ਸਿੱਖ ਤੇ ਕਾਮਰੇਡ - ਸਰਬਜੀਤ ਸਿੰਘ ਘੁਮਾਣ

ਸਿੱਖ ਤੇ ਕਾਮਰੇਡ - ਸਰਬਜੀਤ ਸਿੰਘ ਘੁਮਾਣ

ਨੂੰਹ ਨੇ ਸੁਣ ਲਿਆ ਕਿ ਸਹੁਰਾ ਸਾਬ ਸੱਸ ਨੂੰ ਫੁਰਮਾ ਰਹੇ ਨੇ, "ਐਂਵੇ ਮੂੰਹ ਸਿਰ ਲਪੇਟੀ ਫਿਰਦੀ ਐ, ਪੁਰਾਣੇ ਰਿਵਾਜ਼! ਅਗਾਂਹਵਧੂ ਪਰਿਵਾਰ ਚ ਵਿਆਹੀ ਗਈ ਐ, ਕੁਝ ਸੋਚ-ਵਿਚਾਰ ਕਰੇ"। ਨੂੰਹ ਰਾਣੀ ਨੇ ਅਗਲੇ ਦਿਨ ਘੁੰਡ ਚੱਕਤਾ ਸਹੁਰਾ ਸਾਬ੍ਹ ਫਿਰ ਸ਼ੁਰੂ, "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ, ਕੀ ਬਣੀ ਫਿਰਦੀ ਐ"। ਨੂੰਹ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ।

ਸਹੁਰਾ ਸਾਬ੍ਹ ਦਾ ਪੁਰਾਣਾ ਰਕਾਟ, "ਐਂਵੇਂ ਮੂੰਹ ਸਿਰ ਜਿਹਾ ਲਪੇਟੀ ਫਿਰਦੀ ਐ..." ਨੂੰਹ ਰਾਣੀ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ, ਫੇਰ ਉਹੀ ਰਕਾਟ "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ" ਉਹ ਬੜੀ ਹੈਰਾਨ-ਪਰੇਸ਼ਾਨ, ਬਈ ਪੜ੍ਹੀ-ਲਿਖੀ ਆਂ, ਕਾਲਜ ਵਿਚ ਲੈਕਚਰਾਰ ਆਂ। ਲੋਕ ਲਿਆਕਤ ਦੀਆਂ ਸਿਫਤਾਂ ਕਰਦੇ ਨੇ। ਇਹੇ ਬਜੁਰਗ ਪੈਰ ਈ ਨਹੀ ਲੱਗਣ ਦਿੰਦਾ। ਉਹ ਬੜੀ ਹੈਰਾਨ ਕਿ ਬੈਂਕ ਚ ਕੈਸ਼ੀਅਰ ਉਹਦੇ ਘਰ ਵਾਲੇ ਨਾਲੋਂ ਬਾਪੂ ਜੀ ਦਾ ਸੁਭਾਅ ਕਿੰਨਾ ਵੱਖਰਾ ਹੈ।

ਆਖਿਰ ਸੋਚ-ਸੋਚਕੇ ਉਹਨੇ ਸੱਸ ਸਾਹਿਬਾ ਨਾਲ ਮਸਲਾ ਵਿਚਾਰਿਆ ਕਿ "ਮਾਤਾ ਜੀ, ਮੈਨੂੰ ਸਿਰ ਢਕਣਾ ਚਾਹੀਦਾ ਹੈ ਕਿ ਨਹੀ? ਘੁੰਡ ਕੱਢਣਾ ਚਾਹੀਦਾ ਹੈ ਕਿ ਨਹੀ?" ਨੂੰਹ ਰਾਣੀ ਸਪਸ਼ਟ ਗੱਲ ਪੁੱਛਣ ਨੂੰ ਫਿਰੇ ਕਿ ਮੈਨੂੰ ਨਾ ਘੁੰਡ ਕੱਢਣ ਵਿਚ ਤਕਲੀਫ ਹੈ ਤੇ ਨਾ ਹੀ ਸਿਰ ਨੰਗਾ ਰੱਖਣ ਵਿਚ, ਬੱਸ ਤੁਸੀ ਦੱਸ ਦੇਵੋ ਕਿ ਬਾਪੂ ਜੀ ਕਿਵੇਂ ਖੁਸ਼ ਹੋਣਗੇ।

