ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ
- ਅੰਤਰਰਾਸ਼ਟਰੀ
- (Asia/Kolkata)
ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ-ਸਾਂਝੀਵਾਲਤਾ ਦੇ ਰਹਿਬਰ : ਮਹੰਤ ਕਮਲਜੀਤ ਸਿੰਘ ਸਾਸ਼ਤ੍ਰੀ
ਅੰਮ੍ਰਿਤਸਰ 12 ਸਤੰਬਰ 2026 – ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਚੇਅਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ : ਸਰਬ-ਸਾਂਝੀਵਾਲਤਾ ਵਿਸ਼ੇ ਤੇ ਕਾਨਫਰੰਸ ਹਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ।
ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰ ਸਿੰਘ ਨੇ ਜੀ ਆਇਆਂ ਆਖਦਿਆਂ ਜਨਮ ਸਾਖੀਆਂ ਤੇ ਗੁਰਬਾਣੀ ਦੇ ਹਵਾਲੇ ਨਾਲ ਸ੍ਰੀ ਗੁਰੂ ਨਾਨਕ ਦੇਵ ਵੱਲੋਂ ਮਨੁੱਖਤਾ ਦੇ ਉਧਾਰ ਲਈ ਦਿੱਤੇ ਗਏ ਸਾਂਝੀਵਾਲਤਾ ਦੇ ਸੰਦੇਸ਼ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ। ਕੇਂਦਰ ਵੱਲੋਂ ਪ੍ਰਕਾਸ਼ਿਤ ਦੋ ਪੁਸਤਕਾਂ Bhai Gurdas an English adaptation of his vaars (vol iii) by Dr. Dharam Singh ਅਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸਿਕ ਗੁਰਦੁਆਰੇ ਅਤੇ ਯਾਦਗਾਰਾਂ ਦੁਆਰਾ ਖੋਜਾਰਥੀ ਗੁਰਮੇਲ ਸਿੰਘ ਰੀਲੀਜ਼ ਕੀਤੀਆਂ ਗਈਆਂ। ਵਿਸੇਸ਼ ਮਹਿਮਾਨ ਵਜੋਂ ਪੁੱਜੇ ਮਹੰਤ ਕਮਲਜੀਤ ਸਿੰਘ ਸਾਸ਼ਤ੍ਰੀ ਨੇ ਸਨਾਤਨੀ ਧਰਮ ਪਰੰਪਰਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰਲੇ ਹਵਾਲਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਦੀ ਵਿਲੱਖਣਤਾ ਅਤੇ ਮਹੱਤਤਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਗੁਰਬਾਣੀ ਵਿਚਲੇ ਵੱਖ-ਵੱਖ ਹਵਾਲਿਆਂ ਦੁਆਰਾ ਗੁਰਬਾਣੀ ਭਾਸ਼ਾ ਦੀ ਵਿਸ਼ੇਸ਼ਤਾ ਅਤੇ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਉਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਉਸਦੇ ਸਰਲ ਹੋਣ ਅਤੇ ਲੋਕ ਮਨ ਦੇ ਨੇੜੇ ਹੋਣ ਵਿਚ ਹੈ।
ਡਾ. ਸਤਨਾਮ ਸਿੰਘ ਦਿਓਲ, ਡੀਨ, ਵਿਦਿਆਰਥੀ ਭਲਾਈ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਸੈਮੀਨਾਰ ਦੇ ਵਿਸ਼ੇ ਵਿਚ ਸਰਬ-ਸਾਂਝੀਵਾਲਤਾ ਦੇ ਸੰਕਲਪ ਉੱਪਰ ਬਹੁਤ ਹੀ ਮੌਲਿਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਬ-ਸਾਂਝੀਵਾਲਤਾ ਦਾ ਸੰਕਲਪ ਬਾਕੀ ਧਰਮ ਪਰੰਪਰਾਵਾਂ ਵਿਚ ਵੀ ਮੌਜੂਦ ਹੈੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਸੰਕਲਪ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਕੀ ਹੈ? ਇਸ ਬਾਰੇ ਸੋਚਿਆ ਜਾਣਾ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਬਾਕੀ ਧਰਮਾਂ ਅੰਦਰ ਸਰਬ-ਸਾਂਝੀਵਾਲਤਾ ਦੇ ਸੰਕਲਪ ਦੀ ਸਮਝ ਬਹੁਤ ਸੀਮਿਤ ਅਤੇ ਟਕਰਾਅਮਈ ਅਰਥਾਂ ਵਿਚ ਮੌਜੂਦ ਹੈ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿਚ ਇਹ ਸੰਕਲਪ ਬ੍ਰਹਿਮੰਡੀ ਅਰਥਾਂ ਦਾ ਧਾਰਨੀ ਹੋਇਆ ਸਾਰੀਆਂ ਗਿਆਨ ਪਰੰਪਰਾਵਾਂ ਨੂੰ ਆਪਣੇ ਵਿਚ ਸੁਤੰਤਰ ਸਥਾਨ ਦਿੰਦਾ ਹੈ ਅਤੇ ਕਿਸੇ ਵੀ ਕਿਸਮ ਦਾ ਕੋਈ ਟਕਰਾਅ ਜਾਂ ਉੱਚਤਤਾ ਸਥਾਪਿਤ ਕਰਨ ਵੱਲ ਅਗਰਸਰ ਨਹੀਂ ਹੁੰਦਾ।
ਅੰਤ ਵਿਚ ਸੈਮੀਨਾਰ ਵਿਚ ਸ਼ਾਮਿਲ ਹੋਏ ਮਹਿਮਾਨਾਂ, ਵੱਖ-ਵੱਖ ਵਿਭਾਗਾਂ; ਗੁਰੂ ਨਾਨਕ ਅਧਿਐਨ ਵਿਭਾਗ, ਪੰਜਾਬੀ ਵਿਭਾਗ, ਸੰਸਕ੍ਰਿਤ ਵਿਭਾਗ, ਉਰਦੂ ਵਿਭਾਗ ਦੇ ਮੁਖੀ ਸਾਹਿਬਾਨਾਂ, ਪ੍ਰੋਫੈਸਰ ਸਾਹਿਬਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਕੇਂਦਰ ਵਲੋਂ ਧੰਨਵਾਦ ਕੀਤਾ ਗਿਆ। ਸੈਮੀਨਾਰ ਵਿਚ ਮੰਚ ਸੰਚਾਲਨ ਦੀ ਭੂਮਿਕਾ ਡਾ. ਰਾਜਬੀਰ ਕੌਰ ਅਤੇ ਧੰਨਵਾਦੀ ਮਤਾ ਲਖਵੀਰ ਕੌਰ ਵੱੱਲੋਂ ਪੇਸ਼ ਕੀਤਾ ਗਿਆ।
Leave a Reply