ਲੋਹੜੀ ਮੌਕੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ’ਤੇ ਪੁਲਿਸ ਦੀ ਕਰੜੀ ਨਜ਼ਰ : ਬਾਜਵਾ
- ਕਨੂੰਨ
- 10 Jan, 2026 06:11 PM (Asia/Kolkata)
ਟਾਂਗਰਾ: ਸੁਰਜੀਤ ਸਿੰਘ ਖਾਲਸਾ
ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਨਜ਼ਰ ਆ ਰਹੀਆਂ ਹਨ। ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਲਈ ਵੱਖ-ਵੱਖ ਕਿਸਮ ਦੀਆਂ ਰੰਗ-ਬਿਰੰਗੀਆਂ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇੱਕ ਪਤੀ-ਪਤਨੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਹੱਥ ਨਾਲ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਲੋਕਾਂ ਵਿੱਚ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿੱਚ ਫਿਲਮੀ ਸਿਤਾਰਿਆਂ ਦੀਆਂ ਫੋਟੋਆਂ ਵਾਲੀਆਂ ਪਤੰਗਾਂ ਵੀ ਤਿਆਰ ਹੋ ਰਹੀਆਂ ਹਨ, ਜਦਕਿ ਲੋਕ ਆਪਣੀਆਂ ਨਿੱਜੀ ਫੋਟੋਆਂ ਲਗਵਾ ਕੇ ਵੀ ਖਾਸ ਪਤੰਗਾਂ ਤਿਆਰ ਕਰਵਾ ਰਹੇ ਹਨ। ਲੋਹੜੀ ਮੌਕੇ ਪਤੰਗਬਾਜ਼ੀ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਉੱਥੇ ਹੀ ਦੂਜੇ ਪਾਸੇ, ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ’ਤੇ ਪੁਲਿਸ ਦੀ ਕੜੀ ਨਜ਼ਰ ਬਣੀ ਹੋਈ ਹੈ। ਐਸ ਐਚ ਓ ਤਰਸਿਕਾ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਸਖ਼ਤ ਤਾੜਨਾ ਦਿੱਤੀ ਗਈ ਹੈ ।ਅਤੇ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ, ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੇ ਮਾਪਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਬਾਜਵਾ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਰਵਾਇਤੀ ਡੋਰ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ, ਕਿਉਂਕਿ ਚਾਈਨਾ ਡੋਰ ਨਾਲ ਲੋਕਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚ ਰਿਹਾ ਹੈ। ਪੁਲਿਸ ਵੱਲੋਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ’ਤੇ ਨਿਗਰਾਨੀ ਲਈ ਡਰੋਨ ਦੀ ਮਦਦ ਵੀ ਲਈ ਜਾਵੇਗੀ, ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ।
Leave a Reply