ਘੁੰਮਣਾ ਫਿਰਣਾ ਵੀ ਕਲਾ ਹੁੰਦੀ ਆ।

ਘੁੰਮਣਾ ਫਿਰਣਾ ਵੀ ਕਲਾ ਹੁੰਦੀ ਆ।
ਘੁੰਮਣਾ ਫਿਰਣਾ ਵੀ ਕਲਾ ਹੁੰਦੀ ਆ। ਆਪਣੇ ਲੋਕਾਂ ਨੇ ਘੁੰਮਣ ਨੂੰ ਦਾਰੂ ਨਾਲ ਜੋੜਿਆ ਵਾ।ਗੱਡੀ ਤੇ ਚਾਰ ਜਣੇ ਨਿੱਕਲੇ, ਚੰਡੀਗੜ੍ਹੋਂ ਦਾਰੂ ਫੜ੍ਹੀ ਸ਼ਿਮਲੇ ਜਾਕੇ ਕਮਰਾ ਲਿਆ, ਨਿੱਕਰਾਂ ਪਾਕੇ ਦੋ ਫੋਟੋਆਂ ਖਿੱਚੀਆਂ ਤੇ ਪੈੱਗ ਮਾਰਕੇ ਸੌਂਗੇ ਜਾਂ ਹੋਰ ਵਹਿਵਤ ਕਰਲੀ।ਇੱਕ ਮੈਨੂੰ ਕਹਿੰਦਾ ਲੱਦਾਖ ‘ਚ ਕੁਛ ਹੈ ਤਾਂ ਹੈਨੀ। ਕੱਲੇ ਪਹਾੜ ਜੇ ਈ ਆ। ਲੋਕ ਵੰਡਰਲੈਂਡ ਦੀਆਂ ਘੀਸੀਆਂ ਨੂੰ ਹੀ ਘੁੰਮਣਾ ਸਮਝੀ ਬੈਠੇ ਨੇ। ਲੇਹ ਆਮ ਸ਼ਹਿਰਾਂ ਵਰਗਾ ਸ਼ਹਿਰ ਆ, ਪਰ ਲੇਹ ਨੂੰ ਜਾਂਦੇ ਰਾਹ ਨਿਰਾ ਇਸ਼ਕ ਨੇ। ਪੈਰ ਪੈਰ ਤੇ ਪਹਾੜ ਰੰਗ ਬਦਲਦੇ ਨੇ। ਮੇਰੇ ਤੇਰੇ ਅਰਗਾ ਫੀਲਾ ਬੰਦਾ ਖੜ੍ਹਕੇ ਸੋਚਦਾ ਕਿ ਇਹ ਪੱਥਰ ਕਿੰਨੀਆਂ ਸਦੀਆਂ ਤੋਂ ਏਥੇ ਪਏ ਨੇ। ਕਦੇ ਕਿਸੇ ਬੰਦੇ ਨੇ ਇਹਨਾਂ ਨੂੰ ਛੋਹਿਆ ਹੋਣਾ? ਜਾਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਏਧਰ ਆਏ ਸੀ ਓਦੋਂ ਫਲਾਣੀ ਚੋਟੀ ਤੇ ਓਹਨ੍ਹਾਂ ਦੀ ਵੀ ਨਿਗਾਹ ਪਈ ਹੋਣੀ ਆ? ਕਿਹੜਾ ਰਾਹ ਲਿਆ ਹੋਣਾ ਓਹਨ੍ਹਾਂ ਨੇ? ਕੀ ਗੱਲਾਂ ਕਿਵੇਂ ਹੋਈਆਂ ਹੋਣਗੀਆਂ ? ਸਵਾਦ ਮੰਜ਼ਿਲ ਨਾਲ਼ੋਂ ਸਫਰ ‘ਚ ਹੁੰਦਾ। ਕਿਸੇ ਚੀਜ਼ ਨੂੰ ਪਾਕੇ ਓਹਦੀ ਤਮਾਂ ਜਾਂ ਖਿੱਚ ਮੁੱਕ ਜਾਂਦੀ ਆ। ਲੱਦਾਖ਼ ਨੂੰ ਅਸੀਂ ਐਨੀ ਨੀਝ ਨਾਲ ਦੇਖਿਆ ਨਿੱਕੇ ਨਿੱਕੇ ਪਿੰਡਾਂ ਦੇ ਨਾਂ ਵੀ ਜ਼ੁਬਾਨੀ ਯਾਦ ਨੇ। ਦੱਸ ਸਕਦੇ ਆ ਕਿੱਥੇ ਚੜ੍ਹਾਈ ਆਊ ਕਿੱਥੇ ਉਤਰਾਈ , ਕਿੱਥੇ ਢਾਬਾ, ਕਿੱਥੇ ਝਰਨਾ, ਕਿੱਥੇ ਮੋੜ। ਕਾਰ ਤੇ ਲੱਦਾਖ ਗਏ ਬਹੁਤੇ ਲੋਕ ਅੱਕਕੇ ਜੇ ਮੁੜਦੇ ਨੇ । ਕਾਰਨ ਏਹੀ ਓਹ ਕਾਹਲੀ ‘ਚ ਹੁੰਦੇ ਨੇ। ਚਿਪਸ ਖਾਧੇ, ਕੋਕ ਪੀਤਾ ਘੁਕ ਘੁਕ ਕੇ ਉੱਲ ਉੱਲ ਜੇ ਕਰਕੇ ਗੱਡੀ ਦੀ ਪਿਛਲੀ ਟਾਕੀ ਤੇ ਉਲਟੀਆਂ ਕੀਤੀਆਂ ਤੇ ਬੈਸ, ਆਂਦਰਾ ਪੁੱਠੀਆਂ ਕਰਕੇ ਮੁੜਦੇ ਨੇ। ਲੱਦਾਖ ਜਾਣ ਬਾਰੇ ਸੁਨੇਹੇ ਆਏ ਪਏ ਨੇ ਕਿ ਕਦੋਂ ਜਾਈਏ? ਹੁਣ ਬੰਦ ਹੋਣ ਆਲਾ ਕੰਮ, ਅਗਲੇ ਸਾਲ ਜਾਇਓ। ਬਾਕੀ ਤਿਆਰੀ, ਰੂਟ, ਸਮਾਨ ਬਾਰੇ ਸੰਖੇਪ ਵੀਡਿਓ ਪਾਵਾਂਗੇ। ਦੁਨੀਆਂ ਦੇਖ ਲੈਣੀ ਚਾਹੀਦੀ ਆ। ਨਹੀਂ ਸਾਢੇ ਦਸ ਵਜੇ ਬੰਦਾ ਪੂਰਾ ਹੁੰਦਾ, ਸਕੀਰੀਆਂ ਆਲਿਆਂ ਨੂੰ ਫੋਨ ਮਾਰਕੇ ਪੌਣੇ ਪੰਜ ਵੱਜਦੇ ਨੂੰ ਸਿਵਿਆਂ ‘ਚ ਲਿਜਾਕੇ ਖਲਪਾੜਾਂ ਤੇ ਧਰ ਦਿੰਦੇ ਆ ਬੋਚ ਕੇ ਜੇ। ਮਿਚੇ ਜੇ ਮੂੰਹ ‘ਚ ਘਿਓ ਸਿੱਟਕੇ ਉੱਤੇ ਸਮੱਗਰੀ ਭੁੱਕਕੇ ਡੱਬੀਆਂ ਆਲੇ ਖੇਸ ਸਣੇ ਲਟ ਲਟ ਮਚਾ ਦਿੰਦੇ ਆ। ਸੋ ਭਰਾਵੋ, ਜ਼ਿੰਦਗੀ ਮਾਨਣ ਦੀ ਚੀਜ਼ ਆ, ਕੋਈ ਯਾਦ ਕਰੇ ਜਾਂ ਨਾਂ ਮੋਇਆਂ ਨੂੰ ਏਹਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। …..ਘੁੱਦਾ