ਨਸ਼ਿਆਂ ਦੇ ਖਾਤਮੇ ਲਈ ਸਰਕਾਰਾਂ ਦੇ ਨਾਲ ਸਮਾਜ ਦੀ ਭਾਗੀਦਾਰੀ ਵੀ ਜ਼ਰੂਰੀ: ਚੈਅਰਮੈਨ ਸਿੱਖ ਮਿਸ਼ਨਰੀ ਕਾਲਜ
- ਅੰਤਰਰਾਸ਼ਟਰੀ
- (Asia/Kolkata)
ਲੁਧਿਆਣਾ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਸਮੁੱਚੇ ਸਮਾਜ ਸਾਹਮਣੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਘਟਨਾ ਦੀ ਨਿਰਪੱਖ ਜਾਂਚ, ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਨਸ਼ਾ ਵਿਰੋਧੀ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ।
ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਂਝੇ ਯਤਨਾਂ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਨਾਲ-ਨਾਲ ਪਰਿਵਾਰਾਂ, ਵਿਦਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਅਨੁਸਾਰ ਸਿਰਫ਼ ਕਾਨੂੰਨੀ ਕਾਰਵਾਈ ਉੱਤੇ ਨਿਰਭਰ ਰਹਿ ਕੇ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾ ਸਕਦਾ।
ਝੋਟਾ ਦੇ ਪਰਿਵਾਰ ਨਾਲ ਹਮਦਰਦੀ, ਸਮਾਜ ਨੂੰ ਆਪਣੀ ਭੂਮਿਕਾ ਵਿਚਾਰਨ ਦਾ ਸੱਦਾ
ਸਰਦਾਰ ਹਰਜੀਤ ਸਿੰਘ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਆਪਣੀ ਸਰਗਰਮੀ ਕਾਰਨ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਜੀਅ ਦੇ ਸਦਾ ਲਈ ਵਿਛੜ ਜਾਣ ਦੀ ਪੀੜ ਬਹੁਤ ਡੂੰਘੀ ਹੁੰਦੀ ਹੈ।
ਉਨ੍ਹਾਂ ਸਵਾਲ ਕੀਤਾ, “ਆਖ਼ਰ ਕਿੰਨੀ ਕੁ ਦੇਰ ਅਸੀਂ ਨਸ਼ਿਆਂ ਦੇ ਇਸ ਕੋਹੜ ਨੂੰ ਬਰਦਾਸ਼ਤ ਕਰਦੇ ਰਹਾਂਗੇ? ਕਿੰਨੀ ਕੁ ਦੇਰ ਅਸੀਂ ਚੁੱਪ ਕਰਕੇ ਬੈਠੇ ਰਹਾਂਗੇ? ਕਿੰਨੀ ਕੁ ਦੇਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਦਿਆਂ ਦੇਖਦੇ ਰਹਾਂਗੇ?”
ਉਨ੍ਹਾਂ ਕਿਹਾ ਕਿ ਇਹ ਸਵਾਲ ਕਿਸੇ ਇੱਕ ਸਰਕਾਰ, ਸੰਸਥਾ ਜਾਂ ਪਰਿਵਾਰ ਲਈ ਨਹੀਂ, ਸਗੋਂ ਸਮੁੱਚੇ ਪੰਜਾਬੀ ਸਮਾਜ ਲਈ ਹਨ। ਨਸ਼ਾ ਤਸਕਰੀ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਦੇ ਨਾਲ ਅਜਿਹੇ ਲੋਕਾਂ ਨੂੰ ਕਾਨੂੰਨੀ ਅਤੇ ਸਮਾਜਿਕ ਸਹਿਯੋਗ ਮਿਲਣਾ ਚਾਹੀਦਾ ਹੈ, ਜੋ ਇਸ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ।
