ਨੌਜਵਾਨੋ! ਨਸ਼ਿਆਂ ਅਤੇ ਲੱਚਰਤਾ ਦੇ ਜਾਲ 'ਚੋਂ ਨਿਕਲੋ

ਨੌਜਵਾਨੋ! ਨਸ਼ਿਆਂ ਅਤੇ ਲੱਚਰਤਾ ਦੇ ਜਾਲ 'ਚੋਂ ਨਿਕਲੋ

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੁੱਬਦਾ ਅਤੇ ਸੱਭਿਆਚਾਰ ਦੇ ਨਾਂ ਉੱਤੇ ਲੱਚਰਤਾ ਵਿੱਚ ਉਲਝਦਾ ਵੇਖ ਕੇ ਚੁੱਪ ਨਹੀਂ ਬੈਠਿਆ ਜਾ ਸਕਦਾ। ਜਿਸ ਜਵਾਨੀ ਨੇ ਆਪਣਾ ਇਤਿਹਾਸ ਪੜ੍ਹਨਾ ਸੀ, ਆਪਣੇ ਹੱਕ ਪਛਾਣਨੇ ਸਨ ਅਤੇ ਪੰਜਾਬ ਦਾ ਭਵਿੱਖ ਸੰਵਾਰਨਾ ਸੀ, ਉਸ ਦਾ ਵੱਡਾ ਹਿੱਸਾ ਜ਼ਿੰਦਗੀ ਦੀ ਦਿਸ਼ਾ ਗੁਆ ਰਿਹਾ ਹੈ। ਕੋਈ ਨਸ਼ੇ ਦੀ ਭੇਟ ਚੜ੍ਹ ਰਿਹਾ ਹੈ ਅਤੇ ਕੋਈ ਅਜਿਹੇ ਗੀਤਾਂ ਤੇ ਵਿਖਾਵੇ ਪਿੱਛੇ ਲੱਗਿਆ ਹੈ ਜਿਹੜੇ ਉਸ ਨੂੰ ਮਿਹਨਤ, ਜ਼ਿੰਮੇਵਾਰੀ ਅਤੇ ਸਿੱਖੀ ਤੋਂ ਦੂਰ ਲਿਜਾਂਦੇ ਹਨ।
 

ਪੰਜਾਬ ਦੇ ਪੁੱਤ ਮਰਦੇ ਰਹਿਣ ਅਤੇ ਅਸੀਂ ਇਸ ਨੂੰ ਕਿਸਮਤ ਮੰਨ ਕੇ ਬੈਠੇ ਰਹੀਏ, ਇਹ ਨਹੀਂ ਹੋ ਸਕਦਾ। ਮਾਵਾਂ ਦੇ ਵੈਣ, ਬੱਚਿਆਂ ਦੇ ਉੱਜੜੇ ਬਚਪਨ ਅਤੇ ਘਰਾਂ ਵਿੱਚ ਵਿਛਦੇ ਸੱਥਰ ਸਾਡੇ ਕੋਲੋਂ ਜਵਾਬ ਮੰਗਦੇ ਹਨ। ਜਿਸ ਜਵਾਨੀ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬਣਨਾ ਸੀ, ਉਹ ਆਪਣੇ ਸਾਹ ਬਚਾਉਣ ਲਈ ਜੂਝ ਰਹੀ ਹੈ। ਇਸ ਉੱਤੇ ਚੁੱਪ ਰਹਿਣਾ ਆਪਣੇ ਘਰ ਨੂੰ ਉੱਜੜਦਾ ਵੇਖ ਕੇ ਅੱਖਾਂ ਮੀਟ ਲੈਣਾ ਹੈ।
 

