ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਨੇ ਦਿੱਤਾ ਆਪਣਾ ਸਪੱਸ਼ਟੀਕਰਨ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਨੇ ਦਿੱਤਾ ਆਪਣਾ ਸਪੱਸ਼ਟੀਕਰਨ

ਸ੍ਰੀ ਅੰਮ੍ਰਿਤਸਰ, 15 ਜਨਵਰੀ ਕੰਵਰਪ੍ਰਤਾਪ ਸਿੰਘ 
 

ਪਿਛਲੇ ਸਮੇਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਤੇ ਸਰਬਉੱਚਤਾ, ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਤੇ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਤਿ-ਇਤਰਾਜ਼ਯੋਗ ਗਤੀਵਿਧੀ ਕਰਦਿਆਂ ਦੀ ਸਾਹਮਣੇ ਆਈ ਵੀਡੀਓ ਦੇ ਮਾਮਲਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪੱਸ਼ਟੀਕਰਨ ਦੇਣ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਨਮੁਖ ਪੇਸ਼ ਹੋਏ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵੀ ਮੌਜੂਦ ਸਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ. ਭਗਵੰਤ ਸਿੰਘ ਪਾਸੋਂ ਉਨ੍ਹਾਂ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਵਿੱਚ ਲੱਗੇ ਵੱਖ-ਵੱਖ ਦੋਸ਼ਾਂ ਦਾ ਇੱਕ-ਇੱਕ ਕਰਕੇ ਸਪੱਸ਼ਟੀਕਰਨ ਲਿਆ ਗਿਆ ਹੈ।
ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਨੂੰ ਉਨ੍ਹਾਂ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਦੇ ਮਾਮਲਿਆਂ ਵਿੱਚ ਸੱਦਿਆ ਗਿਆ ਸੀ, ਜਿਸ ਉੱਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਸਮਰਪਣ ਭਾਵ ਨਾਲ ਪ੍ਰਵਾਨ ਕਰਦਿਆਂ ਇਹ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਵੱਲੋਂ ਬੀਤੇ ਸਮੇਂ ਕੁਝ ਗਲਤ ਬਿਆਨੀਆਂ ਹੋਈਆਂ ਹਨ ਅਤੇ ਉਨ੍ਹਾਂ ਸਬੰਧੀ ਸਾਹਮਣੇ ਆਈ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਲਈ ਸਹਿਮਤੀ ਵੀ ਪ੍ਰਗਟਾਈ ਹੈ। 
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਪੰਜਾਬ ਸੂਬੇ ਦੇ ਮੁਖੀ ਵਜੋਂ ਇੱਕ ਸੰਵਿਧਾਨਕ ਅਹੁਦੇ ਉੱਤੇ ਬੈਠੇ ਹਨ, ਜਿਸ ਨੂੰ ਸੰਭਾਲਣ ਲਈ ਉਨ੍ਹਾਂ ਨੇ ਸਹੁੰ ਚੁੱਕਣ ਵੇਲੇ ਧਰਮ ਨਿਰਪੱਖ ਰਹਿਣ ਦਾ ਪ੍ਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਸੂਬੇ ਅੰਦਰ ਮੌਜੂਦ ਹਰ ਧਰਮ ਦਾ ਤਰਜਮਾਨ ਹੁੰਦਾ ਹੈ ਅਤੇ ਸ. ਭਗਵੰਤ ਸਿੰਘ ਵੱਲੋਂ ਬੀਤੇ ਸਮੇਂ ਸਿੱਖ ਧਰਮ ਦੀਆਂ ਰਵਾਇਤਾਂ, ਦਸਵੰਧ ਦੇ ਸਿਧਾਂਤ ਗੁਰੂ ਕੀ ਗੋਲਕ, ਮਰਯਾਦਾ, ਸਿਧਾਂਤਾਂ ਅਤੇ ਅੰਦਰੂਨੀ ਮਾਮਲਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਉਚਿਤ ਨਹੀਂ ਹਨ, ਜੋ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀਆਂ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਗੱਲ ਤੋਂ ਵਰਜਿਆ ਗਿਆ ਹੈ ਕਿ ਉਹ ਅਗਾਂਹ ਤੋਂ ਸਿੱਖ ਰਵਾਇਤਾਂ, ਗੁਰੂ ਕੀ ਗੋਲਕ, ਮਰਯਾਦਾ, ਸਿਧਾਂਤਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਬਾਰੇ ਇਸ ਤਰ੍ਹਾਂ ਨਾ ਬੋਲਣ। 