ਨੌਜਵਾਨਾਂ ਦੇ ਨਾਲ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ ਨਸ਼ੇ
ਨਸ਼ਿਆਂ ਦੇ ਸਮਾਜ ਉੱਤੇ ਪੈ ਰਹੇ ਪ੍ਰਭਾਵਾਂ ਬਾਰੇ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਇਨ੍ਹਾਂ ਦੀ ਲਪੇਟ ਵਿੱਚ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਸੇ ਵੀ ਸਮਾਜ ਜਾਂ ਕੌਮ ਦਾ ਭਵਿੱਖ ਉਸ ਦੇ ਨੌਜਵਾਨਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਉਨ੍ਹਾਂ ਦੀ ਸਿਹਤ, ਆਚਾਰ, ਵਿਹਾਰ ਅਤੇ ਕਿਰਦਾਰ ਪ੍ਰਭਾਵਿਤ ਹੁੰਦੇ ਹਨ ਤਾਂ ਸਮਾਜ ਦਾ ਭਵਿੱਖ ਵੀ ਅਸਰ ਹੇਠ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਸ਼ਰਾਬ, ਅਫ਼ੀਮ, ਚਿੱਟਾ ਜਾਂ ਹੈਰੋਇਨ ਅਤੇ ਹੋਰ ਸਿੰਥੈਟਿਕ ਨਸ਼ੇ ਸਰੀਰਕ ਸਿਹਤ ਦੇ ਨਾਲ ਮਾਨਸਿਕ, ਬੌਧਿਕ ਅਤੇ ਨੈਤਿਕ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੇ ਹਨ। ਨਸ਼ਿਆਂ ਉੱਤੇ ਨਿਰਭਰਤਾ ਵਿਅਕਤੀ ਨੂੰ ਗੰਭੀਰ ਬਿਮਾਰੀਆਂ ਅਤੇ ਕਈ ਵਾਰ ਮੌਤ ਵੱਲ ਧੱਕ ਸਕਦੀ ਹੈ।
ਉਨ੍ਹਾਂ ਅਨੁਸਾਰ ਪਰਿਵਾਰ ਦਾ ਇੱਕ ਜੀਅ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਣ ਨਾਲ ਪੂਰਾ ਪਰਿਵਾਰ ਆਰਥਿਕ ਅਤੇ ਮਾਨਸਿਕ ਸੰਕਟ ਵਿੱਚ ਫਸ ਸਕਦਾ ਹੈ। ਬੱਚਿਆਂ ਦੀ ਪੜ੍ਹਾਈ, ਘਰ ਦਾ ਗੁਜ਼ਾਰਾ, ਪਰਿਵਾਰਕ ਰਿਸ਼ਤੇ ਅਤੇ ਸਮਾਜਿਕ ਜੀਵਨ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਨਸ਼ੇ ਦੀ ਲਤ ਪੂਰੀ ਕਰਨ ਲਈ ਅਪਰਾਧਾਂ ਵੱਲ ਮੁੜਨ ਦੀਆਂ ਘਟਨਾਵਾਂ ਸਮਾਜ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵੀ ਸੱਟ ਮਾਰਦੀਆਂ ਹਨ।
ਗੁਰਬਾਣੀ ਦੀ ਸਿੱਖਿਆ ਨਾਲ ਸੰਜਮ ਅਤੇ ਸਦਾਚਾਰ ਵੱਲ ਪ੍ਰੇਰਨਾ
ਸਰਦਾਰ ਹਰਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਦਾਚਾਰ, ਸੰਜਮ ਅਤੇ ਉੱਚੇ-ਸੁੱਚੇ ਜੀਵਨ ਦਾ ਮਾਰਗ ਦਿਖਾਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਜ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਸੁਚੇਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਦੀ ਮੱਤ, ਸੁਰਤ ਅਤੇ ਵਿਵੇਕ ਨੂੰ ਪ੍ਰਭਾਵਿਤ ਕਰਨ ਵਾਲੇ ਨਸ਼ਿਆਂ ਤੋਂ ਬਚਣ ਦੀ ਪ੍ਰੇਰਨਾ ਦਿੰਦੀ ਹੈ।
