ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼- ਸਰਬਜੀਤ ਸਿੰਘ ਸੈਕਰਾਮੈਂਟੋ

ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼- ਸਰਬਜੀਤ ਸਿੰਘ ਸੈਕਰਾਮੈਂਟੋ

ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼ 
ਸਰਬਜੀਤ ਸਿੰਘ ਸੈਕਰਾਮੈਂਟੋ
 

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹਨ। ਇਸ ਦਾ ਕਾਰਨ ਇਹ ਹੈ ਕਿ ਜਿਹੜੀਆਂ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਵਦੀ-ਸੁਦੀ ਵਿੱਚ ਦਰਜ ਹਨ, ਉਨ੍ਹਾਂ ਨੂੰ ਲਿਖਣ ਵੇਲੇ ਵਦੀ-ਸੁਦੀ ਦੇ ਭੁਲੇਖੇ ਕਾਰਨ ਜਾਂ ਪ੍ਰਵਿਸ਼ਟਿਆਂ ਅਤੇ ਅੰਗਰੇਜੀ ਤਾਰੀਖਾਂ ਵਿੱਚ ਬਦਲੀ ਕਰਨ ਵੇਲੇ ਹੋਈਆਂ ਉਕਾਈਆਂ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਬਾਰੇ ਕੋਈ ਮੱਤ ਭੇਦ ਨਹੀਂ ਹੈ। ਕਈ ਵਿਦਵਾਨਾਂ ਦਾ ਮੱਤ ਹੈ ਕਿ ਇਹ ਸਾਕਾ ਸੰਮਤ 1761 ਬਿਕ੍ਰਮੀ (1704 ਈ:) ਵਿੱਚ ਵਾਪਰਿਆ ਸੀ ਅਤੇ ਕਈਆਂ ਦਾ ਮੰਨਣਾ ਹੈ ਕਿ ਇਹ ਸੰਮਤ 1762 ਬਿਕ੍ਰਮੀ (1705 ਈ:) ਵਿੱਚ ਵਾਪਰਿਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ, ਪੋਹ ਮਹੀਨੇ ਦੇ ਇਤਿਹਾਸ ਨੂੰ ਮੁੱਖ ਰੱਖ ਕੇ ਛਪੇ ਲੇਖਾਂ ਵਿੱਚ, ਵੱਖ-ਵੱਖ ਲੇਖਕਾਂ ਵੱਲੋਂ ਵੱਖ-ਵੱਖ ਸਾਲ ਦਰਜ ਕੀਤੇ ਗਏ ਹਨ। ਇਕ ਅਖ਼ਬਾਰ ਵਿੱਚ ਇਕ ਲੇਖਕ ਨੇ ਤਾਂ 1704 ਈ: ਲਿਖਿਆ ਹੈ ਅਤੇ ਦੂਜੇ ਲੇਖਕ ਨੇ 1705 ਈ:। 
ਡਾ ਹਰੀ ਰਾਮ ਗੁਪਤਾ ਜੀ ਲਿਖਦੇ ਹਨ, “The Chose a mud-built double storied house with a large open compound. One of its two owners offered his portion. The Guru and his Sikh hurried into it. It took Place in the evening on December 21, 1704”. (History of the Sikhs- Volume 1, Page 293) 1704 ਈ: ਮੁਤਾਬਕ ਸੰਮਤ 1761 ਬਿਕ੍ਰਮੀ ਬਣਦਾ ਹੈ, ਪਰ 21 ਦਸੰਬਰ ਤਾਰੀਖ ਠੀਕ ਨਹੀਂ। ਕਿਉਂਕਿ 1704 ਈ: ਜੂਲੀਅਨ ਹੈ। 
