ਵੱਡੀ ਦਸਤਾਰ ਵਾਲੇ ਭਾਈ ਰਣਜੀਤ ਸਿੰਘ ਦੀਆਂ ਵੱਡੀਆਂ ਸੇਵਾਵਾਂ

ਵੱਡੀ ਦਸਤਾਰ ਵਾਲੇ ਭਾਈ ਰਣਜੀਤ ਸਿੰਘ ਦੀਆਂ ਵੱਡੀਆਂ ਸੇਵਾਵਾਂ

ਮੁਗਲ ਰਾਜ ਦੌਰਾਨ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਸਮੇਂ ਪੱਟੀ ਸ਼ਹਿਰ ਨੂੰ 'ਪੱਟੀ ਨੌਂ ਲੱਖੀ ' ਕਿਹਾ ਜਾਂਦਾ ਸੀ। ਪੱਟੀ ਇਲਾਕੇ ਦੇ ਨੌਂ ਲੱਖ ਰੁਪਏ ਉਗਰਾਹ ਕੇ ਲਾਹੌਰ ਦੇ ਖਜ਼ਾਨੇ ਵਿੱਚ ਭੇਜੇ ਜਾਂਦੇ ਸਨ। ਹੰਕਾਰੀ ਸ਼ਾਹੂਕਾਰ 'ਦੁਨੀ ਚੰਦ' ਵੀ ਪੱਟੀ ਸ਼ਹਿਰ ਦਾ ਸੀ ਜਿਸ ਨੇ ਆਪਣੀ ਧਰਮੀ ਧੀ ਬੀਬੀ ਰਜਨੀ ਦਾ ਵਿਆਹ ਇੱਕ ਕੋਹੜੀ-ਪਿੰਗਲੇ ਨਾਲ ਕਰ ਦਿੱਤਾ ਸੀ। ਕਸ਼ਮੀਰ ਦੇ ਸਿੱਖਾਂ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਲਈ ਲਿਆਂਦੇ ਦੁਸ਼ਾਲੇ, ਪੱਟੀ ਦੇ ਮੁਸਲਮਾਨ ਹਾਕਮਾਂ ਨੇ ਖੋਹ ਲਏ ਸਨ ਤੇ ਸਿੱਖਾਂ ਨੂੰ ਧੱਕੇ ਮਾਰ ਕੇ ਪੱਟੀ ਸ਼ਹਿਰ ਵਿੱਚੋਂ ਬਾਹਰ ਕੱਢ ਦਿੱਤਾ ਸੀ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮ 'ਤੇ ਬਹਾਦਰ ਸਿੱਖ ਬਾਬਾ ਬਿਧੀ ਚੰਦ ਵਾਪਸ ਲਿਆਇਆ ਸੀ ਤੇ ਇਸ ਸਮੇਂ ਫ਼ੌਜ ਦੀ ਤਲਾਸ਼ੀ ਮੁਹਿੰਮ ਸਮੇਂ ਬਾਬਾ ਬਿਧੀ ਚੰਦ ਜੀ ਨੇ ਬਲ਼ਦੇ ਭੱਠ 'ਚ ਵੜ ਕੇ ਸ਼ਰਨ ਲਈ ਸੀ। ਉਹ ਭੱਠ ਸਾਹਿਬ ਗੁਰਦੁਆਰਾ ਅੱਜ ਵੀ ਪੱਟੀ ਸ਼ਹਿਰ ਵਿੱਚ ਮੌਜੂਦ ਹੈ। ਪੱਟੀ ਇਲਾਕੇ ਦੇ ਮੌਜੂਦਾ ਸੰਘਰਸ਼ ਦੌਰਾਨ ਸ਼ਹੀਦਾਂ ਸਿੰਘਾਂ ਵਿੱਚੋਂ ਅਹਿਮ ਜੁਝਾਰੂ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਉਰਫ਼ ਬਾਬਾ ਦਰਜੀ ਵੀ ਪੱਟੀ ਸ਼ਹਿਰ ਦੇ ਜੰਮਪਲ ਹੋਏ ਹਨ। ਸਿਰੜੀ ਤੇ ਸਿਦਕੀ ਕਾਮਰੇਡ ਮਹਾਂਬੀਰ ਸਿੰਘ ਵੀ ਪੱਟੀ ਸ਼ਹਿਰ ਵਿੱਚ ਰਹਿੰਦੇ ਹਨ ਤੇ ਹਰ ਗਰੀਬ ਮਜ਼ਲੂਮ ਦੀ ਮਦਦ ਕਰਦੇ ਹਨ।