ਦਸਤਾਰ ਦੀ ਮਹੱਤਤਾ
- ਗੁਰਬਾਣੀ-ਇਤਿਹਾਸ
- 13 Jan, 2026 02:15 PM (Asia/Kolkata)
ਕੁੱਝ ਦਿਨ ਪਹਿਲਾਂ ਯੂਟਿਊਬ ਦੇ ਇੱਕ ਚੈਨਲ 'ਤੇ ਇੱਕ ਪਾਕਿਸਤਾਨੀ ਪੰਜਾਬੀ ਭਰਾ ਬੜੇ ਫ਼ਖ਼ਰ ਨਾਲ਼ ਕਹਿ ਰਿਹਾ ਸੀ। "ਦੋਸਤੋ ਪੱਗ ਬੰਨ੍ਹੀ ਜਾਂਦੀ ਹੈ ਤੇ ਮੜਾਸਾ ਵਲਿਆ ਜਾਂਦਾ ਹੈ। ਤੇ ਇਸ ਦੀ ਮੁਹਾਰਤ ਜੋ ਸਿਰਦਾਰ ਭਰਾਵਾਂ ਨੂੰ ਹੈ ਤੇ ਉਹ ਪੱਗ ਦੀ ਕਿੰਨੀ ਕਦਰ ਕਰਦੇ ਹਨ ਤੇ ਪੱਗ ਨੂੰ ਆਪਣਾ ਸਵੈਮਾਣ ਤੇ ਅਣਖ਼ ਦਾ ਪ੍ਰਤੀਕ ਮੰਨਦੇ ਹਨ ਤੇ ਪੱਗ ਕਰਕੇ ਹੀ ਸਿੱਖ ਭਰਾਵਾਂ ਦੀ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਹੈ ਤੇ ਦੁਨੀਆਂ ਦੇ ਦਾਨਸ਼ਵੰਦ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਨ। ਸਗੋਂ ਵਡੇਰੇ ਪਿੰਡਾਂ ਵਿੱਚ ਅੱਜ ਵੀ ਸਿਰ ਉੱਤੇ ਪੱਗ ਬੰਨ੍ਹਦੇ ਹਨ ਤੇ ਅਸੀਂ ਸਿਰ ਦਾ ਤਾਜ ਪੱਗ ਨੂੰ ਸਿਰ ਉੱਤੇ ਬੰਨਣਾ ਛੱਡ ਕੇ ਆਪਣੇੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਹ ਸਾਡੇ ਸਾਰੇ ਪੰਜਾਬੀਆਂ ਵਾਸਤੇ ਬੜੇ ਦੁੱਖ ਵਾਲ਼ੀ ਗੱਲ ਹੈ। ਪੱਗ ਹੀ ਸਭ ਤੋਂ ਵੱਡੀ ਪੰਜਾਬੀ ਅਤੇ ਪੰਜਾਬੀਆਂ ਦੀ ਪਛਾਣ ਹੈ। ਆਓ, ਪੰਜਾਬੀ ਬੋਲੀਏ, ਪੰਜਾਬੀ ਲਿਖੀਏ ਤੇ ਪੰਜਾਬੀ ਜ਼ੁਬਾਨ ਤੇ ਪੰਜਾਬੀ ਦੀ ਪਛਾਣ ਪੱਗ ਦੇ ਸੱਭਿਆਚਾਰ ਨੂੰ ਜਿਊਂਦਾ ਰੱਖੀਏ। ਅੱਲ੍ਹਾ ਤਾਅਲਾ ਅੱਗੇ ਦੁਆ ਕਰੀਏ ਕਿ ਸਾਡੇ ਉੱਤੇ ਆਪਣਾ ਕਰਮ ਕਰੇ। ਸਾਨੂੰ ਪੰਜਾਬ ਦੇ ਅਸਲੀ ਪੰਜਾਬੀ ਪੁੱਤ ਹੋਣ ਦਾ ਮਾਣ ਬਖਸ਼ੇ। ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਾ ਪਵੇ ਕਿ ਅਸੀਂ ਪੰਜਾਬੀ ਹੁੰਦੇ ਹਾਂ। ਮੇਰੀ ਇਹੋ ਅੱਲ੍ਹਾ ਤਾਅਲਾ ਅੱਗੇ ਦੁਆ ਹੈ।"