ਇਸੇ ਕਿਤਾਬ ਦੇ ਪੰਨਾ 295 ਉਪਰ ਡਾ ਹਰੀ ਰਾਮ ਗੁਪਤਾ ਲਿਖਦਾ ਹੈ, “In a few hours on a single day, the 39th birthday of the Guru”. ਇਸ ਹਿਸਾਬ ਨਾਲ ਇਹ 1705 ਈ: ਬਣਦਾ ਹੈ। “It was the seventh day of the moon-lit-half month (magh shudi 7 samvat 1761).” (Page 296) ਹੁਣ ਇਥੇ ਸੰਮਤ 1761 ਬਿਕ੍ਰਮੀ ਮੁਤਾਬਕ, ਮਾਘ ਸੁਦੀ 7, ਨੂੰ 23 ਮਾਘ, 20 ਜਨਵਰੀ 1705 ਈ: ਬਣਦੀ ਹੈ। ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਡਾ ਹਰੀ ਰਾਮ ਵੀ ਤਾਰੀਖਾਂ ਵਿੱਚ ਉਲਝ ਗਿਆ ਹੈ।
ਡਾ ਗੰਡਾ ਸਿੰਘ ਜੀ ਲਿਖਦੇ ਹਨ, “ਗੁਰੂ ਜੀ ਨੇ ਕਿਹਾ ਕਿ ਕੁਝ ਦਿਨ ਹੋਰ ਕੱਢੋ, ਪਰ ਜਦ ਕੁਝ ਬਣਦਾ ਨਾ ਡਿੱਠਾ ਅਤੇ ਬਹੁਤ ਸਾਰੇ ਸਿੱਖਾਂ ਦਾ ਭੀ ਇਹ ਵਿਚਾਰ ਹੋ ਗਿਆ ਤਾਂ ਅੰਤ ਗੁਰੂ ਜੀ ਨੇ ਇਨ੍ਹਾਂ ਸਾਰਿਆਂ ਦੀ ਸਲਾਹ ਮੰਨ ਕੇ ਆਨੰਦਗ੍ਹੜ ਛੱਡ ਦੇਣ ਦਾ ਫੈਸਲਾ ਕਰ ਲਿਆ। ਇਸੇ 6-7 ਪੋਹ, ਸੰਮਤ 1762 ਬਿਕਰਮੀ, 5-6 ਦਸੰਬਰ, ਸਨ 1705, ਦੀ ਰਾਤ ਨੂੰ ਆਨੰਦਪੁਰ ਖਾਲੀ ਕਰ ਦਿੱਤਾ” ... ਪੋਹ ਸੁਦੀ ਦੂਜ, 7 ਪੋਹ ਨੂੰ ਸ਼ਾਹੀ ਟਿੱਬੀ ਅਤੇ ਸਰਸਾ ਨਦੀ ਪਰ ਘਮਸਾਨ ਦੀ ਲੜਾਈ ਹੋਈ” । (ਸ਼੍ਰੀ ਗੁਰ ਸੋਭਾ, ਪੰਨਾ 29)
ਹੁਣ ਜੇ ਡਾ ਗੰਡਾ ਸਿੰਘ ਜੀ ਵੱਲੋਂ ਦਰਜ, “ਪੋਹ ਸੁਦੀ ਦੂਜ, 7 ਪੋਹ” ਨੂੰ ਸਹੀ ਮੰਨ ਲਿਆ ਜਾਵੇ ਤਾਂ ਇਹ 8 ਪੋਹ, ਸੰਮਤ 1762 ਬਿਕ੍ਰਮੀ ਮੁਤਾਬਕ, 7 ਦਸੰਬਰ 1705 ਈ: (ਜੂਲੀਅਨ) ਬਣਦੀ ਹੈ। 
ਡਾ ਸੁਖਦਿਆਲ ਸਿੰਘ ਜੀ, ‘ਸ਼੍ਰੋਮਣੀ ਸਿੱਖ ਇਤਿਹਾਸ’ ਵਿੱਚ ਲਿਖਦੇ ਹਨ, “ਇਸ ਤਰ੍ਹਾਂ 6-7 ਪੋਹ ਸੰਮਤ 1762 ਬਿ: ਮੁਤਾਬਕ 5-6 ਦਸੰਬਰ 1705 ਈ: ਦੀ ਰਾਤ ਨੂੰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਰੋਪੜ ਦੀ ਤਰ਼ਫ ਨੂੰ ਰਵਾਨਾ ਹੋ ਗਏ”। (ਪੰਨਾ 273
ਡਾ ਸੁਖਦਿਆਲ ਸਿੰਘ ਆਪਣੀ ਇਕ ਹੋਰ ਲਿਖਤ, “ਗੁਰੂ ਗੋਬਿੰਦ ਸਿੰਘ (ਯਾਤਰਾ ਅਸਥਾਨ, ਪਰੰਪਰਾਵਾਂ ਅਤੇ ਯਾਦ ਚਿੰਨ) ਇਕ ਸਰਵੇਖਣ” ਵਿੱਚ ਸਾਲ 1704 ਈ: ਲਿਖਦੇ ਹਨ। (ਪੰਨਾ 49-62) 
ਡਾ ਹਰਜਿੰਦਰ ਸਿੰਘ ਦਿਲਗੀਰ, ‘ਸਿੱਖ ਤਵਾਰੀਖ’ (1469-1708) ਵਿੱਚ ਲਿਖਦੇ ਹਨ, “10 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨਹਾਂ ਹਰੇ ਕਪੜਿਆ ਨੂੰ ਨੀਲ ਬਸਤਰ ਕਹਿੰਦੇ ਸਨ) ਪਹਿਨ ਕੇ ਅਜਮੇਰ ਦੇ ਕਾਜੀ ਚਰਾਗ ਦੀਨ ਤੇ ਚਾਰ ਹੋਰ ਮੁਸਲਮਾਣ ਮੁਰੀਦਾਂ ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ” (ਪੰਨਾ 337)