ਉਨ੍ਹਾਂ ਗੁਰਬਾਣੀ ਦੇ ਪਾਵਨ ਫੁਰਮਾਨ ਦਾ ਹਵਾਲਾ ਦਿੱਤਾ:
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਇਨ੍ਹਾਂ ਪੰਕਤੀਆਂ ਦਾ ਭਾਵ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਜਿਸ ਪਦਾਰਥ ਦੇ ਸੇਵਨ ਨਾਲ ਮਨੁੱਖ ਦੀ ਮੱਤ ਪ੍ਰਭਾਵਿਤ ਹੋਵੇ, ਆਪਣਾ-ਪਰਾਇਆ ਪਛਾਣਨ ਦੀ ਸਮਰੱਥਾ ਘਟੇ ਅਤੇ ਉਹ ਅਕਾਲ ਪੁਰਖ ਦੀ ਯਾਦ ਤੋਂ ਦੂਰ ਹੋਵੇ, ਅਜਿਹੇ ਨਸ਼ੇ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਇਹ ਸਿੱਖਿਆ ਧਾਰਮਿਕ ਜੀਵਨ ਦੇ ਨਾਲ ਸਮਾਜਿਕ ਅਤੇ ਨੈਤਿਕ ਜੀਵਨ ਲਈ ਵੀ ਮਹੱਤਵਪੂਰਨ ਹੈ।
ਇਲਾਜ ਅਤੇ ਮੁੜ-ਵਸੇਬੇ ਲਈ ਸਹਿਯੋਗ ਜ਼ਰੂਰੀ
ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਰੋਕਣਾ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ, ਗੈਰ-ਸਰਕਾਰੀ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਪਰਿਵਾਰਾਂ ਦੀ ਸਰਗਰਮ ਸ਼ਮੂਲੀਅਤ ਵੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨਸ਼ਿਆਂ ਤੋਂ ਬਚੇ ਹੋਏ ਹਨ, ਉਨ੍ਹਾਂ ਨੂੰ ਵੀ ਇਸ ਸਮੱਸਿਆ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਣਾ ਚਾਹੀਦਾ। ਨਸ਼ਿਆਂ ਦਾ ਫੈਲਾਅ ਸਮੁੱਚੇ ਸਮਾਜ ਲਈ ਖ਼ਤਰਾ ਹੈ।
ਨਸ਼ਿਆਂ ਦੀ ਲਤ ਵਿੱਚ ਫਸੇ ਵਿਅਕਤੀਆਂ ਪ੍ਰਤੀ ਸੰਵੇਦਨਸ਼ੀਲ ਵਿਹਾਰ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਜ, ਮੁੜ-ਵਸੇਬਾ ਅਤੇ ਪਰਿਵਾਰਕ ਸਹਿਯੋਗ ਬਹੁਤ ਜ਼ਰੂਰੀ ਹਨ। ਅਜਿਹੇ ਵਿਅਕਤੀਆਂ ਨੂੰ ਨਫ਼ਰਤ ਜਾਂ ਤਿਰਸਕਾਰ ਦੀ ਬਜਾਏ ਸਹੀ ਮਾਰਗਦਰਸ਼ਨ ਅਤੇ ਸਹਾਇਤਾ ਮਿਲਣੀ ਚਾਹੀਦੀ ਹੈ।
ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੀ ਜਵਾਬਦੇਹੀ ਉੱਤੇ ਜ਼ੋਰ
ਸਰਦਾਰ ਹਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਮਾਲੀਆ ਕਿਸੇ ਵੀ ਹਾਲਤ ਵਿੱਚ ਮਨੁੱਖੀ ਜੀਵਨ, ਨੌਜਵਾਨ ਪੀੜ੍ਹੀ ਦੇ ਭਵਿੱਖ ਅਤੇ ਸਮਾਜਿਕ ਸਿਹਤ ਤੋਂ ਵੱਧ ਮਹੱਤਵਪੂਰਨ ਨਹੀਂ ਹੋ ਸਕਦਾ। ਸਰਕਾਰਾਂ ਨੂੰ ਨਸ਼ਿਆਂ ਤੋਂ ਹੋਣ ਵਾਲੀ ਆਮਦਨ ਅਤੇ ਸਮਾਜ ਉੱਤੇ ਪੈਣ ਵਾਲੇ ਪ੍ਰਭਾਵਾਂ ਵਿਚਕਾਰ ਸਪੱਸ਼ਟ ਫ਼ਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਚੋਣਾਂ ਦੌਰਾਨ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵੰਡ ਸਬੰਧੀ ਸਾਹਮਣੇ ਆਉਣ ਵਾਲੇ ਮਾਮਲਿਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਸਪੱਸ਼ਟ ਦੂਰੀ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ, “ਜਿਸ ਇਮਾਰਤ ਦੀ ਨੀਂਹ ਹੀ ਝੂਠ ਉੱਤੇ ਰੱਖੀ ਜਾਵੇ, ਉੱਥੇ ਸੱਚ ਦੀ ਇਮਾਰਤ ਖੜ੍ਹੀ ਨਹੀਂ ਹੋ ਸਕਦੀ।” ਉਨ੍ਹਾਂ ਨਸ਼ਿਆਂ ਵਿਰੁੱਧ ਯਤਨਾਂ ਵਿੱਚ ਕਹਿਣੀ ਅਤੇ ਕਰਨੀ ਦੀ ਸਾਂਝ ਉੱਤੇ ਜ਼ੋਰ ਦਿੱਤਾ।
ਸਿੱਖਿਆ, ਖੇਡਾਂ ਅਤੇ ਰੁਜ਼ਗਾਰ ਦੇ ਮੌਕੇ ਸਿਰਜਣ ਦੀ ਲੋੜ
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦੇਣਾ ਕਾਫ਼ੀ ਨਹੀਂ ਹੈ। ਉਨ੍ਹਾਂ ਲਈ ਚੰਗੀ ਸਿੱਖਿਆ, ਖੇਡਾਂ, ਰਚਨਾਤਮਕ ਗਤੀਵਿਧੀਆਂ, ਰੁਜ਼ਗਾਰ ਅਤੇ ਜੀਵਨ ਵਿੱਚ ਅੱਗੇ ਵਧਣ ਦੇ ਮੌਕੇ ਉਪਲਬਧ ਕਰਵਾਉਣੇ ਪੈਣਗੇ।
ਉਨ੍ਹਾਂ ਨੌਜਵਾਨਾਂ ਨੂੰ ਗੁਰੂ ਸ਼ਬਦ, ਗੁਰਬਾਣੀ ਦੀ ਸਿੱਖਿਆ, ਗੁਰਮਤਿ ਸਿਧਾਂਤਾਂ ਅਤੇ ਉੱਚੀਆਂ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਪਰਿਵਾਰ, ਪਿੰਡ, ਮੁਹੱਲੇ ਅਤੇ ਸੰਸਥਾ ਨੂੰ ਇਸ ਕੰਮ ਵਿੱਚ ਆਪਣੀ ਭੂਮਿਕਾ ਪਛਾਣਨੀ ਪਵੇਗੀ।
ਗਿਆਨ, ਸੇਵਾ ਅਤੇ ਭਾਈਚਾਰਕ ਸਾਂਝ ਵਾਲੇ ਪੰਜਾਬ ਦੀ ਅਪੀਲ
ਸਰਦਾਰ ਹਰਜੀਤ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਜਿਹਾ ਸਮਾਜ ਸਿਰਜਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ, ਜਿੱਥੇ ਗਿਆਨ, ਸੇਵਾ, ਮਿਹਨਤ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹ ਮਿਲੇ। ਉਨ੍ਹਾਂ ਪੰਜਾਬ ਦੇ ਮੁੜ ਹਰਿਆ-ਭਰਿਆ ਹੋਣ ਅਤੇ ਹਰ ਵਿਅਕਤੀ ਵੱਲੋਂ ਸਿਹਤਮੰਦ, ਸੁਰੱਖਿਅਤ ਤੇ ਖ਼ੁਸ਼ਹਾਲ ਜੀਵਨ ਮਾਣਨ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ, “ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਗੋਂ ਸਮੁੱਚੇ ਸਮਾਜ ਦਾ ਸਾਂਝਾ ਫ਼ਰਜ਼ ਹੈ।” ਉਨ੍ਹਾਂ ਗੁਰਬਾਣੀ ਦੀ ਸਿੱਖਿਆ ਨੂੰ ਜੀਵਨ ਦਾ ਆਧਾਰ ਬਣਾਉਂਦਿਆਂ ਸਾਂਝੇ ਯਤਨਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਰਿਪੋਰਟ-ਗੁਰਜੀਤ ਸਿੰਘ ਅਜ਼ਾਦ
Leave a Reply