ਸਿਆਸੀ ਪਾਰਟੀਆਂ ਦੇ ਆਗੂ ਦੱਸਣ ਕਿ ਨਸ਼ਾ ਆਉਂਦਾ ਕਿੱਥੋਂ ਹੈ ਅਤੇ ਵੇਚਦਾ ਕੌਣ ਹੈ ? ਜਦੋਂ ਆਮ ਲੋਕਾਂ ਨੂੰ ਆਪਣੇ ਮੁਹੱਲਿਆਂ ਦੀ ਤਬਾਹੀ ਦਿਸਦੀ ਹੈ ਤਾਂ ਸਰਕਾਰਾਂ ਨੂੰ ਕਿਉਂ ਨਹੀਂ ਦਿਸਦੀ ? ਲੋਕਾਂ ਦੇ ਪੁੱਤ ਮਰ ਜਾਣ ਅਤੇ ਜਵਾਬ ਵਿੱਚ ਸਿਰਫ਼ ਬਿਆਨ ਮਿਲਣ, ਇਹ ਕਿਹੜੀ ਜਵਾਬਦੇਹੀ ਹੈ ? ਸਰਕਾਰਾਂ ਆਪਣੀ ਨਾਕਾਮੀ ਨੂੰ ਇਸ਼ਤਿਹਾਰਾਂ ਨਾਲ ਨਹੀਂ ਢੱਕ ਸਕਦੀਆਂ। ਨਸ਼ਿਆਂ ਵਿਰੁੱਧ ਜੰਗ ਦਾ ਸਬੂਤ ਤਾਂ ਬਚਦੀਆਂ ਜਾਨਾਂ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਠੋਸ ਕਾਰਵਾਈ ਹੈ ਜਿਸ ਤੋਂ ਸਰਕਾਰਾਂ ਕੰਨੀਂ ਕਤਰਾ ਰਹੀਆਂ ਹਨ। 
 

ਦੂਜੇ ਪਾਸੇ ਸੱਭਿਆਚਾਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਕੀ ਪਰੋਸਿਆ ਜਾ ਰਿਹਾ ਹੈ ? ਨਸ਼ੇ ਦੀ ਵਡਿਆਈ, ਔਰਤ ਦੀ ਬੇਇੱਜ਼ਤੀ, ਵਿਹਲੜਪੁਣੇ ਦਾ ਵਿਖਾਵਾ ਅਤੇ ਪੈਸੇ ਦਾ ਹੰਕਾਰ! ਕੀ ਇਹੋ ਪੰਜਾਬ ਦੀ ਪਛਾਣ ਹੈ ? ਜਿਸ ਧਰਤੀ ਨੇ ਕਿਰਤ, ਸੇਵਾ ਅਤੇ ਕੁਰਬਾਨੀ ਦਾ ਰਾਹ ਵਿਖਾਇਆ ਹੋਵੇ, ਉਸ ਦੇ ਸੱਭਿਆਚਾਰ ਨੂੰ ਲੱਚਰਤਾ ਦੀ ਪਛਾਣ ਦੇ ਦੇਣਾ ਵਿਰਾਸਤ ਨਾਲ ਧੱਕਾ ਹੈ।
 

ਨਸ਼ੇ ਵੇਚ ਕੇ ਕਮਾਈ ਕਰਨ ਵਾਲੇ ਹੋਣ ਜਾਂ ਨਸ਼ੇ ਤੇ ਲੱਚਰਤਾ ਨੂੰ ਵਡਿਆ ਕੇ ਪੇਸ਼ ਕਰਨ ਵਾਲੇ, ਉਨ੍ਹਾਂ ਦੀ ਕਮਾਈ ਦਾ ਮੁੱਲ ਪਰਿਵਾਰ ਆਪਣੀ ਬਰਬਾਦੀ ਨਾਲ ਚੁਕਾਉਂਦੇ ਹਨ। ਕਿਸੇ ਦੀ ਕਮਾਈ ਲਈ ਸਾਡੇ ਬੱਚਿਆਂ ਦਾ ਭਵਿੱਖ ਦਾਅ ਉੱਤੇ ਨਹੀਂ ਲੱਗ ਸਕਦਾ। ਕਲਾਕਾਰ ਵੀ ਆਪਣੀ ਜ਼ਿੰਮੇਵਾਰੀ ਪਛਾਣਨ। ਨੌਜਵਾਨਾਂ ਉੱਤੇ ਅਸਰ ਪਾਉਣ ਵਾਲੇ ਇਹ ਆਖ ਕੇ ਪਾਸੇ ਨਹੀਂ ਹੋ ਸਕਦੇ ਕਿ ਅਸੀਂ ਤਾਂ ਸਿਰਫ਼ ਮਨੋਰੰਜਨ ਕਰਦੇ ਹਾਂ।
 