ਡਾ ਤਰਲੋਚਨ ਸਿੰਘ, ‘ਸੰਖੇਪ ਜੀਵਨ ਗੁਰੂ ਗੋਬਿੰਦ ਸਿੰਘ’ ਵਿੱਚ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ 7 ਪੋਹ ਸੁਦੀ ਦੂਜ ਸੰਮਤ 1762 ਬਿ: (6 ਦਸੰਬਰ 1705 ਈ:) ਤੋਂ ਪੂਰੀ ਤਿਆਰੀ ਕਰ ਕੇ ਕੂਚ ਕਰ ਦਿੱਤਾ” (ਪੰਨਾ 47) ਹੋਰ ਕਈ ਤਾਰੀਖਾਂ ਵਾਗੂੰ, ਡਾ ਤਰਲੋਚਨ ਸਿੰਘ ਇਥੇ ਵੀ ਉਲਝ ਗਿਆ ਹੈ। 6 ਦਸੰਬਰ 1705 ਈ: ਨੂੰ ਪੋਹ ਸੁਦੀ ਇਕ ਸੀ। 
ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉਪਰ ਵੀ 1705 ਈ: ਭਾਵ ਸੰਮਤ 1762 ਬਿ: ਹੀ ਦਰਜ ਹੈ, “Sri Guru Gobind Singh Ji’s two younger sons, Zorawar Singh (b. 1696) and Fateh Singh (b.1699), and his mother, Mata Gujari, were after the evacuation of Anandpur betrayed by their old servant and escort, Gangu, to the faujdar of Sirhind, who had the young children executed on 13 December 1705”. (SGPC.net) (13 ਪੋਹ 1762 ਬਿ: ਵਾਲੇ ਦਿਨ 12 ਦਸੰਬਰ ਸੀ)
ਸੰਮਤ 1762 ਬਿ: (1705 ਈ:) ਲਿਖਣ ਵਾਲਿਆ ਦਾ ਵਸੀਲਾ ਭੱਟ ਵਹੀਆਂ ਹਨ, “ਜੀਵਨ ਸਿੰਘ ਬੇਟਾ ਆਗਿਆ ਕਾ ਪੋਤਾ ਦੁੱਲੇ ਕਾ... ਬਾਸੀ ਦਿੱਲੀ, ਮੁਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੇ ਗੈਲ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ...ਰਾਣੇ ਕੀ ਫੌਜ ਗੈਲ ਦਸ ਘਰੀ ਜੂਝ ਕੇ ਮਰਾ” (ਸਿੱਖ ਤਵਾਰੀਖ 1469-1708, ਪੰਨ 333) (ਪੋਖ ਮਾਸੇ ਸੁਦੀ ਦੂਜ ਨੂੰ ਦਿਨ ਵੀਰਵਾਰ ਨਹੀਂ ਸ਼ੁੱਕਰਵਾਰ ਸੀ) 
ਸੰਮਤ ਸਤਰਾਂ ਸੈ ਬਾਸਠ ਜੇਠ ਦਿਹੁੰ ਪਾਂਚ ਗਏ ਅਨੰਦਪੁਰ ਗਾਮ ਕੋ ਚਵ੍ਹਾਂ-ਦਿਸ਼ਾ ਸੇ ਘੇਰ ਲਿਆ।... ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਪਾਂਚ ਗਏ ਦੱਖਨ ਦਿਸ਼ਾ ਸੇ ਸ਼ਾਹੀ ਕਾਜੀ ਬਾਦਸ਼ਾਹੀ ਪਰਵਾਨਾ ਲੈ ਕੇ ਕਿਲਾ ਅਨੰਦ ਗਢ ਆਇ ਗਿਆ” (ਪਿਆਰਾ ਸਿੰਘ ਪਦਮ, ਗੁਰੂ ਕੀਆਂ ਸਾਖੀਆਂ ਪੰਨਾ 152)
ਇਹ ਸਾਰੇ ਹਵਾਲੇ ਵੇਖ ਕੇ ਤਾਂ ਇਹ ਮੰਨਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇਹ ਇਤਿਹਾਸਿਕ ਵਾਕਿਆ, ਸੰਮਤ 1762 ਬਿਕ੍ਰਮੀ (1705 ਈ:) ਵਿੱਚ ਹੀ ਵਾਪਰਿਆ ਹੋਵੇਗਾ। ਪਰ...
