ਕਪੂਰਥਲਾ 'ਚ ਨਸ਼ਿਆਂ ਦੇ ਕਾਲੇ ਕਾਰੋਬਾਰ ਦਾ ਕਥਿਤ ਵੱਡਾ ਨੈੱਟਵਰਕ!

ਕਪੂਰਥਲਾ 'ਚ ਨਸ਼ਿਆਂ ਦੇ ਕਾਲੇ ਕਾਰੋਬਾਰ ਦਾ ਕਥਿਤ ਵੱਡਾ ਨੈੱਟਵਰਕ!

ਥੋੜ੍ਹੇ ਸਮੇਂ ਵਿੱਚ ਅਮੀਰ ਹੋਏ ਕਥਿਤ ਵਿਅਕਤੀ ਨੂੰ ਲੈ ਕੇ ਸ਼ਹਿਰ 'ਚ ਚਰਚਾ

ਪ੍ਰੈਗਾ ਕੈਪਸੂਲਾਂ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਦੇ ਗੰਭੀਰ ਦੋਸ਼, ਨੌਜਵਾਨਾਂ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਣ ਦਾ ਖਦਸ਼ਾ

ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਦੀ ਜਾਂਚ, ਸਪਲਾਈ ਚੇਨ ਅਤੇ ਕਥਿਤ ਸਰਪ੍ਰਸਤੀ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਕੀਤੀ ਮੰਗ

ਕਪੂਰਥਲਾ, 20 ਨਵੰਬਰ, ਗੌਰਵ ਮੜੀਆ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵੱਡੇ ਦਾਅਵਿਆਂ ਅਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦਰਮਿਆਨ ਰਿਆਸਤੀ ਸ਼ਹਿਰ ਕਪੂਰਥਲਾ ਤੋਂ ਨਸ਼ਿਆਂ ਦੇ ਕਥਿਤ ਕਾਰੋਬਾਰ ਸਬੰਧੀ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਕੁਝ ਲੋਕਾਂ ਵੱਲੋਂ ਦਿਨਾਂ ਵਿੱਚ ਹੀ ਅਮੀਰ ਹੋਏ ਇੱਕ ਵਿਅਕਤੀ ਨੂੰ ਲੈ ਕੇ ਨਸ਼ਿਆਂ ਦੀ ਕਥਿਤ ਤਸਕਰੀ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।ਜਿਸਨੇ ਥੋੜੇ ਹੀ ਸਮੇਂ ਚ ਨਸ਼ੇ ਦੀ ਕਮਾਈ ਨਾਲ ਸ਼ਹਿਰ ਚ ਮਹਿੰਗੀ ਤੋਂ ਮਹਿੰਗੀ ਜਾਇਦਾਦ,ਲਗਜ਼ਰੀ ਗੱਡੀਆਂ ਖਰੀਦ ਲਈਆਂ ਹਨ ਲਗਜ਼ਰੀ ਲਾਈਵ ਅਤੇ ਘੁੰਮਣ ਫਿਰਨ ਦਾ ਸ਼ੌਕੀਨ ਇਹ ਨਸ਼ਾ ਤਸਕਰ ਨਸ਼ਾ ਵੇਚਕੇ ਦਿਨਾਂ ਚ ਹੀ ਅਮੀਰ ਹੋਇਆ ਹੈ ਇਨ੍ਹਾਂ ਦੋਸ਼ਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਨਸ਼ਾ ਵਿਰੋਧੀ ਮੁਹਿੰਮ ਦੀ ਜ਼ਮੀਨੀ ਹਕੀਕਤ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਅਨੁਸਾਰ ਕਪੂਰਥਲਾ ਵਿੱਚ ਪ੍ਰੈਗਾ ਕੈਪਸੂਲਾਂ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਦਾ ਕਾਰੋਬਾਰ ਚਿੰਤਾਜਨਕ ਰੂਪ ਧਾਰਨ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਲਤ ਵਿੱਚ ਫਸ ਰਹੇ ਨੌਜਵਾਨਾਂ ਦੀ ਗਿਣਤੀ ਵਧਣ ਪਿੱਛੇ ਅਜਿਹੇ ਨਸ਼ੀਲੇ ਪਦਾਰਥਾਂ ਦੀ ਆਸਾਨ ਉਪਲਬਧਤਾ ਵੀ ਇੱਕ ਵੱਡਾ ਕਾਰਨ ਹੋ ਸਕਦੀ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸ ਦੇ ਮਾੜੇ ਪ੍ਰਭਾਵਾਂ ਦੀ ਲਪੇਟ ਵਿੱਚ ਨਾਬਾਲਗ ਬੱਚਿਆਂ ਅਤੇ ਨੌਜਵਾਨਾਂ ਦੇ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪ੍ਰੈਗਾ ਕੈਪਸੂਲਾਂ ਦੀ ਵਿਕਰੀ ਕਿਵੇਂ ਅਤੇ ਕਿੱਥੋਂ ਹੋ ਰਹੀ ਹੈ?

