ਸੁਲਤਾਨਪੁਰ ਲੋਧੀ-ਬਾਬੇ ਨਾਨਕ ਦੀ ਧਰਤ ਤੋਂ ਹੜ੍ਹਾਂ ਵਾਲੀ ਧਰਤ ਤੱਕ
- ਸੰਪਾਦਕੀ
- 02 Sep,2025

ਸੁਲਤਾਨਪੁਰ ਲੋਧੀ-ਬਾਬੇ ਨਾਨਕ ਦੀ ਧਰਤ ਤੋਂ ਹੜ੍ਹਾਂ ਵਾਲੀ ਧਰਤ ਤੱਕ
ਸੁਲਤਾਨਪੁਰ ਲੋਧੀ ਨੂੰ ਕੁੱਲ ਦੁਨੀਆਂ ਬਾਬੇ ਨਾਨਕ ਦੀ ਧਰਤੀ ਵਜੋਂ ਨਤਮਸਤਕ ਹੁੰਦੀ ਏ । ਹੁਣ ਸਾਡੀ ਪਛਾਣ ਹੜ੍ਹ ਮਾਰੇ ਏਰੀਏ ਵਜੋਂ ਹੋ ਰਹੀ ਏ ।
19, 23 ਤੇ ਹੁਣ 25 ਦੇ ਹੜ੍ਹ ਨੇ ਬਾਹਰਲੇ ਲੋਕਾਂ ਨੂੰ ਇਹ ਜਚਾ ਦਿੱਤਾ ਏ ਕਿ ਇੱਥੇ ਹੜ੍ਹ ਆਉਣਾ ਹੀ ਏ ।
ਸੁਲਤਾਨਪੁਰ ਲੋਧੀ ਤਹਿਸੀਲ ਕੰਬੋਜ ਭਾਈਚਾਰੇ ਦੀ ਰਾਜਧਾਨੀ ਏ । ਸਬਜੀਆਂ ਵਾਲੀ ਬੈਲਟ ਏ । ਲੋਕਾਂ ਕੋਲ ਜ਼ਮੀਨਾਂ ਘੱਟ ਨੇ ਪਰ ਮਿਹਨਤੀ ਲੋਕ ਸਮਰੱਥ ਨੇ । Three crop Pattern ਇੱਥੋਂ ਹੀ ਸ਼ੁਰੂ ਹੋਇਆ ।
ਇਸਦਾ ਅੰਦਾਜ਼ਾ ਸਹਿਕਾਰੀ ਬੈਂਕਾਂ ਦੀ ਰਿਕਵਰੀ ਤੋਂ ਸਹਿਜੇ ਪਤਾ ਲਗਦੈ ਜੋ ਪੰਜਾਬ ਵਿੱਚ ਸਭ ਤੋਂ ਵੱਧ ਏ । ਸਾਰੀਆਂ ਸਹਿਕਾਰੀ ਬੈਂਕਾਂ ਲਾਭ ਵਿੱਚ ਨੇ । ਇੱਥੋਂ ਲੋਕਾਂ ਦਾ ਮਿਹਨਤੀ ਤੇ ਇਮਾਨਦਾਰ ਵਿਵਹਾਰ ਝਲਕਦਾ ਏ ।
ਇਸ ਵਾਰ ਸਭ ਤੋਂ ਪਹਿਲਾਂ 11 ਅਗਸਤ ਨੂੰ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ ਹੜ੍ਹ ਦੀ ਖ਼ਬਰ ਆਈ । ਮੀਡੀਆ , ਪੋਰਟਲਾਂ , ਬਲੌਗਰਾਂ ਦਾ ਜਮਾਵੜਾ । ਦੁਨੀਆਂ ਭਰ ਵਿਚ ਰੌਲਾ ਪੈ ਗਿਆ ਕਿ ਸੁਲਤਾਨਪੁਰ ਡੁੱਬ ਗਿਐ।
ਲਗਤਾਰ ਹੜ੍ਹਾਂ ਦੀ ਮਾਰ ਕਾਰਨ ਲੋਕਾਂ ਦੀ ਵਿੱਤੀ ਸਿਹਤ ਉੇਪਰ ਅਸਰ ਪੈਣਾ ਸੁਭਾਵਿਕ ਏ ਪਰ ਇਸਦਾ ਜੋ ਨੁਕਸਾਨ ਸਮਾਜਿਕ ਤੌਰ ਤੇ ਹੋ ਰਿਹਾ ਏ ਉਹ ਕਿਤੇ ਵੱਡਾ ਏ ।
