ਐਡਵੋਕੇਟ ਧਾਮੀ ਨੇ ਮਜੀਠਾ ਦੇ ਪਿੰਡ ਰੁਮਾਣਾ ਚੱਕ ’ਚ ਸਰਕਾਰੀ ਸ਼ਹਿਰ ’ਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨਾ ਦੀ ਘਟਨਾ ਦਾ ਲਿਆ ਸਖ਼ਤ ਨੋਟਿਸ
- ਕਨੂੰਨ
- 04 Nov,2025
ਅੰਮ੍ਰਿਤਸਰ, 4 ਨਵੰਬਰ ਤਾਜੀਮਨੂਰ ਕੌਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਲਕਾ ਮਜੀਠਾ ਦੇ ਪਿੰਡ ਰੁਮਾਣਾ ਚੱਕ ’ਚ ਬਾਬਾ ਸਤਿੰਦਰ ਸਿੰਘ ਮੁਕੇਰੀਆ ਵਾਲਿਆਂ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਸਾਹਿਬ ’ਤੇ ਪਿੰਡ ਦੇ ਸਰਪੰਚ ਵੱਲੋਂ ਸਰਕਾਰੀ ਸ਼ਹਿ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਸਖ਼ਤ ਨੋਟਿਸ ਲੈਂਦਿਆਂ ਸਰਕਾਰ ਨੂੰ ਧਾਰਮਿਕ ਅਸਥਾਨਾਂ ਨਾਲ ਸਬੰਧਤ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਤੋਂ ਦੂਰ ਰਹਿਣ ਦੀ ਤਾੜਨਾ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਪਿੰਡ ਰੁਮਾਣਾ ਚੱਕ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਾਬਾ ਸਤਿੰਦਰ ਸਿੰਘ ਮੁਕੇਰੀਆ ਵਾਲਿਆਂ ਵੱਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਜਦਕਿ ਸਰਕਾਰ ਆਪਣੇ ਕਰਿੰਦਿਆਂ ਨੂੰ ਪ੍ਰਬੰਧ ’ਤੇ ਕਾਬਜ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਵੀ ਸੰਗਤ ਦਾ ਸਹਿਯੋਗ ਨਾ ਕਰਨਾ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਧੱਕੇਸ਼ਾਹੀ ਦੀ ਹਮਾਇਤ ਹੈ। ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸ਼ਕਤੀ ਨਾਲ ਜਬਰੀ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਸਿੱਖ ਸੰਗਤਾਂ ਦੇ ਮਨਾਂ ਅੰਦਰ ਰੋਸ ਪੈਦਾ ਕਰ ਰਹੀ ਹੈ, ਜਿਸ ਨੂੰ ਸੰਗਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ’ਤੇ ਕਬਜ਼ਿਆਂ ਦੀ ਹਰਕਤ ਬੇਹੱਦ ਗੰਭੀਰ ਮਾਮਲਾ ਹੈ, ਜਿਸ ਦੀ ਪੈਰਵਾਈ ਲਈ ਸ਼੍ਰੋਮਣੀ ਕਮੇਟੀ ਮੈਂਬਰ ਸ. ਜੋਧ ਸਿੰਘ ਸਮਰਾ ਦੀ ਵਿਸ਼ੇਸ਼ ਤੌਰ ’ਤੇ ਡਿਊਟੀ ਲਗਾਈ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖ ਧਰਮ ਦਾ ਮੂਲ ਹਨ, ਜਿਨ੍ਹਾਂ ’ਤੇ ਸਰਕਾਰੀ ਸ਼ਹਿ ’ਤੇ ਕਬਜ਼ਿਆਂ ਨੂੰ ਕੌਮ ਕਦੇ ਵੀ ਪ੍ਰਵਾਨ ਨਹੀਂ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬਾਨ ’ਚੋਂ ਗੋਲਕਾਂ ਚੁੱਕਣ ਦੇ ਬਿਆਨ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜਦੋਂ ਮਨੁੱਖਤਾ ਦੇ ਆਏ ਸੰਕਟ ਸਮੇਂ ਸਰਕਾਰਾਂ ਵੀ ਹੱਥ ਖੜ੍ਹੇ ਕਰ ਜਾਣ ਤਾਂ ਗੁਰੂ ਦੀਆਂ ਇਹੀ ਗੋਲਕਾਂ ਲੋਕਾਂ ਦੀ ਧਰਵਾਸ ਬਣਦੀਆਂ ਹਨ।
Posted By:
GURBHEJ SINGH ANANDPURI
Leave a Reply