ਸੱਸ ਕਹਿੰਦੀ, “ਪੁੱਤ! ਤੂੰ ਮਹੀਨੇ ਵਿਚ ਈ ਸਭ ਕੁਝ ਸਿਖਣ ਨੂੰ ਫਿਰਦੀ ਏਂ, ਮੈਨੂੰ ਤੀਹ-ਪੈਂਤੀ ਸਾਲ ਹੋਗੇ,ਅਜੇ ਤਾਂ ਮੈਨੂੰ ਸਮਝ ਨਹੀ ਆਈ ਕਿ ਇਹ ਬੰਦਾ ਖੁਸ਼ ਕਿਹੜੀ ਗੱਲ ਤੋਂ ਕਿਵੇਂ ਹੋਊ। ਜਿੱਦਣ ਦਾਲ ਧਰ ਦਈਏ ਕਹਿੰਦਾ, ਸਬਜ਼ੀ ਬਣਾਇਆ ਕਰੋ, ਸਬਜ਼ੀ ਫਾਇਦੇਮੰਦ ਆ। ਜਿੱਦਣ ਸਬਜ਼ੀ ਬਣਾ ਲੈਂਦੇ ਆ, ਕਹਿੰਦਾ ਦਾਲ ਨਹੀ ਬਣਾਈ! ਮਤਲਬ ਇਹਨੇ ਸਾਹਮਣੀ ਗੱਲ ਦੇ ਉਲਟ ਈ ਬੋਲਣਾ ਤੇ ਉਲਟ ਈ ਚੱਲਣਾ। ਜੇ ਪਾਣੀ ਦਾ ਗਲਾਸ ਦਿਓਂਗੇ ਤਾਂ ਚਾਹ ਮੰਗੂ, ਜੇ ਚਾਹ ਲੈਕੇ ਗਏ ਤਾਂ ਕਹੂਗਾ, ਪਾਣੀ ਲਿਆਓ। ਮਤਲਬ ਹਰ ਵੇਲੇ ਉਲਟ ਚੱਲਣਾ। ਹੁਣ ਮੈਂ ਤੈਨੂੰ ਧੀਏ ਕਿਵੇਂ ਕਹਿ ਦਿਆਂ ਬਈ ਘੁੰਡ ਕੱਢ ਕਿ ਸਿਰ ਨੰਗਾ ਰੱਖ”

ਨੂੰਹ ਰਾਣੀ ਬੜੀ ਹੈਰਾਨ ਹੋਈ ਕਿ ਇਹ ਕੀ ਮਨੁਖੀ ਪ੍ਰਵਿਰਤੀ ਹੋਈ, ਮਨੋਵਿਗਿਆਨ ਦੀ ਕਿਹੜਾ 'ਡਿਸਆਰਡਰ "ਹੋਇਆ? ਸੋਚ-ਸੋਚਕੇ ਬੜੇ ਧੀਰਜ ਤੇ ਠਰੰਮ੍ਹੇ ਨਾਲ ਨੂੰਹ ਬੋਲੀ, "ਬੀਬੀ! ਮੈਂ ਇਥੇ ਤੁਹਾਡੇ ਵਾਂਗ ਉਮਰ ਨਹੀ ਕੱਟ ਸਕਦੀ। ਮੈਨੂੰ ਮਾਂ ਬਣਕੇ ਦੱਸ ਕਿ ਬਾਪੂ ਜੀ ਇਉਂ ਕਿਉਂ ਕਰਦੇ ਨੇ?" ਤਾਂ ਬੇਬੇ ਨੇ ਇਕੋ ਗੱਲ ਚ ਸਾਰੀ ਰਾਮਾਇਣ ਮੁਕਾਤੀ, "ਚੜ੍ਹਦੀ ਜਵਾਨੀ 'ਚ ਈ ਕਾਮਰੇਟਾਂ ਨਾਲ ਰਲ ਗਿਆ ਸੀ ਤੇ ਸਾਰੀ ਉਮਰ ਉਨਾਂ ਚ ਈ ਕੱਟੀ ਐ"।

ਨੂੰਹ ਰਾਣੀ ਨੇ 'ਬਿਮਾਰੀ' ਬੁਝ ਲਈ ਤੇ 'ਇਲਾਜ' ਵੀ ਸੋਚ ਲਿਆ। ਆਂਉਂਦੇ ਐਤਵਾਰ ਨੂੰ ਪਤੀਦੇਵ ਦੇ ਨਾਲ ਨੂੰਹ ਰਾਣੀ ਕੇਸਕੀ ਸਜਾਕੇ ਅੰਮ੍ਰਿਤਧਾਰੀ ਹੋਕੇ ਜਦ ਘਰ ਆਈ ਤਾਂ ਬੇਬੇ-ਬਾਪੂ ਨੂੰ ਗੱਜਕੇ ਫਤਿਹ ਬੁਲਾਈ, “ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ”

ਸਹੁਰਾ ਸਾਬ੍ਹ ਮੰਜੇ ਤੇ ਬੈਠੇ ਈ ਲੱਗ ਪਏ, "ਆਹ ਤਾਂ, ਆਹ ਤਾਂ ਬਈ,,,, (ਜਦ ਨੂੰ ਗਲੀ ਵਿਚ ਸਕੂਟਰ ਸਟੈਂਡ ਤੇ ਲਾਕੇ ਪੁੱਤਰ ਜੀ ਵੀ ਉਪਰ ਦੀ ਗਾਤਰਾ ਪਾਕੇ ਆ ਵੜੇ, ਜੀਹਨੂੰ ਵੜਦਿਆਂ ਦੇਖਕੇ ਸਹੁਰਾ ਸਾਬ੍ਹ ਦੀ ਟੋਨ ਈ ਬਦਲ ਗਈ) ਆਹ ਤਾਂ ਬਾਹਲ਼ਾ ਈ ਵਧੀਆ ਹੋ ਗਿਆ.. ਬਾਹਲਾ ਈ ਵਧੀਆ।
ਸਰਬਜੀਤ ਸਿੰਘ ਘੁਮਾਣ

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.