ਜਾਣਕਾਰੀ ਅਨੁਸਾਰ ਪ੍ਰੈਗਾਬਾਲਿਨ ਵਰਗੀਆਂ ਦਵਾਈਆਂ ਡਾਕਟਰੀ ਵਰਤੋਂ ਲਈ ਦਿੱਤੀਆਂ ਜਾਂਦੀਆਂ ਹਨ, ਪਰ ਇਨ੍ਹਾਂ ਦੀ ਗਲਤ ਵਰਤੋਂ ਸਿਹਤ ਲਈ ਗੰਭੀਰ ਖਤਰੇ ਪੈਦਾ ਕਰ ਸਕਦੀ ਹੈ। ਦਵਾਈਆਂ ਦੀ ਵਿਕਰੀ ਸਬੰਧੀ ਲਾਗੂ ਨਿਯਮਾਂ ਦੀ ਉਲੰਘਣਾ ਕਰਕੇ ਬਿਨਾਂ ਲੋੜੀਂਦੀ ਡਾਕਟਰੀ ਪਰਚੀ ਜਾਂ ਕਾਨੂੰਨੀ ਪ੍ਰਕਿਰਿਆ ਤੋਂ ਇਨ੍ਹਾਂ ਦੀ ਵਿਕਰੀ ਕਰਨਾ ਗੰਭੀਰ ਮਾਮਲਾ ਹੈ।

ਸ਼ਹਿਰ ਵਾਸੀਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੁਝ ਥਾਵਾਂ 'ਤੇ ਇਨ੍ਹਾਂ ਕੈਪਸੂਲਾਂ ਦੇ ਵੱਡੇ-ਵੱਡੇ ਡੱਬਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਕਥਿਤ ਤੌਰ 'ਤੇ ਕੁਝ ਛੋਟੇ ਦੁਕਾਨਦਾਰਾਂ ਅਤੇ ਹੋਰ ਸਾਧਨਾਂ ਰਾਹੀਂ ਵੀ ਇਹ ਨਸ਼ੀਲੇ ਪਦਾਰਥ ਅੱਗੇ ਪਹੁੰਚਾਏ ਜਾ ਰਹੇ ਹਨ। ਜੇਕਰ ਇਹ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਹ ਸਿਰਫ਼ ਨਸ਼ਾ ਤਸਕਰੀ ਦਾ ਮਾਮਲਾ ਨਹੀਂ, ਸਗੋਂ ਨੌਜਵਾਨ ਪੀੜ੍ਹੀ ਦੀ ਸਿਹਤ ਅਤੇ ਭਵਿੱਖ ਨਾਲ ਜੁੜਿਆ ਇੱਕ ਬੇਹੱਦ ਗੰਭੀਰ ਅਪਰਾਧਿਕ ਮੁੱਦਾ ਹੈ।

ਰੋਜ਼ਾਨਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਆਉਣ-ਜਾਣ ਦੇ ਦਾਅਵੇ

ਕੁਝ ਸਥਾਨਕ ਵਿਅਕਤੀਆਂ ਨੇ ਦਾਅਵਾ ਕੀਤਾ ਹੈ ਕਿ ਸਬੰਧਤ ਵਿਅਕਤੀ ਕੋਲ ਸਵੇਰ ਤੋਂ ਹੀ ਨੌਜਵਾਨਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਇਨ੍ਹਾਂ ਲੋਕਾਂ ਦੇ ਦਾਅਵਿਆਂ ਅਨੁਸਾਰ ਕੁਝ ਨੌਜਵਾਨ ਵੱਡੀ ਮਾਤਰਾ ਵਿੱਚ ਕੈਪਸੂਲ ਲੈ ਕੇ ਉੱਥੋਂ ਜਾਂਦੇ ਹਨ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਾਲੇ ਲਿਫਾਫਿਆਂ ਵਿੱਚ ਦਵਾਈਆਂ ਲਿਜਾਣ ਅਤੇ ਅੱਗੇ ਸਪਲਾਈ ਕਰਨ ਦਾ ਤਰੀਕਾ ਅਪਣਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਕਪੂਰਥਲਾ ਦੇ ਆਸ-ਪਾਸ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੱਕ ਵੀ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਦਾਅਵਿਆਂ ਦੀ ਪੁਲਿਸ ਵੱਲੋਂ ਨਿਰਪੱਖ ਜਾਂਚ ਕਰਵਾਉਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਕਾਰੋਬਾਰ ਪਿੱਛੇ ਕੌਣ-ਕੌਣ ਸ਼ਾਮਲ ਹੈ ਅਤੇ ਨਸ਼ੇ ਦੀ ਸਪਲਾਈ ਕਿਹੜੇ ਰਸਤਿਆਂ ਰਾਹੀਂ ਹੋ ਰਹੀ ਹੈ।

ਰੋਜ਼ਾਨਾ ਦਿਹਾੜੀ 'ਤੇ ਨੌਜਵਾਨਾਂ ਨੂੰ ਰੱਖਣ ਦੇ ਵੀ ਲੱਗੇ ਦੋਸ਼

ਮਾਮਲੇ ਨੂੰ ਹੋਰ ਗੰਭੀਰ ਬਣਾਉਂਦੇ ਹੋਏ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਕਥਿਤ ਨਸ਼ਾ ਸਪਲਾਈ ਲਈ ਕੁਝ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਾਨਾ ਲਗਭਗ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਦੋਸ਼ਾਂ ਅਨੁਸਾਰ ਇਹ ਨੌਜਵਾਨ ਕਥਿਤ ਤੌਰ 'ਤੇ ਆਪਣੀਆਂ ਜੇਬਾਂ ਵਿੱਚ ਕੈਪਸੂਲਾਂ ਦੇ ਪੱਤੇ ਰੱਖ ਕੇ ਵੱਖ-ਵੱਖ ਥਾਵਾਂ 'ਤੇ ਘੁੰਮਦੇ ਹਨ ਅਤੇ ਗਾਹਕਾਂ ਤੱਕ ਸਪਲਾਈ ਪਹੁੰਚਾਉਂਦੇ ਹਨ।

ਜੇਕਰ ਇਸ ਤਰ੍ਹਾਂ ਦਾ ਕੋਈ ਨੈੱਟਵਰਕ ਮੌਜੂਦ ਹੈ ਤਾਂ ਇਹ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਨੌਜਵਾਨਾਂ ਨੂੰ ਅਪਰਾਧ ਦੀ ਦਲਦਲ ਵਿੱਚ ਧੱਕਣ ਵਾਲੀ ਬੇਹੱਦ ਚਿੰਤਾਜਨਕ ਸਥਿਤੀ ਹੈ। ਪੁਲਿਸ ਨੂੰ ਸਿਰਫ਼ ਨਸ਼ਾ ਵੇਚਣ ਵਾਲੇ ਵਿਅਕਤੀਆਂ ਤੱਕ ਸੀਮਤ ਰਹਿਣ ਦੀ ਬਜਾਏ ਇਸ ਦੀ ਪੂਰੀ ਸਪਲਾਈ ਚੇਨ ਅਤੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰਨੀ ਚਾਹੀਦੀ ਹੈ।

ਅਫੀਮ ਅਤੇ ਚਿੱਟੇ ਦੀ ਸਪਲਾਈ ਦੇ ਵੀ ਦੋਸ਼, ਜਾਂਚ ਦੀ ਲੋੜ

ਕੁਝ ਸ਼ਹਿਰ ਵਾਸੀਆਂ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਕਥਿਤ ਤੌਰ 'ਤੇ ਪ੍ਰੈਗਾ ਕੈਪਸੂਲਾਂ ਤੋਂ ਇਲਾਵਾ ਅਫੀਮ ਅਤੇ ਚਿੱਟੇ ਵਰਗੇ ਨਸ਼ਿਆਂ ਦੀ ਸਪਲਾਈ ਨਾਲ ਵੀ ਇਸ ਨੈੱਟਵਰਕ ਦੇ ਤਾਰ ਜੁੜੇ ਹੋ ਸਕਦੇ ਹਨ। ਇਨ੍ਹਾਂ ਗੰਭੀਰ ਦੋਸ਼ਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਪੁਲਿਸ ਵੱਲੋਂ ਵਿਸ਼ੇਸ਼ ਜਾਂਚ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਵਿਰੁੱਧ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਘਰਾਂ ਦੇ ਚਿਰਾਗ ਨਸ਼ਿਆਂ ਦੀ ਲਪੇਟ ਵਿੱਚ ਆ ਸਕਦੇ ਹਨ।