ਹਾਂ, ਬਿਲਕੁਲ ਠੀਕ ਕਿਹਾ, ਪੰਜਾਬੀ ਮੁਸਲਮਾਨ ਭਰਾ ਨੇ, ਅੱਲ੍ਹਾ ਤਾਅਲਾ ਉਸਨੂੰ ਜ਼ਿੰਦਗੀ ਦੇ ਹਰ ਮੁਕਾਮ ਉੱਤੇ ਤਰੱਕੀ, ਖੁਸ਼ੀ ਤੇ ਚੜ੍ਹਦੀ ਕਲਾ ਬਖਸ਼ੇ। ਹਾਂ, ਬਿਲਕੁਲ ਸੱਚ ਹੈ। ਪੱਗ ਸਿਰ ਉੱਤੇ ਬੜੇ ਸੁਚੱਜੇ ਢੰੰਗ ਨਾਲ ਸਵਾਰ ਕੇ ਬੰਨ੍ਹੀ-ਸਜਾਈ ਜਾਂਦੀ ਹੈ। ਤੇ ਪੱਗ ਦੀ ਸੁੰਦਰਤਾ ਤੇ ਦਿੱਖ ਆਦਮੀ ਦੀ ਸੁਹਿਰਦਤਾ ਤੇ ਇਲਾਕੇ ਦੀ ਪਛਾਣ ਅਤੇ ਵਿਚਾਰਧਾਰਾ ਦੀ ਪਛਾਣ ਕਰਵਾਉਂਦੀ ਹੈ ਤੇ ਸਾਨੂੰ ਉਸ ਦੀ ਸਹਿਜੇ ਹੀ ਪਛਾਣ ਹੋ ਜਾਂਦੀ ਹੈ ਕਿ ਇਹ ਕਿਸ ਇਲਾਕੇ, ਕਿਸ ਕਬੀਲੇ, ਭਾਈਚਾਰੇ, ਕਿਸ ਸੰਸਥਾ, ਮਹਿਕਮੇ ਨਾਲ਼ ਸੰਬੰਧ ਰੱਖਦਾ ਹੋਵੇਗਾ ਤੇ ਉਸ ਦੀ ਵਿਚਾਰਧਾਰਾ ਦਾ ਵੀ ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਤੇ ਇਸ ਵਿੱਚ ਰੰਗਾਂ ਦੀ ਬੜੀ ਮਹਾਨਤਾ ਹੈ। ਸਿੱਖ ਧਰਮ ਵਿੱਚ ਕੇਸਰੀ, ਬਸੰਤੀ, ਨੀਲਾ, ਕਾਲਾ, ਪੀਲਾ, ਸੁਰਮਈ ਤੇ ਚਿੱਟਾ ਰੰਗ ਪ੍ਰਵਾਨ ਮੰਨਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਨਿਹੰਗ ਸਿੰਘ ਜਥੇਬੰਦੀਆਂ ਵਿੱਚ ਵੀ ਇਹ ਰੰਗ ਪ੍ਰਚਲਿਤ ਹਨ। ਨਾਮਧਾਰੀ ਚਿੱਟੇ ਰੰਗ ਦੀ ਆਪਣੇ ਢੰਗ ਨਾਲ ਦਸਤਾਰ ਸਜਾਉਂਦੇ ਹਨ। ਨਿਹੰਗ ਸਿੰਘ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਸਿਰਾਂ ਉੱਤੇ ਦੁਮਾਲੇ ਸਜਾਉਂਦੇ ਹਨ ਤੇ ਦਮਦਮੀ ਟਕਸਾਲ ਦੇੇ ਸਿੰਘ ਸਿਰਾਂ ਉੱਤੇ ਸੁੰਦਰ ਢੰਗ ਨਾਲ ਗੋਲ ਦਸਤਾਰਾਂ ਸਜਾਉਂਦੇ ਹਨ। ਇਹ ਸਿੰਘਾਂ, ਸਿੰਘਣੀਆਂ ਵਿੱਚ ਬਰਾਬਰ ਮਕਬੂਲ ਹੈ। ਦਿੱਲੀ ਦੇ ਸਿੱਖਾਂ ਦੀ ਪੱਗ ਵੱਖਰੀ ਹੈ। ਮਾਝੇ ਦੀ ਵੱਖਰੀ, ਮਾਲਵੇੇ ਦੀ ਵੱਖਰੀ, ਹਰਿਆਣਵੀ ਜਾਟਾਂ ਦੀ ਵੱਖਰੀ, ਰਾਜਸਥਾਨ ਦੇ ਬਰਗਾੜੀਆਂ ਦੀ ਵੱਖਰੀ ਪਛਾਣ ਹੈ ਤੇ ਮਹਾਂਰਾਸ਼ਟਰ ਦੇ ਸਿੱਖਾਂ ਦੀ ਵੱਖਰੀ। ਆਮ ਪੰਜਾਬ ਦੇ ਪੰਜਾਬੀ ਜਾਂ ਸਿੱਖਾਂ ਵਿੱਚ ਰੰਗ ਢੰਗ ਦੀ ਕੋਈ ਬੰਦਸ਼ ਨਹੀਂ ਹੈ। ਉਹ ਕਿਸੇ ਵੀ ਰੰਗ-ਢੰਗ ਦੀ ਪੱਗ ਬੰਨ੍ਹਦੇ ਹਨ। ਹਿੰਦੂ ਭਾਈਚਾਰੇ ਦੇ ਲੋਕ ਆਪਣੇ ਧੀ-ਪੁੱਤਰਾਂ ਦੇ ਵਿਆਹ ਸਮੇਂ ਆਪਣੇ ਸਿਰ ਤੇ ਪੱਗ ਬੰਨ੍ਹਦੇ ਹਨ। ਪੰਜਾਬੀਆਂ ਵਿੱਚ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਉਸਦੇ ਦੇ ਨਮਿੱਤ ਪਾਠ ਦੇ ਭੋਗ ਸਮੇਂ ਪੱਗੜੀ ਰਸਮ ਕੀਤੀ ਜਾਂਦੀ ਹੈ। ਜੋ ਮਰੇ ਹੋਏ ਵਿਅਕਤੀ ਦੇ ਪੁੱਤਰ ਨੂੰ ਉਸਦੇ ਨਾਨਕੇ ਪੱਗ ਬਨਾਉਂਦੇ ਹਨ। ਤੇ ਇਸ ਦਾ ਅਰਥ ਇਹ ਹੁੰਦਾ ਹੈ ਕਿ ਜੋ ਅੱਜ ਤੋਂ ਪਿਤਾ ਦੀਆਂ ਸੰਸਾਰਕ ਜ਼ਿੰੰਮੇਵਾਰੀਆਂ ਤੇਰੇ ਸਿਰ 'ਤੇ ਪੈ ਗਈਆਂ ਹਨ। ਤੇ ਇਹਨਾਂ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ। ਸਿੱਖ ਧਰਮ ਦੀਆਂ ਸੰਸਥਾਵਾਂ ਵੀ ਜ਼ਿੰਮੇਵਾਰੀ ਦੀ ਦਸਤਾਰਬੰਦੀ ਪੰਥਕ ਜਥੇਬੰਦੀਆਂ ਵੱਲੋਂ ਉਸਦੇ ਹੋਣਹਾਰ ਵਾਰਸ ਨੂੰ ਕੀਤੀ ਜਾਂਦੀ ਹੈ।

ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)
Leave a Reply