ਵੀਹਵੀਂ ਸਦੀ ਦੇ ਮਹਾਨ ਇਨਕਲਾਬੀ ਜਰਨੈਲ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਂ ਉੱਤੇ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਜਥੇਬੰਦ ਕੀਤੀ ਮੌਜੂਦਾ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ (ਦਮਦਮੀ ਟਕਸਾਲ) ਦਾ ਜਨਮ ਵੀ ਪੱਟੀ ਸ਼ਹਿਰ ਦੇ ਮੁਹੱਲਾ ਸਿੱਖਾਂ ਵਾਲਾ (ਵਾਰਡ ਨੰਬਰ ਤਿੰਨ) ਵਿੱਚ ਪਿਤਾ ਸ. ਲਖਬੀਰ ਸਿੰਘ ਦੇ ਘਰ, ਮਾਤਾ ਸਰਦਾਰਨੀ ਬਲਵਿੰਦਰ ਕੌਰ ਦੀ ਸੁਭਾਗੀ ਕੁੱਖੋਂ 30 ਨਵੰਬਰ 1991 ਨੂੰ ਹੋਇਆ ਸੀ। ਪੱਟੀ ਦੇ ਪ੍ਰਸਿੱਧ ਜੁਝਾਰੂ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਉਰਫ਼ ਬਾਬਾ ਦਰਜੀ ਦਾ ਭਤੀਜਾ ਭਾਈ ਰਣਜੀਤ ਸਿੰਘ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਗਲਵਕੜੀ ਦਾ ਨਿੱਘ ਮਾਨਣ ਵਾਲ਼ੇ ਅਕਾਲ ਫੈਡਰੇਸ਼ਨ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਦੀ ਉੱਚ ਵਿੱਦਿਆ ਪੜ੍ਹੀ ਸਪੁੱਤਰੀ ਬੀਬਾ ਕਮਲਜੀਤ ਕੌਰ ਨਿਹੰਗ ਨਾਲ ਵਿਆਹਿਆ ਹੈ ਤੇ ਇਹਨਾਂ ਦੇ ਦੋ ਭੁਝੰਗੀ ਗੁਰਪੰਥ ਪ੍ਰਥਮ ਸਿੰਘ ਤੇ ਗੁਰਬਾਜ ਸਿੰਘ ਹਨ।ਸੰਨ 1989-90 ਵਿੱਚ ਸਿਰਦਾਰ ਲਖਬੀਰ ਸਿੰਘ ਦੇ ਛੋਟੇ ਭਰਾ ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਖਾੜਕੂ ਸਫ਼ਾਂ ਵਿੱਚ ਸਰਗਰਮ ਹੋਣ ਕਰਕੇ, ਪੱਟੀ ਪੁਲਿਸ ਵੱਲੋਂ ਨਿੱਤ ਦੀ ਛਾਪੇਮਾਰੀ ਤੋਂ ਤੰਗ ਆ ਕੇ ਸ੍ਰੀ ਅੰਮ੍ਰਿਤਸਰ 'ਚ ਸੁਲਤਾਨਵਿੰਡ ਰੋਡ 'ਤੇ ਆ ਵਸੇ। ਇੱਥੇ ਹੀ ਭਾਈ ਰਣਜੀਤ ਸਿੰਘ ਦਾ ਧਾਰਮਿਕ ਮਾਹੌਲ ਵਿੱਚ ਪਾਲਣ-ਪੋਸ਼ਣ ਹੋਇਆ। ਪਰਿਵਾਰ ਦੇ ਨਾਲ਼ ਹਰ ਹਫ਼ਤੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾਣਾ। ਸਿੱਖ ਸੰਗਤਾਂ ਦੇ ਦਰਸ਼ਨ ਕਰਨੇ, ਸੇਵਾ ਕਰਨੀ, ਲੰਗਰ ਘਰ ਵਾਲੇ ਪਾਸੇ ਦਮਦਮੀ ਟਕਸਾਲ ਦੀ ਦੁਕਾਨ ਦੇ ਬਾਹਰਵਾਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਵੱਡ-ਅਕਾਰੀ ਤਸਵੀਰ ਹਰ ਰੋਜ਼ ਵੇਖਣੀ ਅਤੇ ਦੁਕਾਨਾਂ 'ਤੇ ਹੋਰ ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਵੇਖਣੀਆਂ ਤੇ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਮਿਲਾਪ ਹੋਣ ਕਾਰਨ ਭਾਈ ਰਣਜੀਤ ਸਿੰਘ ਸਿੱਖੀ ਦੀ ਰੰਗਤ ਵਿੱਚ ਰੰਗਿਆ ਗਿਆ। ਫਿਰ ਸਕੂਲੀ ਸੰਸਾਰਕ ਵਿੱਦਿਆ ਦੇ ਨਾਲ-ਨਾਲ ਦਮਦਮੀ ਟਕਸਾਲ ਦੇ ਜੁਝਾਰੂ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ, ਗਿਆਨੀ ਸੁਖਵਿੰਦਰ ਸਿੰਘ ਭਿੰਡਰਾਂ ਅਤੇ ਭਾਈ ਹਰਦੀਪ ਸਿੰਘ ਤੋਂ ਗੁਰਮਤਿ ਦੀ ਵਿਦਿਆ ਗ੍ਰਹਿਣ ਕਰਨੀ ਤੇ ਫਿਰ ਦਮਦਮੀ ਟਕਸਾਲ ਟਕਸਾਲ ਵਿੱਚ ਰਹਿ ਕੇ ਉਸਤਾਦ ਗਿਆਨੀ ਅਨੋਖ ਸਿੰਘ ਜੀ, ਜਥੇਦਾਰ ਭਾਈ ਸੁਖਦੇਵ ਸਿੰਘ ਬੰਡਾਲਾ (ਗੁਰੂਸਰ ਮਹਿਰਾਜ), ਉਸਤਾਦ ਭਾਈ ਠਾਕੁਰ ਸਿੰਘ ਤੋਂ ਗੁਰਬਾਣੀ ਦੀ ਸੰਥਿਆ, ਗੁਰਮਤਿ ਦਾ ਪ੍ਰਚਾਰ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਪ੍ਰਾਪਤ ਕੀਤੀ ਤੇ ਗੁਰਬਾਣੀ-ਇਤਿਹਾਸ ਦੇ ਗਹਿਰੇ ਸਾਗਰ ਦਾ ਗੁਣਵਾਨ ਬਣ ਗਿਆ। ਇਸ ਸਮੇਂ ਸ੍ਰੀ ਅੰਮ੍ਰਿਤਸਰ ਵਿੱਚ ਭਾਈ ਬਲਵੰਤ ਸਿੰਘ ਗੋਪਾਲਾ ਵਿਦਿਆਰਥੀ ਦਮਦਮੀ ਟਕਸਾਲ ਦੀ ਅਗਵਾਈ ਤੇ ਪ੍ਰਧਾਨਗੀ ਹੇਠ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੇ ਸਿੱਖ ਨੌਜਵਾਨ ਜੋ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜੂਝ ਰਹੇ ਸਨ ਤੇ ਸਿੱਖੀ ਸਵੈਮਾਣ ਦੀ ਬਹਾਲੀ ਲਈ ਸਿੱਖਾਂ ਦੀਆਂ ਦੁਸ਼ਮਣ ਤਾਕਤਾਂ ਦਾ ਡੱਟ ਕੇ ਵਿਰੋਧ ਕਰ ਰਹੇ ਸਨ। ਭਾਈ ਰਣਜੀਤ ਸਿੰਘ ਜੀ ਦੀਆਂ ਸਰਗਰਮੀਆਂ, ਪੰਥਕ ਸੇਵਾਵਾਂ, ਸਿਦਕ, ਇਮਾਨਦਾਰੀ, ਦ੍ਰਿੜਤਾ, ਖ਼ਾਲਸਾਈ ਜੋਸ਼ ਤੇ ਬੁਲੰਦ ਜਜ਼ਬੇ ਨੂੰ ਵੇਖਦਿਆਂ ਹੋਰ ਹਮਖ਼ਿਆਲੀ ਸਿੰਘਾਂ ਨਾਲ਼ ਸਲਾਹ ਕਰਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਵਿੱਖ ਦੀਆਂ ਸਰਗਰਮੀਆਂ ਦਾ ਹਾਣੀ ਜਾਣ ਕੇ ਪ੍ਰਧਾਨ ਬਣਾ ਦਿੱਤਾ ਗਿਆ। ਉਹ ਪੰਥਕ ਸਫ਼ਾਂ ਅਤੇ ਸੰਗਤਾਂ ਵਿੱਚ 'ਭਾਈ ਰਣਜੀਤ ਸਿੰਘ ਦਮਦਮੀ ਟਕਸਾਲ' ਦੇ ਨਾਂ ਨਾਲ ਜਾਣੇ ਜਾਂਦੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਭਾਈ ਬਲਵੰਤ ਸਿੰਘ ਗੋਪਾਲਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਭਾਈ ਪਰਮਜੀਤ ਸਿੰਘ ਮੰਡ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਪੰਥਕ ਆਗੂ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ, ਪੰਥਕ ਲੇਖਕ ਭਾਈ ਸਰਬਜੀਤ ਸਿੰਘ ਘੁਮਾਣ, ਖ਼ਾਲਸਾ ਫ਼ਤਹਿਨਾਮਾ ਦੇ ਸੰਪਾਦਕ ਸ. ਰਣਜੀਤ ਸਿੰਘ, ਵੰਗਾਰ ਦੇ ਸੰਪਾਦਕ ਸ. ਬਲਜੀਤ ਸਿੰਘ ਖ਼ਾਲਸਾ ਤੇ ਹੋਰ ਪੰਥਕ ਆਗੂਆਂ ਤੇ ਜਥੇਬੰਦੀਆਂ ਨਾਲ ਵੀ ਬਹੁਤ ਪਿਆਰ ਹੈ।ਫ਼ਿਰਕੂ ਹਿੰਦੂਤਵੀਆਂ ਸ਼ਿਵ ਸੈਨਾ ਨਾਲ ਕਈ ਵਾਰ ਟਾਕਰਾ, ਬਲਾਤਕਾਰੀ ਸਿਰਸੇ ਵਾਲੇ ਵੱਲੋਂ ਦਸ਼ਮੇਸ਼ ਪਿਤਾ ਦਾ ਸਵਾਂਗ ਰਚਾਉਣ ਕਰਕੇ ਉਸ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ, ਸਿੱਖੀ ਸਿਧਾਂਤ ਅਤੇ ਸਿੱਖੀ ਕਿਰਦਾਰ ਨੂੰ ਢਾਹ ਲਾਉਂਦੀਆਂ ਫ਼ਿਲਮਾਂ ਦਾ ਵਿਰੋਧ, ਡੇਰਾ ਰਾਧਾ ਸਵਾਮੀਆਂ ਵੱਲੋਂ ਢਾਹੇ ਗੁਰਦੁਆਰੇ ਖ਼ਿਲਾਫ਼ ਪ੍ਰਦਰਸ਼ਨ, ਨੂਰਮਹਿਲੀਏ ਆਸ਼ੂਤੋਸ਼ ਖ਼ਿਲਾਫ਼ ਸੰਘਰਸ਼, ਸ਼ਹੀਦ ਭਾਈ ਸੁੱਖੇ-ਜਿੰਦੇ ਦੀ ਯਾਦ ਵਿੱਚ ਮਾਰਚ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਖ਼ਿਲਾਫ਼ ਡਟਣਾ, ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੀਆਂ ਭੁੱਖ ਹੜਤਾਲਾਂ ਸਮੇਂ ਸਾਥ ਦੇਣਾ, ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ-ਧਰਨੇ ਅਤੇ ਪ੍ਰਦਰਸ਼ਨ ਕਰਨੇ, ਚੱਬੇ ਦਾ ਸਰਬੱਤ ਖ਼ਾਲਸਾ ਅਤੇ ਬਰਗਾੜੀ ਮੋਰਚੇ ਵਿੱਚ ਅਹਿਮ ਭੂਮਿਕਾ ਨਿਭਾਉਣੀ, ਸਿੰਘੂ ਬਾਰਡਰ ਉੱਤੇ ਕਿਸਾਨ ਮੋਰਚੇ ਵਿੱਚ ਦੀਪ ਸਿੱਧੂ ਨਾਲ ਭਰਾਵਾਂ ਵਾਂਗ ਪਿਆਰ ਹੋਣਾ, ਬਾਦਲਾਂ ਦੀਆਂ ਪੰਥ ਵਿਰੋਧੀ ਨੀਤੀਆਂ ਤੇ ਗਤੀਵਿਧੀਆਂ ਦਾ ਵਿਰੋਧ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸੰਘਰਸ਼ ਕਰਨਾ ਤੇ ਤਸੀਹੇ ਝੱਲਣਾ, 26 ਜਨਵਰੀ ਅਤੇ 15 ਅਗਸਤ ਦਾ ਬਾਈਕਾਟ ਕਰਨਾ, ਗੁਰਮਤਿ ਕੈਂਪ ਲਗਾਉਣੇ, ਸ਼ਸਤਰ ਵਿੱਦਿਆ ਸਿਖਾਉਣੀ ਤੇ ਅਨੇਕਾਂ ਸ਼ਹੀਦੀ ਸਮਾਗਮ ਕਰਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਬਲਵੰਤ ਸਿੰਘ ਗੋਪਾਲਾ ਦੇ ਅਹਿਮ ਕਾਰਜ ਤੇ ਵੱਡੀਆਂ ਸੇਵਾਵਾਂ ਹਨ।ਉਹ ਜਿੱਥੇ ਪੰਥਕ ਸਮਾਗਮਾਂ ਵਿੱਚ ਪਹਿਲ ਦੇ ਆਧਾਰ 'ਤੇ ਹਾਜ਼ਰੀ ਭਰਦੇ ਹਨ ਤੇ ਓਥੇ ਹੀ ਸਿੱਖੀ ਦੇ ਦੁਸ਼ਮਣਾਂ ਦੇ ਹਰ ਮੁਹਾਜ਼ ਉੱਤੇ ਮੂੰਹ ਮੋੜਦੇ ਆ ਰਹੇ ਹਨ। ਇਸ ਤੋਂ ਇਲਾਵਾ ਭਾਈ ਰਣਜੀਤ ਸਿੰਘ ਜੀ ਨੇ ਹੁਣ ਤੱਕ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ ਦੇ ਤਿੰਨ ਭਾਗ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨਾਲ਼ ਮੁਲਾਕਾਤਾਂ ਕਰਕੇ ਸ਼ਹੀਦਾਂ ਦਾ ਜੀਵਨ ਸੰਭਾਲ ਕੇ ਉੱਤਮ ਕਾਰਜ ਕੀਤਾ ਹੈ ਤੇ ਅੱਗੇ ਵੀ ਕਰ ਰਹੇ ਹਨ ਤੇ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਲੋੜਵੰਦਾਂ ਦੀ ਮਾਇਕੀ ਮਦਦ ਵੀ ਕਰਵਾਈ ਹੈ। ਸਮੇਂ ਅਤੇ ਚੱਲਦੇ ਹਲਾਤਾਂ ਵਿੱਚ ਕਿਸੇ ਸਮੇਂ ਸਿੱਖ ਸੰਘਰਸ਼ ਵਿੱਚ ਸਿਰਮੌਰ ਰਹੇ ਆਗੂ ਅੱਜ ਸ਼ਹੀਦਾਂ ਸਿੰਘਾਂ ਦੇ ਸਮਾਗਮਾਂ ਵਿੱਚ ਪਹੁੰਚਣ ਤੋਂ (ਸਾਰੇ ਨਹੀਂ) ਬਹੁਤੇ ਪ੍ਰਹੇਜ਼ ਕਰ ਰਹੇ ਹਨ। ਭਾਈ ਰਣਜੀਤ ਸਿੰਘ ਜੀ ਹੋਰ ਪੰਥਕ ਆਗੂਆਂ ਦੇ ਨਾਲ਼ ਸ਼ਹੀਦੀ ਸਮਾਗਮਾਂ ਵਿੱਚ ਹਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।ਅੱਜ ਬਿਜਲਈ ਮੀਡੀਆ ਦੇ ਯੁੱਗ ਵਿੱਚ ਸਿੱਖੀ, ਸਿੱਖਾਂ ਅਤੇ ਖ਼ਾਲਿਸਤਾਨ ਵਿਰੁੱਧ ਜੋ ਦਿੱਲੀ ਦੇ ਚੱਟੇ-ਵੱਟੇ ਬਕਵਾਸ ਕਰਦੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜਦੋਂ ਵੱਡੇ ਟੀ.ਵੀ. ਚੈੱਨਲਾਂ ਉੱਤੇ ਗਰਜਦੇ ਹਨ ਤਾਂ ਸਿੱਖੀ ਵਿਰੋਧੀਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਭਾਈ ਰਣਜੀਤ ਸਿੰਘ ਦੀ ਨਿਧੜਕਤਾ, ਨਿਡਰਤਾ, ਦਲੇਰੀ ਅਤੇ ਪੰਥ ਨੂੰ ਸਮਰਪਿਤ ਹੋਣ ਕਰਕੇ ਸਿੱਖੀ ਵਿਰੋਧੀ ਉਹਨਾਂ ਦੇ ਵਿਚਾਰਾਂ, ਸਵਾਲਾਂ ਤੇ ਜਵਾਬਾਂ ਦਾ ਸਾਹਮਣਾ ਨਹੀਂ ਕਰ ਸਕਦੇ। ਭਾਈ ਰਣਜੀਤ ਸਿੰਘ ਜਿੱਥੇ ਦਿੱਲੀ ਦੇ ਹਾਕਮਾਂ, ਉਹਨਾਂ ਦੇ ਕਰਿੰਦਿਆਂ, ਇੰਦਰਾਂ ਗਾਂਧੀ ਨੂੰ ਮਾਂ ਮੰਨਣ ਵਾਲਿਆਂ ਤੇ ਪੰਥ ਦੋਖੀ ਬਾਦਲ ਲਾਣੇ ਨੂੰ ਜਦੋਂ ਵੰਗਾਰਦੇ, ਗਰਜਦੇ ਹਨ ਤਾਂ ਵਿਰੋਧੀਆਂ ਦੇ ਚਿਹਰਿਆਂ ਦੇ ਪੀਲੇ ਪਏ ਰੰਗ ਇਹ ਦੱਸ ਰਹੇ ਹੁੰਦੇ ਹਨ ਕਿ ਸੱਚ ਦੇ ਸੂਰਜ ਸਾਹਮਣੇ ਹਨੇਰੇ ਦੇ ਵਪਾਰੀ ਉੱਲੂਆਂ ਨੂੰ ਸੂਰਜ ਦੀ ਰੌਸ਼ਨੀ ਦਾ ਸਾਮ੍ਹਣਾ ਨਾ ਕਰ ਸਕਣ ਵਾਲੀ ਹਕੀਕਤ ਹੈ। ਬੀ.ਜੇ.