ਜਿਵੇਂ ਇਸ ਧਾਰਮਿਕ ਤੇ ਕੇਂਦਰੀ ਏਸ਼ੀਆ ਦੇ ਵਪਾਰਕ ਕੇਂਦਰ ਰਹੇ ਸੁਲਤਾਨਪੁਰ ਲੋਧੀ ਉੱਪਰ ਹੜ੍ਹ ਮਾਰੇ ਹੋਣ ਦਾ ਠੱਪਾ ਲੱਗ ਰਿਹਾ ਏ ਉਹਦਾ ਅਸਰ ਲੋਕਾਂ ਨੂੰ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ ਪਤਾ ਲੱਗੇਗਾ ।
ਹੜ੍ਹਾਂ ਦੀ ਮਾਰ ਨੂੰ ਸਮਝਣ ਲਈ ਇਸ ਏਰੀਏ ਦੀ ਭੂਗੋਲਿਕ ਸਥਿਤੀ ਸਮਝਣੀ ਪਵੇਗੀ । ਸ਼ਾਇਦ ਇਕਲੌਤਾ ਏਰੀਏ ਹੈ ਜਿੱਥੇ ਬਿਆਸ , ਸਤਲੁਜ , ਚਿੱਟੀ ਵੇਈਂ ਤੇ ਕਾਲੀ ਵੇਈਂ ਦਾ ਪਾਣੀ ਮਿਲਕੇ ਚੁਫੇਰਿਓਂ ਮਾਰ ਕਰਦਾ ਏ । ਇਹ ਦੋਹਾਂ ਦਰਿਆਵਾਂ ਦੇ ਵਿਚਕਾਰ ਵਾਲਾ ਏਰੀਆ ਬਣਦਾ ਏ ।
ਬਿਆਸ ਤਹਿਤ ਧਾਲੀਵਾਲ ਬੇਟ ਤੋਂ ਚੱਕ ਹਜਾਰੇ ਤੱਕ ਦਾ ਲੰਬਾ ਖੇਤਰ ਏ । ਲਗਭਗ 55 ਕਿਲੋਮੀਟਰ ਲੰਬਾ ਬਿਆਸ ਸੁਲਤਾਨਪੁਰ ਲੋਧੀ ਤਹਿਸੀਲ ਵਿੱਚੋਂ ਲੰਘਦੈ।
ਦੂਜੇ ਪਾਸੇ ਲੋਹੀਆਂ ਤੋਂ ਮਖੂ ਨੂੰ ਜਾਂਦੀ ਰੇਲ ਲਾਇਨ ਤੇ ਸੜਕ ਸੁਲਤਾਨਪੁਰ ਤੇ ਜਲੰਧਰ ਦੀ ਸ਼ਾਹਕੋਟ ਤਹਿਸੀਲ ਦੀ ਹੱਦ ਏ। ਸੜਕ ਤੋਂ ਥੋੜੀ ਦੂਰ ਸਤਲੁਜ ਏ । ਕਈ ਥਾਵਾਂ ਉੇਪਰ ਸਤਲੁਜ ਤੇ ਬਿਆਸ ਵਿੱਚ ਦੂਰੀ ਕੁਝ ਕੁ ਕਿਲੋਮੀਟਰ ਦੀ ਹੈ ਤੇ ਵਿਚਕਾਰ ਹੈ ਸੁਲਤਾਨਪੁਰ ਦਾ ਖੇਤਰ । ਇਸ ਦੂਰੀ ਵਿੱਚ ਕਾਲੀ ਵੇਈਂ ਵੀ ਵਹਿੰਦੀ ਏ ।
ਜਦ 19 ਵਿੱਚ ਹੜ੍ਹ ਆਏ ਤਾਂ ਬਿਆਸ ਤੋਂ ਬਚ ਗਏ ਪਰ ਸਤਲੁਜ ਦਾ ਜਲੰਧਰ ਜ਼ਿਲ੍ਹੇ ਵਿੱਚ ਲੋਹੀਆਂ ਨੇੜੇ ਟੁੱਟਿਆ ਬੰਨ੍ਹ ਸੁਲਤਾਨਪੁਰ ਦੇ ਪਿੰਡਾਂ ਨੂੰ ਮਾਰ ਗਿਆ ।