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਵੀ ਸਪੱਸ਼ਟੀਕਰਨ ਦਿੱਤਾ ਹੈ ਉਸ ਨੂੰ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮਦਨ ਅਤੇ ਖਰਚਿਆਂ ਨਾਲ ਸਬੰਧਤ ਚਿੱਠਿਆਂ ਦਾ ਰਿਕਾਰਡ ਪ੍ਰਕਾਸ਼ਿਤ ਕਰਨ ਵਾਲੇ ਮਾਸਿਕ ਗੁਰਦੁਆਰਾ ਗਜ਼ਟ ਰਸਾਲੇ ਦੀ ਕਾਪੀ ਵੀ ਵਿਸ਼ੇਸ਼ ਤੌਰ ਉੱਤੇ ਦਿੰਦਿਆਂ ਆਖਿਆ ਕਿ ਉਹ ਇਨ੍ਹਾਂ ਇਤਿਹਾਸਕ ਦਸਤਾਵੇਜ਼ਾਂ ਨੂੰ ਜ਼ਰੂਰ ਪੜ੍ਹਣ ਅਤੇ ਸਮਝਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੂੰ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਬਿਨਾਂ ਜਾਣਕਾਰੀ ਮਰਯਾਦਾ ਦੇ ਸਬੰਧ ਵਿੱਚ ਕੁਝ ਨਹੀਂ ਬੋਲਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਨਾਲ ਸਬੰਧਤ ਸਾਹਮਣੇ ਆਈ ਵੀਡੀਓ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਆਖਿਆ ਗਿਆ ਹੈ ਕਿ ਉਹ ਪੰਜਾਬ ਸਰਕਾਰ ਦੀ ਤਰਫ਼ੋਂ ਕੋਈ ਦੋ ਫੋਰੈਂਸਿਕ ਲੈਬਾਂ ਦੱਸਣ ਜਿੱਥੋਂ ਵੀਡੀਓ ਦੀ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫ਼ੋਂ ਸੁਝਾਈ ਜਾਣ ਵਾਲੀ ਲੈਬਾਂ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੇ ਤੌਰ ਉੱਤੇ ਵੀ ਮੁੱਖ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਉਸ ਨੂੰ ਖ਼ਾਲਸਾ ਪੰਥ ਦੇ ਸਨਮੁਖ ਰੱਖ ਕੇ, ਅਗਲਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਉਂਕਿ ਵੀਡੀਓ ਵਾਲਾ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਕਿਸੇ ਦੀ ਵੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ ਇਸ ਲਈ ਇਸਦੀ ਦੀ ਫੋਰੈਂਸਿਕ ਜਾਂਚ ਜ਼ਰੂਰੀ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਬਉੱਚ ਅਸਥਾਨ ਹੈ ਜਿੱਥੋਂ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਨਹੀਂ ਰੱਖੀ ਜਾਂਦੀ ਅਤੇ ਜੋ ਵੀ ਇੱਥੇ ਨਿਮਰਤਾ ਨਾਲ ਆਉਂਦਾ ਹੈ ਉਸ ਦੀ ਗੱਲ ਸੁਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਵਿਚਾਰ ਗੋਸ਼ਟੀ ਨਾਲ ਜੋੜਿਆ ਹੈ, ਜਿਸ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਕਾਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਬਹੁਤ ਹੀ ਚੰਗੇ ਮਾਹੌਲ ਵਿੱਚ ਸਾਰੀ ਗੱਲਬਾਤ ਹੋਈ ਹੈ ਅਤੇ ਉਹ ਆਪਣਾ ਪੱਖ ਰੱਖ ਕੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਾਜ ਸੱਤਾ ਵਿੱਚ ਉੱਚ ਅਹੁਦਿਆਂ ਉੱਤੇ ਬੈਠਾ ਆਗੂ ਸਿੱਖ ਰਵਾਇਤਾਂ ਤੇ ਮਰਯਾਦਾ ਵਿਰੁੱਧ ਕੋਈ ਐਸੀ ਗਲਤੀ ਕਰੇ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਫ਼ਰਜ਼ ਹੈ ਕਿ ਇਸ ਦਾ ਗੰਭੀਰ ਨੋਟਿਸ ਲੈ ਕੇ ਸਬੰਧਤ ਕੋਲੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਇਸ ਸੰਜੀਦਾ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਵੀ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਬਿਨਾਂ ਸਹੀ ਤੱਥਾਂ ਦੇ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਸਭ ਨੂੰ ਇਹ ਆਦੇਸ਼ ਕੀਤਾ ਜਾ ਚੁੱਕਾ ਹੈ ਇਸ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਵੀ ਸਿਆਸਤ ਨਾ ਕੀਤੀ ਜਾਵੇ ਅਤੇ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ ਦਾ ਗੰਭੀਰ ਨੋਟਿਸ ਲਿਆ ਜਾਵੇਗਾ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਆਪਣੀ ਪੇਸ਼ੀ ਮੌਕੇ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਸਬੰਧੀ ਕੁਝ ਦਸਤਾਵੇਜ਼ ਦਿੱਤੇ ਗਏ ਹਨ ਜੋ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਨੇ ਪ੍ਰਾਪਤ ਕਰ ਲਏ ਹਨ ਅਤੇ ਇਨ੍ਹਾਂ ਦੀ ਘੋਖ ਉਪਰੰਤ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਜਾਵੇਗਾ।

Ali Imran Chattha
Ali Imran Chattha
00923000688240
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.