ਕਸਬਾ ਚੋਹਲਾ ਸਾਹਿਬ ਵਿਖੇ ਕਰਿਆਨਾ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
- ਅਪਰਾਧ
- 05 Jan, 2026 04:23 PM (Asia/Kolkata)
ਨਗਦੀ,ਦੇਸੀ ਘਿਓ ਤੇ ਹੋਰ ਕੀਮਤੀ ਸਮਾਨ ਕੀਤਾ ਚੋਰੀ
ਅਣਪਛਾਤੇ ਚੋਰਾਂ ਦੀ ਪਛਾਣ ਕਰਕੇ ਜਲਦ ਕੀਤਾ ਜਾਵੇਗਾ ਕਾਬੂ- ਐਸਐਚਓ ਰਾਜ ਕੁਮਾਰ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਜਨਵਰੀ
ਕਸਬਾ ਚੋਹਲਾ ਸਾਹਿਬ ਦੇ ਰੂੜੀਵਾਲਾ ਵਾਲੇ ਬਜਾਰ ਦੇ ਮੇਨ ਚੌਂਕ ਵਿੱਚ ਸਥਿਤ ਅਰੋਡ਼ਾ ਕਰਿਆਨਾ ਸਟੋਰ ਨੂੰ ਚੋਰਾਂ ਵਲੋਂ ਐਤਵਾਰ ਅੱਧੀ ਰਾਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੀ ਛੱਤ ਰਾਹੀਂ ਤਿੰਨ ਦਰਵਾਜਿਆਂ ਨੂੰ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ।

ਬਜਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਨਜ਼ਰ ਆ ਰਹੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਚੋਰ ਮੇਨ ਸੜਕ ਰਾਹੀਂ ਦੁਕਾਨ ਦੀ ਛੱਤ ਉੱਪਰ ਚੜ੍ਹਦੇ ਦਿਖਾਈ ਦਿੰਦੇ ਹਨ ਅਤੇ ਕਰੀਬ ਇੱਕ ਘੰਟਾ ਦੁਕਾਨ ਦੇ ਅੰਦਰ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਦੁਕਾਨਦਾਰ ਵਲੋਂ ਇਸ ਚੋਰੀ ਸੰਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਸੂਚਨਾ ਦਿੱਤੀ ਗਈ ਹੈ।ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ 'ਤੇ ਪੁੱਜੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੇ ਜਾਂਚ ਸ਼ੁਰੁ ਕਰ ਦਿੱਤੀ ਹੈ।ਦੁਕਾਨ ਦੇ ਮਾਲਕ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਰੂੜੀਵਾਲਾ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਆਪਣੇ ਘਰ ਚਲੇ ਗਏ ਅਤੇ ਸੋਮਵਾਰ ਸਵੇਰੇ ਜਦ ਦੁਕਾਨ ਖੋਲ੍ਹੀ ਤਾਂ ਉਨ੍ਹਾਂ ਨੂੰ ਦੁਕਾਨ ਅੰਦਰ ਚੋਰੀ ਹੋਣ ਦਾ ਪਤਾ ਚੱਲਿਆ।ਉਨ੍ਹਾਂ ਦੱਸਿਆ ਕਿ ਦੁਕਾਨ ਵਿਚੋਂ 2 ਟੀਨ ਦੇਸੀ ਘਿਓ,50 ਪੈਕਟ ਦੇ ਕਰੀਬ ਸਿਫਤੀ ਦੇਸੀ ਘਿਓ, ਮਹਿੰਗਾ ਡਰਾਈਫਰੂਟ ਤੇ ਹੋਰ ਵਸਤੂਆਂ ਤੋਂ ਇਲਾਵਾ ਗੱਲੇ ਵਿੱਚੋਂ ਕਰੀਬ ਚਾਲੀ ਹਜ਼ਾਰ ਰੁਪਏ ਦੀ ਨਗਦੀ ਤੇ ਸਿੱਕੇ ਚੋਰੀ ਕਰ ਲਏ ਗਏ।

ਮੌਕੇ 'ਤੇ ਜਾਂਚ ਕਰਨ ਲਈ ਪੁੱਜੇ ਥਾਣਾ ਚੋਹਲਾ ਸਾਹਿਬ ਦੇ ਮੁਖੀ ਐਸਐਚਓ ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਬੰਧੀ ਬਜਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਚੋਰਾਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Leave a Reply