ਗੁਰੂ ਨਾਨਕ ਗੁਰਦੁਆਰਾ ਸਾਹਿਬ, ਐਮਸਟਰਡਮ , ਹਾਲੈਂਡ ਵਿਖੇ ਹੋਇਆ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ
- ਅੰਤਰਰਾਸ਼ਟਰੀ
- 24 Oct,2025
ਭਾਰਤ ਸਰਕਾਰ ਸਿੱਖ ਸਿਆਸੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦਿਆਂ ਬਿਨਾਂ ਸ਼ਰਤ ਰਿਹਾਅ ਕਰੇ- ਗਿਆਨੀ ਗੁਰਭੇਜ ਸਿੰਘ ਅਨੰਦਪੁਰੀ
ਐਮਸਟਰਡਮ ਨਜ਼ਰਾਨਾ ਟਾਈਮਜ਼ ਨੈੱਟਵਰਕ
ਹਰ ਸਾਲ ਜਿੱਥੇ ਸਮੁੱਚੇ ਭਾਰਤ ਵਾਸੀ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ, ਉੱਥੇ ਸਮੁੱਚਾ ਸਿੱਖ ਪੰਥ ਇਸ ਨੂੰ ਅਸਲ ਵਿਚ ਹੱਕ-ਸੱਚ ਦੀ ਜਿੱਤ ਵਜੋਂ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾ ਕੇ ਆਪਣੇ ਵਿਰਸੇ 'ਤੇ ਮਾਣ ਮਹਿਸੂਸ ਕਰਦਾ ਹੈ। ਸੋ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ , ਐਸਟਰਡਮ , ਹਾਲੈਂਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ 21 ਅਕਤੂਬਰ ਦਿਨ ਮੰਗਲਵਾਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।
ਸੋਦਰ ਰਹਿਰਾਸ ਸਾਹਿਬ ਦੇ ਪਾਠ ਹੋਏ ਅਤੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੰਨ੍ਹਾ ਵਿੱਚ ਗੁਰੂ-ਘਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਸ਼ਾਂਤ , ਭਾਈ ਸਵਿੰਦਰ ਸਿੰਘ ਟਾਂਡੀ, ਭਾਈ ਮਲਕੀਤ ਸਿੰਘ ਭੋਗਪੁਰ ਨੇ ਸ਼ਬਦ ਕੀਰਤਨ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਪੰਜਾਬ ਤੋਂ ਪੁੱਜੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਕਥਾ ਕਰਦੇ ਹੋਏ ਆਖਿਆ “ਸਤਿਗੁਰ ਦਾਤ ਬੰਦੀ ਛੋੜ ਹੈ ਦੇ ਕਥਨ ਮੁਤਾਬਿਕ ਗੁਰੂ ਸਮਰੱਥ ਹੈ ਅਤੇ ਹਰ ਤਰ੍ਹਾਂ ਦੇ ਬੰਧਨ ਕੱਟ ਕੇ ਪਰਮੇਸ਼ਰ ਦੇ ਨਾਲ ਸਿੱਖ ਨੂੰ ਜੋੜਦਾ ਹੈ। ਉਹਨਾਂ ਇਤਿਹਾਸਕ ਹਵਾਲੇ ਦੇ ਕੇ ਦੱਸਿਆ ਕਿ ਸਤਿਗੁਰੂ ਨਾਨਕ ਸਾਹਿਬ ਤੋਂ ਲੈ ਕਰ ਕੇ ਦਸ ਪਾਤਸ਼ਾਹੀਆਂ ਅਤੇ ਹੁਣ ਮੌਜੂਦਾ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਦੇ ਹਰ ਤਰ੍ਹਾਂ ਦੇ ਬੰਧਨ ਕੱਟਦੇ ਹਨ । ਉਹਨਾਂ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ ਉਹਨਾਂ ਦੀਆਂ ਔਲਾਦਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਘੇਰਾ ਪਾਈ ਰੱਖਿਆ ਅਤੇ ਅਕ੍ਰਿਤਘਣਤਾ ਦੀਆਂ ਹੱਦਾਂ ਪਾਰ ਕੀਤੀਆਂ ਅਤੇ ਹੁਣ ਉਸੇ ਵਿਚਾਰਧਾਰਾ ਦੇ ਹਾਕਮ ਸਿੱਖ ਸਿਆਸੀ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚੋਂ ਰਿਹਾਅ ਕਰਨ ਨੂੰ ਤਿਆਰ ਨਹੀਂ ਹਨ ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ । ਇਸ ਮੌਕੇ ਬੇਅੰਤ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਅਤੇ ਦੀਪਮਾਲਾ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤੇ ।
Posted By:
TAJEEMNOOR KAUR
Leave a Reply