ਸ਼ਾਇਦ ਇਹ ਇਤਿਹਾਸ ਵਿੱਚ ਕਿਤੇ ਮਿਸਾਲ ਨਾ ਹੋਵੇ ਕਿ ਜਦ ਸਤਲੁਜ ਦਾ ਪਾਣੀ ਬੰਨ੍ਹ ਤੋੜਕੇ ਪਹਿਲਾਂ ਸੁਲਤਾਨਪੁਰ ਦੇ ਮੁੱਢ ਕਾਲੀ ਵੇਈਂ ਵਿੱਚ ਆਇਆ ਤੇ ਕਾਲੀ ਵੇਈਂ ਬਿਆਸ ਦੀ ਟ੍ਰਿਬਿਊਟਰੀ ਹੋਣ ਕਰਕੇ ਪਾਣੀ ਬਿਆਸ ਵਿੱਚ ਗਿਆ ਹੋਵੇ ।
ਬਾਊਪੁਰ ਦਾ ਨਾਂ ਹੁਣ ਦੁਨੀਆ ਜਾਣਦੀ ਏ । ਇਹ ਸ਼ਾਇਦ ਪੰਜਾਬ ਦਾ ਇਕਲੌਤਾ ਟਾਪੂ ਏ ਜੋ ਲਗਭਗ 8000 ਏਕੜ ਵਿੱਚ ਫੈਲਿਆ ਏ । ਜਿਸ ਅੰਦਰ 16 ਪਿੰਡ ਨੇ । ਆਬਾਦੀ 5600 ਦੇ ਕਰੀਬ ਏ । ਸੜਕਾਂ ਨੇ , ਸਕੂਲ ਨੇ । ਜਦ ਵੀ ਪਾਣੀ ਚੜ੍ਹਦਾ ਏ ਤਾਂ ਇਹ ਟਾਪੂ ਹੜ੍ਹਦਾ ਏ ।
ਵੈਸੇ ਵੀ ਸੁਲਤਾਨਪੁਰ ਲੋਧੀ ਦਾ ਪੂਰੇ ਪੰਜਾਬ ਵਿਚ ਮੰਡ ( ਧੁੱਸੀ ਬੰਨ੍ਹ ) ਦੇ ਅੰਦਰ ਦਾ ਖੇਤਰ ਸਭ ਤੋਂ ਵੱਧ ਲਗਭਗ 25000 ਏਕੜ ਏ । ਮੰਡ ਖੇਤਰ ਦੇ 46 ਪਿੰਡ ਨੇ । 30 ਬੇਚਿਰਾਗ ਨੇ । ਵੈਸੇ ਸੁਲਤਾਨਪੁਰ ਵਿੱਚ 37 ਪਿੰਡ ਬੇਚਿਰਾਗ਼ ਨੇ ਜੋ ਪੰਜਾਬ ਵਿਚ ਸਭ ਤੋਂ ਵੱਧ ਨੇ ।
ਹਾਲਾਂਕਿ ਸੁਲਤਾਨਪੁਰ ਲੋਧੀ ਦੀ 95 ਫੀਸਦੀ ਆਬਾਦੀ ਸਿੱਧੇ ਤੌਰ ਤੇ ਹੜ੍ਹ ਤੋਂ ਬਚੀ ਏ ਪਰ ਫ਼ਸਲਾਂ ਦਾ ਨੁਕਸਾਨ ਸਭ ਤੋਂ ਵੱਧ । ਪ੍ਰਭਾਵਿਤ ਬਾਊਪੁਰ ਦੇ ਟਾਪੂ ਵਿਚ ਮਾਲ ਡੰਗਰ, ਤੂੜੀ ਤੰਦ ਰੁੜ੍ਹਿਆ ਏ । ਘਰ ਡਿੱਗੇ ਨੇ ।
ਵਿੱਤੀ ਨੁਕਸਾਨ ਬਹੁਤ ਵੱਡਾ ਹੋਇਆ ਏ । ਹੜ੍ਹ ਪੀੜ੍ਹਤ ਟੁੱਟੇ ਨੇ । ਪਰ ਮਿਹਨਤੀ ਲੋਕ ਨੇ । ਉੱਠਣਗੇ ਬਹੁਤ ਜਲਦ । ਹਲ ਵਾਹੁਣਗੇ । ਫ਼ਸਲ ਬੀਜਣਗੇ , ਵੱਢਣਗੇ ਤੇ ਬਾਬੇ ਨਾਨਕ ਦਾ ਸ਼ੁਕਰ ਕਰਨਗੇ ।
ਪਰ ਅਰਜੋਈ ਏ ਕਿ ਬਾਬੇ ਨਾਨਕ ਦੀ ਧਰਤੀ ਨੂੰ ਹੜ੍ਹਾਂ ਮਾਰੀ ਧਰਤ ਦੀ ਪੁੱਠ ਨਾ ਚਾੜ੍ਹੀ ਜਾਵੇ ।
ਸੁਬੇਗ ਸਿੰਘ ਧੰਜੂ
97800-33132
1 ਸਤੰਬਰ 2025
Posted By:

Leave a Reply