੇ ਪਾਪੀ ਸੋਧੇ ਵੀ ਜਾ ਚੁੱਕੇ ਹਨ। ਇਤਿਹਾਸ ਗਵਾਹ ਹੈ ਕਿ ਖ਼ਾਲਸੇ ਨੇ ਅਬਦਾਲੀ, ਨਾਦਰ ਸ਼ਾਹ, ਮੱਸਾ ਰੰਘੜ, ਜ਼ਕਰੀਆਂ ਖਾਂ ਅਤੇ ਲਖਪਤ ਰਾਏ ਵਰਗੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਲਿਆ ਤੇ ਖ਼ਾਲਸਾ ਬਾਗੀ ਜਾਂ ਬਾਦਸ਼ਾਹ ਵਾਲ਼ੀ ਫਿਤਰਤ ਨੂੰ ਸੁਰਜੀਤ ਰੱਖਿਆ। ਜਦ ਲਾਹੌਰ ’ਚ ਇੱਕ ਕੂਕਾ ਛਾਲ ਮਾਰ ਕੇ ਗੁਰੂ ਸਾਹਿਬ ਦੇ ਸਰੂਪ ’ਤੇ ਬਹਿ ਗਿਆ ਤੇ ਦੋਨੋਂ ਪਲਕਾਂ ਹੱਥਾਂ ’ਚ ਫੜ੍ਹ ਕੇ ਕਹਿਣ ਲੱਗਾ “ਚੱਲ ਮੇਰੇ ਘੋੜਿਆ”। ਤਾਂ ਉਸ ਸਮੇਂ ਸਰਦਾਰ ਹਰੀ ਸਿੰਘ ਨਲੂਏ ਦੀ ਬੰਸ ’ਚੋਂ ਭਾਈ ਜਵਾਹਰ ਸਿੰਘ ਨੇ ਇਸ ਬੇਅਦਬੀ ਨੂੰ ਨਾ ਸਹਾਰਿਆਂ ਤੇ ਕਿਰਪਾਨ ਨਾਲ਼ ਉਸ ਕੂਕੇ ਦਾ ਸਿਰ ਵੱਢ ਦਿੱਤਾ। ਜਦ ਜੂਨ 1984 ’ਚ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਤਾਂ ਕੌਮ ਦੇ ਹੀਰਿਆਂ ਨੇ ਪਾਪਣ ਇੰਦਰਾ ਗਾਂਧੀ ਨੂੰ ਛਲ਼ਨੀ-ਛਲ਼ਨੀ ਕਰ ਦਿੱਤਾ ਤੇ ਵੈਦਿਆ ਨੂੰ ਪੂਨੇ ’ਚ ਜਾ ਕੇ ਖਿਲਾਰ ਦਿੱਤਾ ਤੇ ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਖ਼ਾਲਿਸਤਾਨੀ ਜੁਝਾਰੂਆਂ ਨੇ ਘਰ-ਘਰ ਚਮਕੌਰ ਦੀ ਗੜ੍ਹੀ ਬਣਾ ਦਿੱਤਾ ਤੇ ਦਸ ਸਾਲ ਸਰਕਾਰ ਨੂੰ ਵਖ਼ਤ ਪਾਈ ਰੱਖਿਆ ਤੇ ਗੁਰੂ ਸਾਹਿਬ ਦੇ ਕਾਤਲਾਂ ਨੂੰ ਚੁਣ-ਚੁਣ ਕੇ ਸੋਧਿਆ। ਜਦ ਰਾਜਸਥਾਨ ’ਚ ਸੂਰਜਮੁਨੀ ਅਸਾਧ ਨੇ ਪਾਵਨ ਸਰੂਪਾਂ ਦੀ ਨਿਰਾਦਰੀ ਕਰਕੇ ਕੌਮ ਨੂੰ ਵੰਗਾਰਿਆ ਤਾਂ ਯੋਧਿਆਂ ਨੇ ਦਿਨ-ਦਿਹਾੜੇ ਉਸ ਦਾ ਸਿਰ, ਧੜ ਨਾਲ਼ੋਂ ਅਲੱਗ ਕਰ ਦਿੱਤਾ। ਇਸੇ ਤਰ੍ਹਾਂ ਪਿੰਡ ਸਾਹਨੇਵਾਲ ਵਿਖੇ ਬੇਅਦਬੀ ਕਰਨ ਵਾਲ਼ੇ ਹਵਾਲਾਤ ’ਚ ਬੰਦ ਭਈਏ ਨੂੰ ਵੀ ਠੋਕਿਆ ਗਿਆ ਤੇ ਪਿੰਡ ਘਵੱਦੀ ’ਚ ਬੇਅਦਬੀ ਕਰਨ ਵਾਲ਼ੀ ਔਰਤ ਨੂੰ ਵੀ ਸਿੰਘਾਂ ਨੇ ਨਰਕਾਂ ’ਚ ਪਹੁੰਚਾਇਆ। ਫਿਰ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਵੀ ਸਰੀਏ ਮਾਰ-ਮਾਰ ਕੇ ਸਿੰਘਾਂ ਨੇ ਨਾਭੇ ਜੇਲ੍ਹ ’ਚ ਸੋਧ ਦਿੱਤਾ ਤੇ ਬੁਰਜ ਜਵਾਹਰਕੇ ਤੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਵਾਉਣ ਵਾਲ਼ੇ ਸਿਰਸੇ ਵਾਲ਼ੇ ਦੇ ਚੇਲੇ ਗੁਰਦੇਵ ਪ੍ਰੇਮੀ ਨੂੰ ਵੀ ਤਿੰਨ ਯੋਧਿਆਂ ਨੇ ਮੌਤ ਦੇ ਘਾਟ ਉਤਾਰਿਆ, ਦੁਸ਼ਟ ਪ੍ਰਦੀਪ ਨੂੰ ਵੀ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ ਅਤੇ ਕਈ ਜੇਲ੍ਹਾਂ ’ਚ ਵੀ ਸਿੰਘਾਂ ਨੇ ਬੇਅਦਬੀ ਕਰਨ ਵਾਲ਼ੇ ਦੋਸ਼ੀਆਂ ਨੂੰ ਰੱਜ ਕੇ ਭੁੰਨਿਆ। ਗੁਰੂ ਸਾਹਿਬ ਦੀ ਬੇਅਦਬੀ ਦੀਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ, ਉਹਨਾਂ ’ਚ ਅਣਖੀ ਸਿੱਖਾਂ ਨੇ ਹਰ ਤਰ੍ਹਾਂ ਨਾਲ਼ ਆਪਣਾ ਫ਼ਰਜ ਨਿਭਾਇਆ ਤੇ ਆਪਣੇ ਗੁਰੂ ਦੇ ਮਾਣ-ਸਤਿਕਾਰ ਨੂੰ ਕਾਇਮ ਰੱਖਿਆ ਪਰ ਸਿਆਸੀ ਪਾਰਟੀਆਂ ਦੇ ਆਗੂ ਇੱਕ-ਦੂਜੇ ਨੂੰ ਭੰਡਣ ਅਤੇ ਆਪਣੀ ਸ਼ੋਹਰਤ ਚਮਕਾਉਣ ਲਈ ਫੋਕੀ ਬਿਆਨਬਾਜੀ ਕਰਨ ਤਕ ਹੀ ਸੀਮਿਤ ਰਹੇ। ਇਹਨਾਂ ਰਾਜਨੀਤਿਕ ਬਟੇਰਿਆਂ ਨੂੰ ਬੇਅਦਬੀਆਂ ਦਾ ਕੋਈ, ਦੁੱਖ, ਅਫ਼ਸੋਸ ਜਾਂ ਪਛਤਾਵਾ ਨਹੀਂ, ਬਲਕਿ ਸੱਤਾ ਕਿਵੇਂ ਹਾਸਲ ਕਰਨੀ ਹੈ, ਚਿੰਤਾਂ ਤਾਂ ਇਸ ਗੱਲ ਦੀ ਹੈ। ਕਾਂਗਰਸ, ਬਾਦਲਕੇ, ਭਾਜਪਾ, ਆਮ ਆਦਮੀ ਪਾਰਟੀ ਅਤੇ ਹੋਰਾਂ ਨੇ ਵੋਟਾਂ ਬਟੋਰਨ ਲਈ ਬੇਅਦਬੀਆਂ ਨੂੰ ਮੁੱਦਾ ਬਣਾਇਆ ਹੋਇਆ ਹੈ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਜਿਸ ਸ਼ਬਦ-ਗੁਰੂ ਦੇ ਅੱਗੇ ਅਸੀਂ ਸ਼ਰਧਾ ਨਾਲ਼ ਆਪਣਾ ਸੀਸ ਝੁਕਾਅ ਕੇ ਦਾਤਾਂ ਮੰਗਦੇ ਹਾਂ, ਉਸ ਗੁਰੂ ਸਾਹਿਬ ਦੇ ਪਾਵਨ ਸਰੂਪ ਮਿਤੀ 1 ਜੂਨ 2015 ਨੂੰ ‘ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ’ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਕਰਕੇ 25 ਸਤੰਬਰ ਦੀ ਰਾਤ ਨੂੰ ਕੰਧਾਂ ’ਤੇ ਪੋਸਟਰ ਲਾ ਕੇ ਸਿੱਖਾਂ ਨੂੰ ਲਲਕਾਰਿਆ ਜਾਂਦਾ ਹੈ ਕਿ “ਸਿੱਖੋ! ਜੇ ਆਪਣੇ ਗੁਰੂ ਨੂੰ ਬਚਾ ਸਕਦੇ ਹੋ ਤਾਂ ਬਚਾ ਲੋ, ਤੁਹਾਡਾ ਗੁਰੂ ਸਾਡੇ ਕੋਲ਼ ਹੈ।” ਫਿਰ 12 ਅਕਤੂਬਰ ਨੂੰ ਬਰਗਾੜੀ ਅਤੇ ਕੋਟਕਪੂਰਾ ਦੀਆਂ ਗਲ਼ੀਆਂ ’ਚ ਗੁਰੂ ਸਾਹਿਬ ਦੇ ਸਰੂਪ ਦੇ ਅੰਗ ਪਾੜ ਕੇ ਖਿਲਾਰ ਦਿੱਤੇ ਜਾਂਦੇ ਹਨ ਤੇ ਜਦ ਬੇਅਦਬੀ ਦੇ ਰੋਸ ਵਜੋਂ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਸੜਕਾਂ ਜਾਮ ਕਰਕੇ ਸ਼ਾਂਤਮਈ ਢੰਗ ਨਾਲ਼ ਧਰਨੇ ਲਾਉਂਦੀਆਂ ਹਨ ਤਾਂ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਉੱਤੇ ਆਪਣੇ ਆਪ ਨੂੰ ਪੰਥਕ ਅਤੇ ਅਕਾਲੀ ਕਹਾਉਣ ਵਾਲ਼ੇ ਬਾਦਲਕੇ ਆਪਣੇ ਚਹੇਤੇ ਡੀ.ਜੀ.ਪੀ. ਸੁਮੇਧ ਸੈਣੀ ਨੂੰ ਹੁਕਮ ਕਰ ਕੇ ਪੁਲੀਸ ਤੋਂ ਗੋਲ਼ੀਆਂ ਦਾ ਮੀਂਹ ਵਰ੍ਹਾਅ ਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜਖ਼ਮੀ ਕਰਕੇ ਕਹਿੰਦੇ ਹਨ ਕਿ “ਸਾਨੂੰ ਨਹੀਂ ਪਤਾ ਗੋਲ਼ੀ ਕਿਸ ਨੇ ਚਲਾਈ ਹੈ।” ਬਾਦਲਾਂ ਲਈ ਪੁਲੀਸ ਵੀ ਅਣਪਛਾਤੀ ਬਣ ਜਾਂਦੀ ਹੈ ਤੇ ਜਦ ਬੇਅਦਬੀ ਦੀ ਤਾਰ ਸਿਰਸੇ ਵਾਲ਼ੇ ਬਲਾਤਕਾਰੀ ਅਸਾਧ ਦੇ ਚੇਲਿਆਂ ਤੱਕ ਜੁੜਦੀ ਹੈ ਤਾਂ ਕਾਰਵਾਈ ਠੱਪ ਕਰ ਦਿੱਤੀ ਜਾਂਦੀ ਹੈ, ਇਹ ਹੈ ਬਾਦਲਕਿਆਂ ਦੀ ਕਰਤੂਤ। ਇਸ ਘਟਨਾ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਚੰਡੀਗੜ੍ਹ ਵਾਲ਼ੀ ਕੋਠੀ ’ਚ ਸੱਦ ਕੇ ਤਲਬ ਕਰਦੇ ਹਨ ਤੇ ਸਿਰਸੇ ਵਾਲੇ ਅਸਾਧ ਨੂੰ ਮਾਫ਼ੀ ਦੇਣ ਦਾ ਹੁਕਮਨਾਮਾ ਜਾਰੀ ਕਰਨ ਦਾ ਆਦੇਸ਼ ਦਿੰਦੇ ਹਨ। ਸਰਕਾਰੀ ਜਥੇਦਾਰ ਆਪਣੇ ਆਕਾ ਬਾਦਲ ਦੇ ਤਲਵੇਂ ਚੱਟਦਿਆਂ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਕਰਕੇ ਜਦ ਹੁਕਮਨਾਮਾ ਜਨਤਕ ਕਰਦੇ ਹਨ ਤਾਂ ਕੌਮ ’ਚ ਰੋਹ ਦਾ ਜਵਾਲ਼ਾ ਮੁਖੀ ਫਟਦਾ ਹੈ ਤਾਂ ਬਾਦਲ ਪਰਿਵਾਰ ਦੇ ਚਮਚੇ ਤੁਰੰਤ 16 ਅਕਤੂਬਰ ਨੂੰ ਹੁਕਮਨਾਮਾ ਰੱਦ ਕਰ ਦਿੰਦੇ ਹਨ। ਇਹਨਾਂ ਬਾਦਲਾਂ ਦੇ ਰਾਜ-ਭਾਗ ’ਚ ਜੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਸੀ ਉਹ ਕਈ ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਰੁਕ ਰਿਹਾ, ਭਾਵੇਂ ਕਿ ਸਰਕਾਰਾਂ ਬਦਲ ਚੁੱਕੀਆਂ ਹਨ ਪਰ ਸਿਸਟਮ ਨਹੀਂ ਬਦਲਿਆ। ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਤਾਂ ਦਿੱਲੀ ਦਰਬਾਰ ਦਾ ਪਿਆਦਾ ਹੈ ਤੇ ਇਹ ਸਭ ਅੰਦਰਖਾਤੇ ਬਾਦਲਾਂ ਦੇ ਯਾਰ ਹਨ। ਹਰ ਮਹੀਨੇ ਬੇਅਦਬੀ ਦੀ ਦੁਖਦਾਈ ਘਟਨਾ ਜਦ ਕੰਨੀਂ ਪੈਂਦੀ ਹੈ ਤਾਂ ਮਨ ਤੜਫ ਉੱਠਦਾ ਹੈ। ਬਹੁਤਾਂਤ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ’ਤੇ ਭਰੋਸਾ ਸੀ ਕਿ ਇਹ ਸਿੱਖਾਂ ਹਿੱਤਾਂ ਦੀ ਰਾਖੀ ਕਰਨਗੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ’ਚ ਧੱਕਣਗੇ ਪਰ ਬਾਦਲਕੇ ਤਾਂ ਬਾਬਰਕਿਆਂ ਤੋਂ ਵੀ ਅੱਗੇ ਜਾ ਲੰਘੇ। ਇਹਨਾਂ ਨੇ ਗੁਰੂ ਅਤੇ ਪੰਥ ਨਾਲ ਸ਼ਰੇਆਮ ਧੋਖਾ ਕੀਤਾ ਤੇ ਜਿਸ ਵਖ਼ਤ ਸਾਰਾ ਪੰਥ ਬੇਅਦਬੀਆਂ ਕਾਰਨ ਸੰਤਾਪ ਹੰਢਾਅ ਰਿਹਾ ਸੀ, ਉਸ ਸਮੇਂ ਬਾਦਲ ਦਲੀਆਂ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਜਿੱਤ ਕੇ ਭੰਗੜੇ ਪਾਏ ਤੇ ਸਿੱਖਾਂ ਦੇ ਹਿਰਦੇ ਵਲੂੰਧਰੇ। ਜਦ ਕਿ ਉਸ ਸਮੇਂ ਕਾਂਗਰਸ ਅਤੇ ਖ਼ਾਲਿਸਤਾਨੀ-ਪੰਥਕ ਜਥੇਬੰਦੀਆਂ ਨੇ ਰੋਸ ਵਜੋਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣੀ ਬੈਠਾ ਡੇਰਾ ਸਿਰਸਾ ਤੇ ਦੇਹਧਾਰੀ ਗੁਰੂ-ਡੰਮ੍ਹ ਦੇ ਹਰ ਅੱਡੇ ਨੂੰ ਅਤੇ ਹੋਰ ਪੰਥ ਦੋਖੀਆਂ, ਵਿਅਕਤੀਆਂ, ਸੰਸਥਾਂਵਾਂ ਅਤੇ ਰੁਝਾਨਾਂ ਨੂੰ ਬਾਦਲ ਦਲ ਨੇ ਹਰ ਤਰ੍ਹਾਂ ਨਾਲ ਸ਼ਹਿ ਅਤੇ ਸਰਪ੍ਰਸਤੀ ਦਿੱਤੀ ਹੋਈ ਹੈ। ਜਿਹੜਾ ਵੀ ਸਿੱਖੀ ਅਤੇ ਸਿੱਖੀ ਖਿਲਾਫ਼ ਸਰਗਰਮ ਹੋਇਆ, ਉਸ ਨੂੰ ਬਾਦਲ ਦਲ ਨੇ ਰੱਜ ਕੇ ਮਾਣ-ਸਤਿਕਾਰ ਦਿੱਤਾ ਹੈ ਤੇ ਆਪਣੇ ਰਾਜ-ਕਾਲ ਵਿੱਚ ਸਿੱਖੀ ਦੀ ਗੱਲ ਕਰਨ ਵਾਲੇ ਹਰੇਕ ਸਿੱਖ ਨੂੰ ਬਾਦਲਕਿਆਂ ਨੇ ਜਲੀਲ ਕੀਤਾ ਸੀ। ਬਾਦਲਾਂ ਨੇ ਦਸ ਸਾਲ ਗੁੰਡਾ-ਗਰਦੀ ਕੀਤੀ ਤੇ ਪੰਥਕ ਸੋਚ ਵਾਲੇ ਸਿੱਖ, ਬਾਦਲਾਂ ਦਾ ਜ਼ੁਲਮ ਝਲਦੇ ਰਹੇ। ਇਹ ਕਰਤੂਤ ਕਾਂਗਰਸ ਜਾਂ ਭਾਜਪਾ ਜਾਂ ਹੋਰਾਂ ਤੋਂ ਤਾਂ ਆਸ ਕੀਤੀ ਜਾ ਸਕਦੀ ਸੀ ਪਰ ਬਾਦਲ ਦਲ ਤੋਂ ਸਿੱਖਾਂ ਨੂੰ ਇਹ ਆਸ ਨਹੀਂ ਸੀ। ਹੁਣ ਤਾਂ ਸਾਫ਼ ਦਿਸ ਰਿਹਾ ਹੈ ਕਿ ਬਾਦਲ ਦਲ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨਹੀਂ ਬਣੇਗਾ ਅਤੇ ਭਾਜਪਾਈਆਂ ਤੇ ਕਾਂਗਰਸੀਆਂ ਵਾਂਗ ਸਿੱਖ ਜਜ਼ਬਾਤਾਂ ਖ਼ਿਲਾਫ਼ ਡਟਿਆ ਰਹੇਗਾ। ਇਸ ਤੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ, ਜੋਰਾ ਸਿੰਘ ਕਮਿਸ਼ਨ, ਕਾਟਜੂ ਕਮਿਸ਼ਨ ਅਤੇ ਹੋਰ ਕਈ ਰਿਪੋਰਟਾਂ ਰੁਲ਼ ਗਈਆਂ ਪਰ ਇਨਸਾਫ਼ ਦੀ ਕਿਰਨ ਕਿਧਰੇ ਨਜ਼ਰੀਂ ਨਹੀਂ ਪਈ। ਬਾਦਲ ਦਲੀਆਂ ਦੀਆਂ ਗ਼ੱਦਾਰੀਆਂ ਕਾਰਨ ਹੀ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਅਤੇ ਸਿਰਫ਼ਿਿਰਆਂ ਦੀ ਝਾੜੂ ਪਾਰਟੀ ਦੁੱਧ-ਧੋਤੀਆਂ ਬਣੀਆਂ ਫਿਰਦੀਆਂ ਹਨ। ਇਹ ਸਭ ਸਿਅਸੀ ਲੋਕ ਸਿਆਸੀ ਸਟੰਟ ਕਰਦੇ ਹਨ। ਜੇ ਬਾਦਲਕਿਆਂ ਨੇ ਆਪਣੇ ਰਾਜ-ਕਾਲ ਦੌਰਾਨ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਇਹਨਾਂ ਦਾ ਆਹ ਹਾਲ ਨਾ ਹੁੰਦਾ, ਇਹਨਾਂ ਉੱਤੇ ਬੇਅਦਬੀ ਅਤੇ ਗੋਲ਼ੀ ਕਾਂਡ ਦਾ ਕਲੰਕ ਲਗ ਚੁੱਕਾ ਹੈ। ਸਿੱਖਾਂ ਨੂੰ ਛੱਡ ਕੇ ਬਾਦਲਕੇ ਡੇਰਾ ਪ੍ਰੇਮੀਆਂ ਦਾ ਹੀ ਸਾਥ ਦਿੰਦੇ ਰਹੇ ਤਾਂਹੀਂ ਤਾਂ ਬਾਦਲਾਂ ਦੇ ਖ਼ਾਸਮਖ਼ਾਸ ਸਿਕੰਦਰ ਸਿੰਘ ਮਲੂਕੇ ਦੇ ਇੱਕ ਬਜੁਰਗ ਸਿੱਖ ਨੇ ਥੱਪੜ ਜੜਿਆ ਸੀ ਤੇ ਹੋਰਾਂ ਦੀ ਵੀ ਜੂਤ-ਪਤਾਣ ਕੀਤੀ ਗਈ। ਉਸ ਸਮੇਂ ਮਹੀਨਾ-ਭਰ ਸੰਗਤਾਂ ਨੇ ਬਾਦਲਕਿਆਂ ਦਾ ਸੜਕਾਂ ਉੱਤੇ ਨਿਕਲਣਾ ਔਖਾ ਕਰ ਦਿੱਤਾ ਸੀ। ਸੁਖਬੀਰ ਬਾਦਲ ਨੂੰ ਤਾਂ ਇੱਕ ਦਿਨ ਸਿੱਖ ਰੋਹ ਤੋਂ ਡਰਦਿਆਂ ਪੁਲੀਸ ਨੇ ਕੰਧ ਪਾੜ ਕੇ ਕੱਢਿਆ ਸੀ, ਨਹੀਂ ਤਾਂ ਸਿੱਖ ਨੌਜਵਾਨਾਂ ਹੱਥੋਂ ਇਸ ਦਿਨ ਛੋਟੇ ਬਾਦਲ ਦੀ ਵੀ ਚੰਗੀ ਸੇਵਾ ਹੋ ਜਾਣੀ ਸੀ। ਤਖ਼ਤਾਂ ਦੇ ਜਥੇਦਾਰ ਵੀ ਸਰਕਾਰੀ ਸਿਿਕਉਰਟੀਆਂ ‘ਚ ਘਿਰੇ ਫਿਰਦੇ ਸਨ ਤੇ ਇਹ ਉਹ ਸਮਾਂ ਸੀ ਜਦੋਂ ਬਾਦਲਾਂ ਨੂੰ ਪੰਥ ਤੋਂ ਖ਼ਤਰਾ ਪੈਦਾ ਹੋ ਗਿਆ ਸੀ। ਬਰਗਾੜੀ ਮੋਰਚਾ ਬੇਅਦਬੀਆਂ ਦੇ ਅਸਲ ਦੋਸ਼ੀਆਂ ਨੂੰ ਨੰਗੇ ਕਰਨ ਅਤੇ ਕਰਵਾਉਣ ਦਾ ਆਧਾਰ ਬਣਿਆ। ਬਾਦਲ ਦਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਕਾਂਗਰਸ ਦੇ ਮੱਥੇ ਉੱਤੇ ਜੂਨ 1984, ਨਵੰਬਰ 1984 ਅਤੇ ਝੂਠੇ ਮੁਕਾਬਲੇ ਆਦਿਕ ਕਲੰਕ ਹਨ। ਇਸੇ ਤਰ੍ਹਾਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਆਦਿਕ ਬੇਅਦਬੀ ਅਤੇ ਗੋਲ਼ੀ ਕਾਂਡ ਬਾਦਲ ਦਲ ਨਾਲ਼ ਇਤਿਹਾਸਕ ਤੌਰ ’ਤੇ ਬਾਦਲ ਦਲ ਉੱਤੇ ਕਲੰਕ ਹਨ। ਕਾਂਗਰਸ ਤਾਂ ਹੈ ਹੀ ਸਿੱਖਾਂ ਦੀ ਦੁਸ਼ਮਣ ਪਰ ਜੋ ਗ਼ੱਦਾਰੀ ਅਤੇ ਮੱਕਾਰੀ ‘ਪੰਥ’ ਨਾਲ ਬਾਦਲਕਿਆਂ ਨੇ ਕੀਤੀ ਹੈ ਉਹ ਪਾਪ ਬਖਸ਼ੇ ਨਹੀਂ ਜਾ ਸਕਦੇ। ਜੇ ਭਗਵੰਤ ਮਾਨ ਸਰਕਾਰ ਨੇ ਬਾਦਲਕਿਆਂ ਅਤੇ ਹੋਰਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਪੱਲੇ ਝਾੜੂ ਪਾਰਟੀ ਦੇ ਵੀ ਕੱਖ ਨਹੀਂ ਰਹਿਣਾ। ਇਸ ਵਕਤ ਸਿੱਖ ਜਗਤ ਬੇਹੱਦ ਔਖੀ ਸਥਿਤੀ ’ਚੋਂ ਗੁਜਰ ਰਿਹਾ ਹੈ। ਚੇਤੰਨ ਸਿੱਖਾਂ ਨੂੰ ਤਾਂ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਤੇ ਨਾ ਹੀ ਸਰਕਾਰ ਨੇ ਕੁਝ ਕਰਨਾ ਹੈ ਕਿਉਂਕਿ ਅੰਦਰੋਂ-ਅੰਦਰੀਂ ਪਾਰਟੀਆਂ ਨੂੰ ਇੱਕ-ਦੂਜੇ ਦੀਆਂ ਕਾਲ਼ੀਆਂ ਕਰਤੂਤਾਂ ਪਤਾ ਹਨ ਤੇ ਅਕਾਲੀ-ਕਾਂਗਰਸੀ ਰਲ-ਮਿਲ਼ ਕੇ ਕੁਝ ਸਮੇਂ ਲਈ ਬਾਂਦਰ-ਕਿੱਲਾ ਖੇਡ ਰਹੇ ਹਨ ਤੇ ਜਨਤਾ ਨੂੰ ਮੂਰਖ ਬਣਾ ਰਹੇ ਹਨ। ਕੁਝ ਦਿਨ ਪਹਿਲਾਂ ਜੰਮੂ ਵਿੱਚ ਜਿਸ ਦੁਸ਼ਟ ਬਿੱਲੇ ਨੇ ਗੁਰੂ ਸਾਹਿਬ ਦੇ ਪੰਜ ਪਾਵਨ ਸਰੂਪ ਅਗਨ ਭੇਟ ਕੀਤੇ ਉਸ ਦੇ ਰੋਹ ਤੇ ਰੋਸ ਵਜੋਂ ਜੰਮੂ ਦੇ ਸਿੱਖਾਂ ਨੇ ਉਸ ਦੇ ਘਰ ਨੂੰ ਅੱਗ ਲਾ ਦਿੱਤੀ, ਬੁਲਡੋਜ਼ਰ ਨਾਲ਼ ਢਾਹ ਦਿੱਤਾ ਤੇ ਹੋਰ ਅਖੌਤੀ ਡੇਰੇਦਾਰਾਂ ਅਤੇ ਪੰਥ ਦੋਖੀਆਂ ਨੂੰ ਸੁਨੇਹਾ ਦਿੱਤਾ ਕਿ ਤੁਸੀਂ ਵੀ ਸਾਰੇ ਬਾਜ ਆ ਜਾਓ, ਨਹੀਂ ਤਾਂ ਮਜਬੂਰਨ ਬਾਕੀਆਂ ਦਾ ਵੀ ਏਹੀ ਹਸ਼ਰ ਸਿੱਖਾਂ ਨੂੰ ਕਰਨਾ ਪਏਗਾ। ਜੇਕਰ ਅਸੀਂ ਸੱਚਮੁੱਚ ਪੰਥ-ਪ੍ਰਸਤ ਹਾਂ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਇਨਸਾਫ਼ ਲਈ ਖ਼ਾਲਸਾਈ ਰਵਾਇਤਾਂ ਅਨੁਸਾਰ ਆਪ ਹੀ ਕਮਰਕੱਸੇ ਕਰਨੇ ਪੈਣਗੇ, ਤਾਂਹੀਂ ਇਹ ਘਟਨਾਵਾਂ ਠੱਲ੍ਹੀਆਂ ਜਾ ਸਕਦੀਆਂ ਹਨ, ਨਹੀਂ ਤਾਂ ਸਰਕਾਰਾਂ ਵੋਟਾਂ ਲਈ ਅਤੇ ਅਖੌਤੀ ਡੇਰੇਦਾਰ ਨੋਟਾਂ ਲਈ ਸ਼ਖ਼ਸੀ ਪੂਜਾ ਨੂੰ ਬੜਾਵਾ ਦੇਣ ਲਈ ਬੇਅਦਬੀਆਂ ਨੂੰ ਅੰਜਾਮ ਦਿੰਦੇ ਰਹਿਣਗੇ।
 

ਰਣਜੀਤ ਸਿੰਘ ਦਮਦਮੀ ਟਕਸਾਲ​(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)
 

ਮੋ: 88722-93883

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.