ਸਿੱਖ ਕੌਮ : ਨਵਾਂ ਸਾਲ ਨਵੀਂ ਪਛਾਣ ਦਾ ਸਮਾਂ — ਡਾ. ਸਤਿੰਦਰ ਪਾਲ ਸਿੰਘ

ਸਿੱਖ ਕੌਮ : ਨਵਾਂ ਸਾਲ ਨਵੀਂ ਪਛਾਣ ਦਾ ਸਮਾਂ  — ਡਾ. ਸਤਿੰਦਰ ਪਾਲ ਸਿੰਘ

ਨਿਊਜ਼ੀਲੈਂਡ ਵਿੱਚ ਸਿੱਖਾਂ ਦੇ ਨਗਰ ਕੀਰਤਨ ਨੂੰ ਰੋਕਣ ਆਏ ਇੱਕ ਸਥਾਨਕ ਸਮੂਹ ਦੇ ਬੈਨਰ ਵਿੱਚ ਲਿਖਿਆ ਹੋਇਆ ਸੀ “ ਗੋ ਬੈਕ ਟੂ ਇੰਡੀਆ “ . ਨਗਰ ਕੀਰਤਨ ਦਾ ਵਿਰੋਧ ਇੱਕ ਗੱਲ ਸੀ ਪਰ ਨਗਰ ਕੀਰਤਨ ਕੱਢ ਰਹੇ ਸਿੱਖਾਂ ਨੂੰ ਜੋ ਨਿਊਜੀਲੈਂਡ ਨੂੰ ਆਪਣਾ ਦੇਸ਼ ਮੰਨ ਚੁਕੇ ਹਨ ਭਾਰਤ ਨਾਲ ਜੋੜ ਕੇ ਵੇਖਣਾ ਸਿੱਖਾਂ ਦੀ ਕੌਮਾਂਤਰੀ ਪਛਾਣ ਤੇ ਸਵਾਲ ਖੜਾ ਕਰਨ ਵਾਲਾ ਹੈ। ਸਿੱਖ ਕੌਮ ਦਾ ਸਵਰੂਪ ਗੁਰੂ ਨਾਨਕ ਸਾਹਿਬ ਨੇ ਕੀ ਸਿਰਜਿਆ ਸੀ , ਵਰਤਮਾਨ ਦ੍ਰਿਸ਼ ਕੀ ਹੈ ਇਸ ਤੇ ਗੰਭੀਰ ਚਿੰਤਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਧਰਤੀ ਦੇ ਲਗਭੱਗ ਸਾਰੇ ਹੀ ਹਿੱਸੇ ਦੀ ਧਰਮ ਯਾਤਰਾ ਕੀਤੀ ਸੀ। ਗੁਰੂ ਸਾਹਿਬ ਜਿੱਥੇ ਵੀ ਗਏ , ਲੋਗ ਉਨ੍ਹਾਂ ਦੇ ਅਨੁਆਈ ਬਣੇ , ਸਿੱਖ ਸੰਗਤ ਕਾਇਮ ਹੋਈ “ ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ “ । ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸਾਰੇ ਜਗਤ ਲਈ ਸੀ , ਗੁਰਸਿੱਖੀ ਪੂਰੀ ਮਨੁੱਖਤਾ ਦਾ ਖੁੱਲਾ ਵੇਹੜਾ ਸੀ “ ਚੜ੍ਹਿਆ ਸੋਧਣਿ ਧਰਤਿ ਲੁਕਾਈ “ । ਭਾਈ ਗੁਰਦਾਸ ਜੀ ਗੁਰੂ ਕਾਲ ਦੇ ਸ਼ਿਖਰ ਵਿਦਵਾਨ ਸਨ। ਉਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਦੀ ਉਪਮਾ ਦਿੱਤੀ ਸੀ ” ਜਾਹਰ ਪੀਰੁ ਜਗਤੁ ਗੁਰ ਬਾਬਾ “ । ਗੁਰੂ ਨਾਨਕ ਸਾਹਿਬ ਦਾ ਜੀਵਨ , ਉਨ੍ਹਾਂ ਦੀ ਸੋਚ , ਉਨ੍ਹਾਂ ਦੀ ਬਾਣੀ ਹੀ ਸਿੱਖ ਪੰਥ ਦਾ ਧੁਰਾ ਹੈ। ਕੀ ਜਗਤ ਗੁਰੂ ਦੀ ਸਰਬ ਜਗਤ ਹਿੱਤ ਦੀ ਸੋਚ ਨੂੰ ਧਰਤੀ ਦੇ ਕਿਸੇ ਖਾਸ ਹਿੱਸੇ ਨਾਲ ਜੋੜਿਆ , ਬੰਨਿਆ ਜਾ ਸਕਦਾ ਹੈ। ਜੋ ਸਿੱਖ ਨਿਤ ਸਵੇਰੇ ਸ਼ਾਮ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ , ਕੀ ਉਸ ਨੂੰ ਕਿਸੇ ਖਾਸ ਅਸਥਾਨ ਦੇ ਸੰਦਰਭ ਵਿੱਚ ਵੇਖਣਾ ਕੁੱਝ ਸੋਚਣ ਤੇ ਮਜਬੂਰ ਨਹੀਂ ਕਰਦਾ। ਜਿੰਮੇਵਾਰੀ ਵੇਖਣ ਵਾਲੇ ਦੀ ਘੱਟ ਦਰਸਾਉਣ ਵਾਲੇ ਦੀ ਜਿਆਦਾ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਕਿਵੇਂ ਪ੍ਰਗਟ ਕਰ ਰਿਹਾ ਹੈ। ਸਿੱਖ ਅੱਜ ਦੁਨੀਆ ਦੇ ਹਰ ਕੋਨੇ , ਤਕਰੀਬਨ ਹਰ ਦੇਸ਼ ਵਿੱਚ ਨਿਵਾਸ ਕਰ ਰਹੇ ਹਨ , ਉਨ੍ਹਾਂ ਦੇਸ਼ਾਂ ਦੀ ਨਾਗਰਿਕਤਾ ਪ੍ਰਾਪਤ ਕਰ ਚੁਕੇ ਹਨ। ਕਈ ਦੇਸ਼ਾਂ ਵਿੱਚ ਤਾਂ ਦੂਜੀ , ਤੀਜੀ ਪੀੜ੍ਹੀ ਚੱਲ ਰਹੀ ਹੈ। ਸਰਬਤ ਦੇ ਭਲੇ ਦੀ ਭਾਵਨਾ ਨੇ ਹੀ ਸਿੱਖਾਂ ਨੂੰ ਹਰ ਦੇਸ਼ ਵਿੱਚ ਸਫਲਤਾ ਦਿਵਾਈ ਹੈ। ਜੀਵਨ ਦੇ ਹਰ ਖੇਤਰ ਵਿੱਚ ਇੱਥੇ ਤੱਕ ਕਿ ਭਿੰਨ ਭਿੰਨ ਦੇਸ਼ਾਂ ਦੇ ਸ਼ਾਸਨ ਤੇ ਸਿਆਸਤ ਵਿੱਚ ਵੀ ਸਿੱਖ ਆਪਣਾ ਯੋਗਦਾਨ ਪਾ ਰਹੇ ਹਨ। ਯੂ. ਕੇ. ਦੀ ਪਾਰਲੀਮੈਂਟ ਵਿੱਚ ਦੂਜੀ ਪੀੜ੍ਹੀ ਦੇ ਸਰਦਾਰ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਪੂਰਨ ਸਿੱਖੀ ਸਵਰੂਪ ਵਿੱਚ ਲਗਾਤਾਰ ਦੋ ਚੋਣਾਂ ਜਿੱਤ ਚੁਕੇ ਹਨ। ਕਨੈਡਾ ਦੀ ਸਿਆਸਤ ਵਿੱਚ ਸਿੱਖਾਂ ਦਾ ਦਖਲ ਤੇ ਦਬਦਬਾ ਇੱਕ ਮਿਸਾਲ ਬਣ ਚੁੱਕਿਆ ਹੈ। ਸਿੱਖ ਰੋਲ ਮਾਡਲ ਅੱਜ ਭਾਰਤ ਤੋਂ ਜਿਆਦਾ ਬਾਹਰ ਦੇ ਦੇਸ਼ਾਂ ਵਿੱਚ ਉਭਰ ਕੇ ਆਏ ਹਨ। ਕੀ ਸਿੱਖ ਅੱਜ ਇੱਕ ਗਲੋਬਲ ਕੌਮ ਦਾ ਰੂਪ ਨਹੀਂ ਧਾਰਨ ਕਰ ਚੁਕੀ ਹੈ। ਗੁਰੂ ਸਾਹਿਬਾਨ ਨਾਲ ਸਬੰਧਤ ਪਾਵਨ ਅਸਥਾਨ ਪਾਕਿਸਤਾਨ ਤੇ ਭਾਰਤ ਵਿੱਚ ਮੌਜੂਦ ਹਨ । ਸਿੱਖ਼ ਪਂਥ ਦੀ ਨੀਂਹ ਨਨਕਾਣਾ ਸਾਹਿਬ ਵਿੱਚ ਪਈ ਤੇ ਬਰਾਸਤਾ ਆਨੰਦਪੁਰ ਸਾਹਿਬ, ਹਜੂਰ ਸਾਹਿਬ ਨਾਂਦੇੜ ਵਿੱਚ ਪਰਿਪੱਕ ਹੋਈ । ਪਰ ਦਸਾਂ ਪਤਿਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਉਸ ਅਸਥਾਨ ਤੇ ਵਿਰਾਜਮਾਨ ਮਿਲ ਜਾਣਗੇ ਜਿੱਥੇ ਵੀ ਸਿੱਖ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਰ ਅਸਥਾਨ ਸਿੱਖ ਨੂੰ ਭਾਵਨਾਤਮਕ ਹੀ ਨਹੀਂ ਸਿਧਾਂਤਕ ਪੱਧਰ ਤੇ ਵੀ ਜੋੜ ਦਿੰਦਾ ਹੈ। ਇਹ ਹਰ ਉਸ ਦੇਸ਼ , ਉਸ ਧਰਤੀ ਨਾਲ ਸਿੱਖ ਦੇ ਈਮਾਨਦਾਰੀ ਨਾਲ ਜੁੜ ਜਾਣ ਦਾ ਵੱਡਾ ਤੇ ਪੱਕਾ ਆਧਾਰ ਹੈ। ਸਿੱਖਾਂ ਦੀ ਦੂਜੀ , ਤੀਜੀ ਜਾਂ ਕਈ ਜਗਹ ਤਾਂ ਚੌਥੀ ਪੰਜਵੀਂ ਪੀੜ੍ਹੀ ਇਸ ਆਧਾਰ ਤੇ ਉਸ ਦੇਸ਼ ਦੇ ਸਮਾਜ , ਸੰਸਕ੍ਰਿਤੀ ਨਾਲ ਇੱਕ ਮਿੱਕ ਹੋ ਚੁਕੀ ਹੈ। ਪਰ ਲੱਗਦਾ ਹੈ ਅਸੀਂ ਇਸ ਹਕੀਕਤ ਨੂੰ ਸਮਝ ਨਹੀਂ ਰਹੇ ਹਾਂ , ਜੇ ਸਮਝ ਰਹੇ ਹਾਂ ਤਾਂ ਸਵੀਕਾਰ ਨਹੀਂ ਕਰਨਾ ਚਾਹੁੰਦੇ। ਇਸ ਕਾਰਨ ਹੀ ਸਿੱਖ ਕੌਮ ਦੀ ਛਵੀ ਇੱਕ ਕੌਮਾਂਤਰੀ , ਗਲੋਬਲ ਕੌਮ ਦੀ ਨਹੀਂ ਬਣ ਪਾ ਰਹੀ ਹੈ। ਬੁੱਧ ਧਰਮ ਦਾ ਮੂਲ ਵੀ ਭਾਰਤ ਹੈ। ਪਰ ਕਿਸੇ ਦੇਸ਼ ਵਿੱਚ ਬੁੱਧ ਧਰਮ ਦੇ ਅਨੁਆਈ ਨੂੰ ਅਜਿਹੇ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਧਰਮ ਇੱਕ ਹੋ ਸਕਦਾ ਹੈ ਪਰ ਨਾਗਰਿਕਤਾ ਨਾਲ ਸਬੰਧਤ ਫਰਜ ਵੱਖ ਵੱਖ ਹੋ ਜਾਂਦੇ ਹਨ । ਧਰਮ ਤੇ ਦੇਸ਼ ਵਿੱਚ ਫਰਕ ਹੈ। ਭਾਰਤ ਦੇ ਸਿੱਖ ਦਾ ਪੂਰਾ ਸਮਰਪਣ ਭਾਰਤ ਪ੍ਰਤੀ ਹੈ ਇਸ ਬਾਰੇ ਕੋਈ ਦੂਜੀ ਰਾਇ ਨਹੀਂ। ਇਵੇਂ ਹੀ ਦੂਜੇ ਦੇਸ਼ਾਂ ਦੇ ਸਿੱਖ ਹਨ। ਪਰ ਇੱਕ ਸਿੱਖ ਦੇ ਤੌਰ ਤੇ ਸਰਬਤ ਦੇ ਭਲੇ ਦਾ ਸੰਕਲਪ ਪੂਰੇ ਜਗਤ , ਪੂਰੀ ਮਨੁੱਖਤਾ ਨਾਲ ਜੋੜ ਦਿੰਦਾ ਹੈ। ਇਸ ਦੇ ਲਾਭ ਹਾਣੀ ਬਾਰੇ ਵਿਚਾਰਿਆ ਜਾਣਾ ਚਾਹੀਦੇ ਤੇ ਕੌਮ ਦੇ ਧਾਰਮਕ ਫੈਸਲੇ ਵੀ ਕੌਮ ਦੇ ਵਿਸ਼ਵ ਵਿਆਪੀ ਧਾਰਮਕ , ਸਮਾਜਕ ਹਿੱਤਾਂ ਨੂੰ ਦ੍ਰਿਸ਼ਟੀ ਵਿਚ ਰੱਖ ਕੇ ਲਏ ਜਾਣੇ ਚਾਹੀਦੇ ਹਨ। ਬਾਹਰ ਦੇ ਦੇਸ਼ਾਂ ਵਿੱਚ ਸਿੱਖ ਆਪਣੀ ਸਵਰੂਪਕ ਪਛਾਣ ਕਾਇਮ ਕਰਨ ‘ਚ ਤਾਂ ਸਫਲ ਰਹੇ ਹਨ ਪਰ ਸਿਧਾਂਤਕ ਪਛਾਣ ਤੋਂ ਅਵੇਸਲੇ ਹੋ ਗਏ। ਇਹ ਸੰਦੇਸ਼ ਗਿਆ ਹੀ ਨਹੀਂ ਕਿ ਸਿੱਖ ਧਰਮ ਮਨੁੱਖਤਾ ਦਾ ਧਰਮ ਹੈ , ਮਨੁੱਖਤਾ ਦੇ ਭਲੇ ਨੂੰ ਸਮਰਪਿਤ ਧਰਮ ਹੈ। 
ਨਵਾਂ ਸਾਲ ਨਵੀਂ ਦ੍ਰਿਸ਼ਟੀ ਦਾ ਸਾਲ ਹੋਣਾ ਚਾਹੀਦੇ । ਗੁਰੂ ਨਾਨਕ ਸਾਹਿਬ ਦੇ ਚਿੰਤਨ ਤੇ ਮਨੋਰਥ ਨੂੰ ਪੁਨਰ ਜੀਵਤ ਕਰਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਮਨੁੱਖੀ ਫਿਤਰਤ ਨੂੰ ਗਹਿਰਾਈ ਨਾਲ ਜਾਣਦੇ ਸਨ ਤਾਂ ਹੀ ਵਚਨ ਕੀਤਾ ਸੀ “ ਗਲ਼ੀ ਜੋਗੁ ਨ ਹੋਈ ” । ਮਨੁੱਖ ਜੇ ਨਿਰਿਆਂ ਗੱਲਾਂ ਨਾਲ ਹੀ ਪਰਮਾਤਮਾ ਨਾਲ ਮਿਲਾਪ ਦਾ ਸੁਪਨਾ ਲੈ ਸਕਦਾ ਹੈ ਤਾਂ ਕੋਈ ਅਚਰਜ ਨਹੀਂ ਕਿ ਜੀਵਨ ਵਿਵਹਾਰ ਵਿੱਚ ਤਾਂ ਉਹ ਇੱਕਦਮ ਲਾਪਰਵਾਹ ਹੋ ਜਾਏ। ਜਿਸ ਰਾਹ ਤੇ ਚੱਲ ਕੇ ਪਰਮਾਤਮਾ ਨਾਲ ਮੇਲ ਹੋਣਾ ਹੈ “ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ” ਉਹ ਸਮ ਦ੍ਰਿਸ਼ਟੀ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਦਾ ਕਾਰਨ ਬਣਦੀ ਹੈ । ਪੰਥ ਅੰਦਰ ਆਇਆ ਧਾਰਮਕ , ਸਮਾਜਕ ਤਰੇੜਾਂ ਸਮਦ੍ਰਿਸ਼ਟੀ ਨਾ ਹੋਣ ਕਾਰਨ ਹੀ ਆਇਆਂ ਹੈ ਜੋ ਲਗਾਤਾਰ ਵੱਡਿਆਂ ਹੁੰਦਿਆਂ ਜਾ ਰਹਿਆਂ ਹਨ। ਆਪਸ ‘ਚ ਵਿਸ਼ਵਾਸ ਦੀ ਘਾਟ , ਕਥਨ ਤੇ ਕਰਨ ਦਾ ਫਰਕ , ਨਿਜ ਸਵਾਰਥ ਨੇ ਫਰੇਬ ਤੇ ਧੋਖੇ ਦਾ ਵਾਤਾਵਰਨ ਬਣਾ ਦਿੱਤਾ ਹੈ। ਵਿਅਕਤੀ ਹੋਣ ਜਾਂ ਸੰਸਥਾਵਾਂ ਆਮ ਸਿੱਖ ਦਾ ਭਰੋਸਾ ਟੁੱਟਦਾ ਜਾ ਰਿਹਾ ਹੈ। ਆਪਣੇ ਆਪ ਦੀ ਸੋਚ ਨੇ ਪੰਥ ਦੀ ਸੋਚ ਨੂੰ ਤਾਕ ਤੇ ਰੱਖ ਦਿੱਤਾ ਹੈ। ਹਾਸੋ ਹੀਣੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਹੀ ਪੰਥ ਮੰਨ ਲਿਆ ਗਿਆ ਹੈ ਤੇ ਪੰਥ ਦੇ ਨਾਂ ਤੇ ਆਪਣੇ ਸਵਾਰਥ ਸਿੱਧ ਕੀਤੇ ਜਾ ਰਹੇ ਹਨ। ਇਹ ਚਤੁਰਾਈ , ਸਿਆਣਪ ਹੀ ਜਿਸ ਦਾ ਸਿੱਖ ਪੰਥ ਅੰਦਰ ਕੋਈ ਅਸਥਾਨ ਨਹੀਂ ਹੈ ਪੰਥਕ ਹਿੱਤਾਂ ਨਾਲ ਵੱਡਾ ਧ੍ਰੋਹ ਕਮਾ ਰਹੀ ਹੈ। ਕੌਮੀ ਫੈਸਲਿਆਂ ਵਿੱਚ ਸਮਦ੍ਰਿਸ਼ਟੀ ਅਪਣਾਈ ਜਾਵੇ ਤਾਂ ਵਿਵੇਕ ਆਪ ਹੀ ਲੀਹ ਤੇ ਆ ਜਾਵੇਗਾ। ਮਨੁੱਖ ਦੀ ਚਤੁਰਾਈ , ਸਿਆਣਪ ਉਸ ਨੂੰ ਭੁਲੇਖੇ ਵਿੱਚ ਰੱਖ ਸਕਦੀ ਹੈ ਪਰ ਅੰਤ ਕੰਮ ਨਹੀਂ ਆਉਂਦੀ “ ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ “ । ਕੌਮ ਨੇ ਜੇ ਗੁਰੂ ਦੇ ਜੀਵਨ ਸਿਧਾਂਤ ਧਾਰਨ ਕੀਤੇ ਹੁੰਦੇ ਤਾਂ ਇਹ ਸਥਿਤੀ ਆਉਣੀ ਹੀ ਨਹੀਂ ਸੀ ਜੋ ਅੱਜ ਬਣ ਗਈ ਹੈ।