ਪੁਲਿਸ ਦੀ ਕਥਿਤ ਮਿਲੀਭੁਗਤ ਦੇ ਦੋਸ਼ਾਂ ਦੀ ਵੀ ਹੋਵੇ ਜਾਂਚ

ਇਸ ਪੂਰੇ ਮਾਮਲੇ ਵਿੱਚ ਸਭ ਤੋਂ ਗੰਭੀਰ ਅਤੇ ਹੈਰਾਨੀਜਨਕ ਦੋਸ਼ ਇਹ ਹਨ ਕਿ ਕੁਝ ਲੋਕਾਂ ਵੱਲੋਂ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਕਥਿਤ ਸਰਪ੍ਰਸਤੀ ਅਤੇ ਮਹੀਨਾਵਾਰ ਲੈਣ-ਦੇਣ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਜੇ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ, ਪਰ ਜੇਕਰ ਇਨ੍ਹਾਂ ਵਿੱਚ ਕੋਈ ਸੱਚਾਈ ਹੈ ਤਾਂ ਇਹ ਪੁਲਿਸ ਵਿਭਾਗ ਦੀ ਸਾਖ ਲਈ ਬੇਹੱਦ ਗੰਭੀਰ ਮਾਮਲਾ ਹੋਵੇਗਾ।

ਅਜਿਹੇ ਵਿੱਚ ਲੋੜ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸਥਾਨਕ ਪੱਧਰ ਤੋਂ ਉੱਪਰਲੇ ਕਿਸੇ ਨਿਰਪੱਖ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਜੇਕਰ ਕੋਈ ਵੀ ਮੁਲਾਜ਼ਮ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦਿੰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

ਐੱਸ.ਐੱਸ.ਪੀ. ਗੌਰਵ ਤੂਰਾ ਨੇ ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ

ਇਸ ਮਾਮਲੇ ਸਬੰਧੀ ਜਦੋਂ ਐੱਸ.ਐੱਸ.ਪੀ. ਕਪੂਰਥਲਾ ਸ੍ਰੀ ਗੌਰਵ ਤੂਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਈ ਜਾਣਕਾਰੀ ਦੀ ਜਾਂਚ-ਪੜਤਾਲ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਟੁੱਟੇਗਾ ਨਸ਼ਾ ਤਸਕਰੀ ਦਾ ਕਥਿਤ ਨੈੱਟਵਰਕ?

ਕਪੂਰਥਲਾ ਦੇ ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਨੂੰ ਸਿਰਫ਼ ਇੱਕ ਸ਼ਿਕਾਇਤ ਸਮਝ ਕੇ ਫਾਈਲਾਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਮੈਦਾਨੀ ਪੱਧਰ 'ਤੇ ਜਾਂਚ ਕਰਕੇ ਨਸ਼ਿਆਂ ਦੇ ਕਥਿਤ ਕਾਰੋਬਾਰ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾਵੇ। ਨਸ਼ੇ ਦੀ ਸਪਲਾਈ ਕਰਨ ਵਾਲਿਆਂ, ਉਨ੍ਹਾਂ ਨੂੰ ਮਾਲ ਮੁਹੱਈਆ ਕਰਵਾਉਣ ਵਾਲਿਆਂ ਅਤੇ ਜੇਕਰ ਕੋਈ ਸਰਪ੍ਰਸਤੀ ਕਰ ਰਿਹਾ ਹੈ ਤਾਂ ਉਸ ਦੀ ਵੀ ਪਛਾਣ ਕੀਤੀ ਜਾਵੇ।

ਆਖ਼ਰਕਾਰ ਸਵਾਲ ਇਹ ਹੈ ਕਿ ਜਦੋਂ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਕਪੂਰਥਲਾ ਵਿੱਚ ਅਜਿਹੇ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਕਦੋਂ ਹੋਵੇਗੀ? ਕੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੇ ਲੋਕਾਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਵੇਗਾ ਜਾਂ ਫਿਰ ਇਹ ਮਾਮਲਾ ਵੀ ਹੋਰਨਾਂ ਮਾਮਲਿਆਂ ਵਾਂਗ ਜਾਂਚ ਦੀ ਉਡੀਕ ਕਰਦਾ ਰਹੇਗਾ?

ਸਥਾਨਕ ਮੀਡੀਆ ਅਤੇ ਸਮਾਜ ਸੇਵਕਾਂ ਵੱਲੋਂ ਉਕਤ ਵਿਅਕਤੀ ਦਾ ਨਾਮ ਅਤੇ ਬਾਕੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਜਿਸ ਬਾਰੇ ਨਾਮ ਸਮੇਤ ਸਾਰਾ ਖੁਲਾਸਾ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ ..?

ਹੁਣ ਕਪੂਰਥਲਾ ਵਾਸੀਆਂ ਦੀਆਂ ਨਜ਼ਰਾਂ ਪੁਲਿਸ ਪ੍ਰਸ਼ਾਸਨ ਦੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.