ਜਵਾਨੀ ਜਦੋਂ ਆਪਣੇ ਇਤਿਹਾਸ, ਪਛਾਣ ਅਤੇ ਹੱਕਾਂ ਤੋਂ ਟੁੱਟਦੀ ਹੈ ਤਾਂ ਹਕੂਮਤ ਤੋਂ ਸਵਾਲ ਪੁੱਛਣ ਦੀ ਉਸ ਦੀ ਤਾਕਤ ਵੀ ਘੱਟਦੀ ਹੈ। ਅਸੀਂ ਆਪਣਾ ਫ਼ਰਜ਼ ਵੀ ਪਛਾਣੀਏ, ਜਿਨ੍ਹਾਂ ਗੀਤਾਂ ਦੀ ਸ਼ਿਕਾਇਤ ਕਰਦੇ ਹਾਂ, ਓਹੀ ਆਪਣੇ ਪ੍ਰੋਗਰਾਮਾਂ ਵਿੱਚ ਚਲਾਉਂਦੇ ਹਾਂ। ਬੱਚਿਆਂ ਨੂੰ ਮਹਿੰਗੇ ਫ਼ੋਨ ਦੇ ਦਿੰਦੇ ਹਾਂ, ਪਰ ਉਨ੍ਹਾਂ ਨਾਲ ਬੈਠ ਕੇ ਗੱਲ ਨਹੀਂ ਕਰਦੇ। ਗੁਰੂਘਰ ਜਾਂਦੇ ਹਾਂ, ਪਰ ਗੁਰੂ ਦੀ ਸਿੱਖਿਆ ਨੂੰ ਘਰ ਦੀ ਰਹਿਣੀ ਨਹੀਂ ਬਣਾਉਂਦੇ। ਇਹ ਪਾੜਾ ਮਿਟਾਉਣਾ ਪਵੇਗਾ। ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਪੜ੍ਹਾਈ, ਖੇਡਾਂ, ਹੁਨਰ ਅਤੇ ਸੇਵਾ ਨੂੰ ਨੌਜਵਾਨਾਂ ਦੇ ਜੀਵਨ ਵਿੱਚ ਥਾਂ ਦੇਣੀ ਪਵੇਗੀ।
 

ਨਸ਼ੇ ਵਿੱਚ ਫਸੇ ਨੌਜਵਾਨ ਨੂੰ ਧੱਕੇ ਮਾਰ ਕੇ ਆਪਣਾ ਫ਼ਰਜ਼ ਪੂਰਾ ਨਾ ਸਮਝੋ। ਉਸ ਨੂੰ ਇਲਾਜ, ਪਰਿਵਾਰ ਦਾ ਸਾਥ ਅਤੇ ਮੁੜ ਖੜ੍ਹਨ ਦਾ ਮੌਕਾ ਦਿਓ। ਗੁਰਦੁਆਰੇ ਅਤੇ ਜਥੇਬੰਦੀਆਂ ਅਜਿਹੇ ਘਰਾਂ ਦੀ ਬਾਂਹ ਫੜਨ। ਨਸ਼ਾ ਵੇਚਣ ਵਾਲੇ ਤੋਂ ਜਵਾਬ ਮੰਗੋ ਅਤੇ ਨਸ਼ੇ ਦੀ ਮਾਰ ਝੱਲ ਰਹੇ ਮਨੁੱਖ ਨੂੰ ਸੰਭਾਲੋ।
 

ਨੌਜਵਾਨੋ! ਤੁਹਾਡੀ ਜਵਾਨੀ ਕਿਸੇ ਨਸ਼ਾ ਵੇਚਣ ਵਾਲੇ ਦੀ ਕਮਾਈ ਜਾਂ ਲੱਚਰ ਵਿਖਾਵੇ ਦੀ ਭੇਟ ਚੜ੍ਹਨ ਲਈ ਨਹੀਂ। ਗੁਰੂ ਦੇ ਚਰਨਾਂ ਨਾਲ ਜੁੜੋ, ਆਪਣਾ ਇਤਿਹਾਸ ਜਾਣੋ ਅਤੇ ਆਪਣੇ ਹੱਕ ਪਛਾਣੋ। ਪੰਜਾਬ ਨੂੰ ਤੁਹਾਡੀ ਜਾਗਦੀ ਸੋਚ, ਮਿਹਨਤ ਅਤੇ ਸਿਦਕ ਦੀ ਲੋੜ ਹੈ। ਆਪਣੀ ਜਵਾਨੀ ਦਾ ਮੁੱਲ ਪਛਾਣੋ ਅਤੇ ਆਪਣੀ ਜ਼ਿੰਦਗੀ ਦੀ ਡੋਰ ਕਿਸੇ ਹੋਰ ਦੇ ਹੱਥ ਨਾ ਦਿਓ। 
 

- ਰਣਜੀਤ ਸਿੰਘ ਦਮਦਮੀ ਟਕਸਾਲ 
 

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
 

ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.