ਆਓ, ਸਾਹਿਬਜ਼ਾਦਿਆਂ ਦੇ ਵਾਰਸ ਬਣੀਏ!
- ਸੰਪਾਦਕੀ
- 25 Dec, 2025 09:29 PM (Asia/Kolkata)
ਇਸ ਮਹੀਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਸਮੁੱਚੀ ਸਿੱਖ ਕੌਮ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਧਰਮ, ਇਤਿਹਾਸ, ਸੱਭਿਆਚਾਰ, ਮਰਯਾਦਾ, ਸਿਧਾਂਤ, ਪ੍ਰੰਪਰਾਵਾਂ, ਰਵਾਇਤਾਂ, ਫ਼ਲਸਫ਼ੇ ਅਤੇ ਵਿਰਸੇ ਤੋਂ ਜਾਣੂੰ ਕਰਾਵਾਂਗੇ। ਸਾਡੇ ਬੱਚੇ ਅੱਜ ਘੋੜ ਸਵਾਰੀ, ਨੇਜਾ-ਬਾਜ਼ੀ, ਤੀਰ ਕਮਾਨ, ਚੋਲ਼ਾ-ਦੁਮਾਲਾ, ਸ਼ਸਤਰ ਅਤੇ ਸ਼ਾਸਤਰ ਵਿੱਦਿਆ ਤੋਂ ਪੂਰੀ ਤਰ੍ਹਾਂ ਅਨਜਾਣ ਹਨ। ਬੜੀ ਤ੍ਰਾਸਦੀ ਵਾਲ਼ੀ ਗੱਲ ਹੈ ਕਿ ਬੱਚਿਆਂ ਨੂੰ ਅੱਜ ਫ਼ਿਲਮੀ ਨਾਇਕ ਹੈਰੀ ਪੋਟਰ, ਸਪਾਈਡਰਮੈਨ ਤੇ ਛੋਟਾ ਭੀਮ ਬਾਰੇ ਤਾਂ ਪਤਾ ਹੈ ਪਰ ਸਿੱਖ ਕੌਮ ਦੇ ਅਸਲੀ ਨਾਇਕਾਂ ਭਾਵ ਦੋ ਵੱਡੇ ਸਾਹਿਬਜ਼ਾਦਿਆਂ ਦੀਆਂ ਚਮਕੌਰ ਦੀ ਗੜ੍ਹੀ ’ਚ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਨੀਂਹਾਂ ’ਚ ਚਿਣ ਕੇ ਹੋਈਆਂ ਸ਼ਹਾਦਤਾਂ ਬਾਰੇ ਨਹੀਂ ਪਤਾ। ਬੱਚਿਆਂ ਨੂੰ ਮਿਰਜ਼ਾ-ਸਾਹਿਬਾ, ਸੋਹਣੀ-ਮਹੀਵਾਲ ਅਤੇ ਸੱਸੀ-ਪੁਨੂੰ ਜਿਹੀਆਂ ਕਹਾਣੀਆਂ ਤਾਂ ਯਾਦ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲ਼ੀਆ, ਮਹਾਰਾਜਾ ਰਣਜੀਤ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਨਹੀਂ ਪਤਾ। ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਇਤਿਹਾਸ ਨਾਲ਼ ਜੋੜੀਏ ਤੇ ਅਸੀਂ ਸਾਰੇ ਕੇਸਾਧਾਰੀ, ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਜੂਝੀਏ ਤੇ ਨਸ਼ਿਆਂ ਅਤੇ ਪਤਿਤਪੁਣੇ ਨੂੰ ਖ਼ਤਮ ਕਰ ਕੇ ਸਾਹਿਬਜ਼ਾਦਿਆਂ ਦੇ ਸਹੀ ਸ਼ਬਦਾਂ ’ਚ ਕੌਮੀ ਵਾਰਸ ਬਣੀਏ।
Leave a Reply