ਪੀ ਤੇ ਸ਼ਿਵ ਸੈਨਿਕਾਂ ਨੂੰ ਮੈਦਾਨ ਵਿੱਚ ਵੀ ਤੇ ਵਿਚਾਰਾਂ ਦੀ ਸਟੇਜ 'ਤੇ ਵੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਹਮੇਸ਼ਾਂ ਟੱਕਰ ਦਿੰਦੀ ਆ ਰਹੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਸਿੱਖੀ ਸਰੂਪ ਵਿੱਚ ਸੁੰਦਰ ਚਿਹਰਾ, ਸੋਹਣਾ ਸਰੀਰ, ਖ਼ਾਲਸਾਈ ਬਾਣਾ, ਹੱਥ ਵਿੱਚ ਵੱਡੀ ਕਿਰਪਾਨ, ਸੋਹਣੇ ਨੈਣ ਨਕਸ਼, ਸਿਰ ਉੱਤੇ ਸਜਾਈ ਹੋਈ ਟਕਸਾਲੀ ਵੱਡੀ ਦਸਤਾਰ ਤੇ ਪ੍ਰਭਾਵਸ਼ਾਲੀ ਬੋਲ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਂਦੀ ਹੈ।ਤਰਨ ਤਾਰਨ ਵਿੱਚ ਭਾਈ ਬਲਵੰਤ ਸਿੰਘ ਗੋਪਾਲਾ ਵੱਲੋਂ ਸ਼ਿਵ ਸੈਨਾ ਨੂੰ ਪਾਈਆਂ ਭਾਜੜਾਂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਬੁੱਚੜ ਪੁਲਿਸ ਅਫਸਰ ਸਵਰਨ ਘੋਟਣਾ ਦੇ ਭੋਗ ਦਾ ਵਿਰੋਧ ਕਰਨਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਹਰ ਸਾਲ ਛੇ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸੰਤ ਜਰਨੈਲ ਸਿੰਘ ਅਤੇ ਖ਼ਾਲਿਸਤਾਨ ਦੇ ਹੱਕ ਵਿੱਚ ਨਾਹਰੇਬਾਜ਼ੀ, ਸ਼ਿਵ ਸੈਨਾ ਨਾਲ ਅੰਮ੍ਰਿਤਸਰ, ਬਿਆਸ ਅਤੇ ਫ਼ਤਹਿਗੜ੍ਹ ਸਾਹਿਬ ਤੱਕ ਟੱਕਰ ਲੈਣ ਜਾਣਾ ਅਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਸ਼ਹੀਦ ਕਰਨ ਵਾਲੇ ਬੁੱਚੜ ਥਾਣੇਦਾਰ ਸੂਬਾ ਸਰਹੰਦ ਦੇ ਭੋਗ ਦਾ ਵਿਰੋਧ ਕਰਦਿਆਂ ਪੁਲਿਸ ਅਤੇ ਭੋਗ 'ਤੇ ਆਏ ਲੋਕਾਂ ਨੂੰ ਲਲਕਾਰਦਿਆਂ ਪਾਈਆਂ ਭਾਜੜਾਂ ਤੇ ਲਾਹਣਤਾਂ ਦਾ ਨਜ਼ਾਰਾ ਸੋਸ਼ਲ ਮੀਡੀਏ 'ਤੇ ਪਈਆਂ ਪੋਸਟਾਂ ਵਿੱਚ ਸਭ ਸੰਗਤਾਂ ਨੇ ਵੇਖਿਆ। ਆਪ ਦੇ ਸਾਥੀ ਅਤੇ ਫੈਡਰੇਸ਼ਨ ਦੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ 6 ਜੂਨ 2017 ਨੂੰ 'ਸਵਾ ਲਾਖ ਸੇ ਏਕ ਲੜਾਊਂ' ਵਾਲਾ ਇਤਿਹਾਸ ਦੁਹਰਾਉਂਦਿਆਂ ਸ੍ਰੀ ਅੰਮ੍ਰਿਤਸਰ ਵਿੱਚ ਸੈਂਕੜੇ ਸ਼ਿਵ ਸੈਨਿਕਾਂ ਨੂੰ ਪਾਈਆਂ ਭਾਜੜਾਂ ਤੇ ਹੋਰ ਘਟਨਾਵਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਜੋ ਸਿੱਖ ਸੰਘਰਸ਼ ਦੇ ਸ਼ਹੀਦਾਂ ਦਾ ਇਤਿਹਾਸ ਲਿਖਣ ਦਾ ਕਾਰਜ ਅਰੰਭ ਕੀਤਾ ਹੈ। ਮੈਨੂੰ ਉਸ ਉੱਤੇ ਬੇਹੱਦ ਮਾਣ ਹੈ ਕਿ ਜੋ ਮੈਂ (ਮਨਿੰਦਰ ਸਿੰਘ ਬਾਜਾ ਹਿਸਟੋਰੀਅਨ) ਇੱਕ ਸੁਪਨਾ ਲੈ ਕੇ ਤੁਰਿਆ ਸਾਂ। ਪਰ ਸਰੀਰਕ ਬਿਮਾਰੀ ਕਾਰਨ ਇਸ ਨੂੰ ਪੂਰਾ ਕਰਨ ਵਿੱਚ ਅਸਮਰਥ ਹਾਂ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇੇ ਸੁਪਨੇ ਨੂੰ ਪੂਰਾ ਕਰਨ ਲਈ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁਰਾਤਨ ਸ਼ਹੀਦਾਂ ਸਿੰਘਾਂ ਜਾਂ ਕਿਹਾ ਜਾ ਸਕਦਾ ਹੈ ਕਿ ਆਪਣੇ ਕਿਵੇਂ ਦਰਬਾਰੀ ਲੇਖਕ ਨੂੰ ਭੇਜ ਕੇ ਇਹ ਮਹਾਨ ਕਾਰਜ ਵੱਡੀ ਦਸਤਾਰ ਵਾਲੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਕਰਵਾਇਆ ਜਾ ਰਿਹਾ ਹੈ। ਵਾਕਿਆ ਹੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜੋ ਭਾਈ ਸਤਨਾਮ ਸਿੰਘ ਜੀ ਖੀਰਾਂਵਾਲੀ ਦੀਆਂ ਸੇਵਾਵਾਂ ਨਿਭਾ ਰਹੇ ਹਨ। ਮੇਰੇ ਵੱਲੋਂ ਸਾਥੀ ਸਿੰਘਾਂ ਦੀ ਬਹਾਦਰੀ ਨੂੰ ਪ੍ਰਣਾਮ। ਮੇਰੀ ਅਰਦਾਸ ਹੈ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੁੱਤਰਾਂ ਦੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਤੇ ਮੇਰੇ ਨਾਚੀਜ ਮਨਿੰਦਰ ਸਿੰਘ ਦੇ ਸਿਰ 'ਤੇ ਵੀ ਆਪਣੀ ਮਿਹਰ ਦਾ ਸਦਾ ਹੱਥ ਰੱਖਦੇ ਹੋਏ ਅੰਗ-ਸੰਗ ਸਹਾਈ ਹੋਣ। ਦਸਮੇਸ਼ ਪਿਤਾ ਜੀ ਸਰਬ ਕਲਾ ਸਮਰੱਥ ਹਨ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਦਸਮੇਸ਼ ਪਿਤਾ ਜੀ ਅਤੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੀ ਧੂੜ ਦਾਸ।
 

ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.