ਸਾਰੇ ਇਤਿਹਾਸਕਾਰ ਇਸ ਗੱਲ ਤੇ ਵੀ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਬਾਦਸ਼ਾਹ ਔਰੰਗਜੇਬ ਨੂੰ ਫ਼ਾਰਸੀ ਵਿੱਚ ਇਕ ਪੱਤਰ ਲਿਖਿਆ ਸੀ ਜਿਸ ਨੂੰ ‘ਜ਼ਫ਼ਰਨਾਮਾ’ ਭਾਵ ਜਿੱਤ ਦਾ ਪੱਤਰ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਵਿੱਚ ਚਮਕੌਰ ਦੀ ਜੰਗ, ਸਾਕਾ ਸਰਹਿੰਦ ਅਤੇ ਉਸ ਤੋਂ ਪਹਿਲਾਂ ਦੇ ਹਾਲਤ ਦਾ ਬੜੀ ਬਰੀਕੀ ਨਾਲ ਵਰਣਨ ਕੀਤਾ ਹੈ। ਉਸ ਵਿੱਚ ਗੁਰੂ ਸਾਹਿਬ ਜੀ ਇਕ ਥਾਂ ਲਿਖਦੇ ਹਨ,
ਚਰਾਗਿ ਜਹਾਂ ਚੂੰ ਸ਼ੁਦਹ ਬੁਰਕਾਹ ਪੋਸ਼। ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼। 42
(ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿੱਚ ਆ ਗਿਆ (ਭਾਵ ਡੁਬ ਗਿਆ) (ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ। (ਡਾ ਰਤਨ ਸਿੰਘ ਜੱਗੀ) 
ਡਾ ਸੁਖਦਿਆਲ ਸਿੰਘ , “ਜਫਰਨਾਮਾ, ਇਤਿਹਾਸਕ ਅਤੇ ਰਾਜਨੀਤਿਕ ਸੰਦਰਭ ਵਿੱਚ”, ਲਿਖਦੇ ਹਨ, “ਸੂਰਜ ਦੇ ਛਿਪਣ ਦਾ ਜਿਕਰ ਦਰਸਾਉਂਦਾ ਹੈ ਕਿ ਦਿਨ ਖ਼ਤਮ ਹੋ ਗਿਆ ਸੀ ਰਾਤ ਪੈ ਗਈ ਸੀ ਕਿਉਂਕਿ ਚੰਦ੍ਰਮਾ ਦੇ ਪੂਰੀ ਸਜਧਜ ਨਾਲ ਚੜ੍ਹਨ ਦਾ ਜਿਕਰ ਹੈ। ਇਹ ਰਾਤ ਜਾਂ ਤਾਂ ਚੋਦਸ ਦੀ ਹੋਵੇਗੀ ਤੇ ਜਾਂ ਪੂਰਨਮਾਸ਼ੀ ਦੀ। ਕਈਆਂ ਨੇ ਇਸ ਰਾਤ ਨੂੰ ਤਰੌਦਸੀ (ਚਾਨਣੇ ਪੱਖ ਦੀ ਤੇਰਵੀਂ ਰਾਤ) ਕਿਹਾ ਹੈ ਪਰ ਤਰੌਦਸ ਨੂੰ ਚੰਦਰਮਾ ਪੂਰੀ ਸੱਜ ਧੱਜ ਵਾਲਾ ਨਹੀਂ ਹੁੰਦਾ”। (ਪੰਨਾ 115) 