ਧਰਮ ਪ੍ਰਚਾਰ ਦਾ ਕੰਮ ਆਪਣੇ ਆਪ ਤੋਂ ਆਰੰਭ ਕੀਤਾ ਜਾਣਾ ਚਾਹੀਦੇ। ਸਿੱਖ ਗੁਰੂ ਦੇ ਉਪਦੇਸ਼ਾਂ ਨੂੰ ਧਾਰਨ ਕਰ ਸੱਚਾ ਸਿੱਖ ਬਣ ਜਾਏ ਤਾਂ ਬਹੁਤ ਸਾਰੇ ਮਸਲੇ ਆਪ ਹੀ ਹੱਲ ਹੋ ਜਾਣ। ਗੁਰਦੁਆਰੇ ਦੇ ਰਹਿਤ , ਗੁਰਸਿੱਖ ਦੀ ਰਹਿਤ ਦਾ ਮੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਗੁਰੂ ਸਾਹਿਬਾਨ ਦੇ ਪ੍ਰਮਾਣਿਕ ਇਤਿਹਾਸ ਵਿੱਚ ਦਰਜ ਵਚਨ ਹਨ । ਗੁਰਮਤਿ ਦੀ ਮਨਚਾਹੀ ਵਿਆਖਿਆ ਕਰਨ ਤੇ ਅੰਕੁਸ਼ ਲਾਉਣ ਬਾਰੇ ਸੋਚਿਆ ਜਾਣਾ ਚਾਹੀਦੇ। ਨਵਾਂ ਸਾਲ ਇਸ ਸੰਕਲਪ ਦਾ ਸਾਲ ਹੋਣਾ ਚਾਹੀਦੇ। 
ਸਿੱਖ ਪੰਥ ਇਮਾਨਦਾਰੀ ਨਾਲ ਪਿਛਲਿਆਂ ਗਲਤੀਆਂ , ਭੁੱਲਾਂ ਦੀ ਪਛਾਣ ਵੀ ਕਰੇ ਅਤੇ ਉਨ੍ਹਾਂ ਨੂੰ ਨਾਂ ਦੁਹਰਾਉਣ ਦੀ ਖੁੱਲੀ ਵਚਨਬੱਧਤਾ ਪ੍ਰਗਟ ਕਰੇ। ਆਮ ਸਿੱਖ ਅੰਦਰ ਭਰੋਸੇ ਤੇ ਆਸ ਦਾ ਭਾਵ ਪੈਦਾ ਕਰਨਾ ਸੱਭ ਤੋਂ ਵੱਡੀ ਲੋੜ ਹੈ। ਪੂਰੀ ਗੁਰਬਾਣੀ ਹੀ ਆਸ ਤੇ ਭਰੋਸੇ ਦੀ ਬਾਣੀ ਹੈ। ਗੁਰਬਾਣੀ ਨਾਲ ਜੁੜ ਕੇ ਵੀ ਜੇ ਮਨ ਅੰਦਰ ਆਸ ਤੇ ਭਰੋਸਾ ਨਹੀਂ ਤਾਂ ਘਾਟ ਆਪਣੇ ਅੰਦਰ ਹੀ ਹੈ। ਇਸ ਨੂੰ ਸਵੀਕਾਰ ਕਰ ਕੇ ਅੱਗੇ ਵੱਧਣ ਦੀ ਲੋੜ ਹੈ ਗੁਰੂ ਆਪ ਬਖਸ਼ਣਹਾਰ ਹੈ ਤੇ ਸਹਾਈ ਹੋਵੇਗਾ “ ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ |
 
ਡਾ. ਸਤਿੰਦਰ ਪਾਲ ਸਿੰਘ 
ਈ - ੧੭੧੬ , ਰਾਜਾਜੀਪੁਰਮ 
ਲਖਨਊ - ੨੨੬੦੧੭ 
ਈ ਮੇਲ - [email protected]

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.