ਹੁਣ ਜੇ ਅਸੀ ਉਪ੍ਰੋਕਤ ਵਰਨਣ ਸੰਮਤ 1762 ਬਿ: (1705 ਈ:) ਦੇ ਪੋਹ ਮਹੀਨੇ ਵਿੱਚ ਚੰਦ ਦੀ ਦਿਸ਼ਾ ਵੇਖੀਏ ਤਾਂ 6 ਪੋਹ (5 ਦਸੰਬਰ) ਦਿਨ ਬੁਧਵਾਰ ਨੂੰ, ਪੋਹ ਦੀ ਮੱਸਿਆ ਸੀ। ਇਸ ਮੁਤਾਬਕ 7 ਪੋਹ ਨੂੰ, ਪੋਹ ਸੁਦੀ ਏਕਮ ਸੀ। 7 ਪੋਹ (6 ਦਸੰਬਰ 1705 ਈ: ਜੂਲੀਅਨ) ਦਿਨ ਵੀਰਵਾਰ ਨੂੰ, ਚੰਦ 6.27 PM ਤੇ ਛਿਪ ਗਿਆ ਸੀ। ਦਿਨ ਸ਼ੁਕਰਵਾਰ, 8 ਪੋਹ ਨੂੰ ਪੋਹ ਸੁਦੀ ਦੂਜ ਸੀ ਅਤੇ ਚੰਦ 7.32 PM ਤੇ ਛਿਪ ਗਿਆ ਸੀ। ਸਪੱਸ਼ਟ ਹੈ ਚੰਦ ਦੀ ਇਹ ਦਿਸ਼ਾ, “ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼” ਤੇ ਪੂਰੀ ਨਹੀਂ ਢੁੱਕਦੀ। 
ਆਓ ਹੁਣ ਸੰਮਤ 1761 ਬਿ: (1704 ਈ:) ਵਿਚ ਚੰਦ ਦੀ ਸਥਿੱਤੀ ਵੇਖੀਏ। ਇਸ ਸਾਲ ਇਕ ਪੋਹ (30 ਨਵੰਬਰ) ਨੂੰ ਮੱਘਰ ਦੀ ਪੁੰਨਿਆ ਸੀ। 2 ਪੋਹ ਨੂੰ ਪੋਹ ਵਦੀ ਏਕਮ ਅਤੇ 3 ਪੋਹ ਨੂੰ ਪੋਹ ਵਦੀ ਦੂਜ ਸੀ। 8 ਪੋਹ ਸੰਮਤ 1761 ਬਿ: (7 ਦਸੰਬਰ 1704 ਈ: ਜੂਲੀਅਨ) ਦਿਨ ਵੀਰਵਾਰ ਨੂੰ ਪੋਹ ਵਦੀ 7 ਸੀ। ਇਸ ਦਿਨ ਚੰਦ 11:47 PM ਤੇ ਚੜਿਆ ਸੀ। ਸ਼ੁਕਰਵਾਰ ਦੁਪਹਿਰ ਬਾਅਦ, 12:18 PM ਤੇ ਛਿਪਿਆ ਸੀ। ਭਾਵ ਅੱਧੀ ਰਾਤ ਤੋਂ ਸੂਰਜ ਚੜਨ ਵੇਲੇ ਤਾਂਈ ਚੰਦ ਦੀ ਪੂਰੀ ਰੋਸ਼ਨੀ ਸੀ। ਚੰਦ ਦੀ ਇਹ ਦਿਸ਼ਾ “ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼” ਤੇ ਪੂਰੀ ਢੁੱਕਦੀ ਹੈ। ਇਸ ਅਧਾਰ ਤੇ ਕਿਹਾ ਜਾਂ ਸਕਦਾ ਹੈ ਕਿ ਸਾਕਾ ਸਰਹਿੰਦ ਸੰਮਤ 1761 ਬਿਕ੍ਰਮੀ (1704 ਈ:) ਵਿੱਚ ਹੀ ਵਾਪਰਿਆ ਹੋਵੇਗਾ। ਕੀ ਸਾਡੇ ਇਤਿਹਾਸਕਾਰ ਚਮਕੌਰ ਦੀ ਜੰਗ ਅਤੇ ਸਾਕਾ ਸਰਹਿੰਦ ਦੇ ਲਿਖੇ ਜਾਂਦੇ ਵੱਖ-ਵੱਖ ਸਾਲ, ਸੰਮਤ 1761 ਅਤੇ 1762 ਬਿਕ੍ਰਮੀ (1704 ਅਤੇ 1705 ਈ:) ਬਾਰੇ ਸਹੀ ਫੈਸਲਾ ਕਰਨ ਵੱਲ ਧਿਆਨ ਦੇਣਗੇ?

       ਸਰਬਜੀਤ ਸਿੰਘ ਸੈਕਰਾਮੈਂਟੋ

ਸ . ਸਰਵਜੀਤ ਸਿੰਘ ਸੈਕਰਾਮੈਂਟੋ
ਸ . ਸਰਵਜੀਤ ਸਿੰਘ ਸੈਕਰਾਮੈਂਟੋ
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.