ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲ ਅਜੀਤ ਸੰਧੂ ਨੇ ਮੇਰੇ ਉੱਤੇ ਵੀ ਤਸ਼ੱਦਦ ਢਾਹਿਆ ਸੀ : ਜਥੇਦਾਰ ਜਗਜੀਤ ਸਿੰਘ ਨਿਹੰਗ
- ਅਪਰਾਧ
- 12 Jul, 2026 07:28 PM (Asia/Kolkata)
ਹੁਸ਼ਿਆਰਪੁਰ, 12 ਜੁਲਾਈ , ਕੰਵਰ ਪ੍ਰਤਾਪ ਸਿੰਘ/ ਪ੍ਰਿੰਸਜੀਤ ਸਿੰਘ - ਸਿੱਖ ਸੰਘਰਸ਼ ਵਿੱਚ ਸਰਗਰਮ ਰਹੇ ਜੁਝਾਰੂ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਦੱਸਿਆ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫ਼ਸਰ ਅਜੀਤ ਸੰਧੂ ਅਤੇ ਜਸਪਾਲ ਸਿੰਘ ਨੇ ਮੇਰੇ ਉੱਤੇ ਵੀ ਬੜਾ ਤਸ਼ੱਦਦ ਕੀਤਾ ਸੀ। ਉਹਨਾਂ ਕਿਹਾ ਕਿ ਅਜੀਤ ਸੰਧੂ ਓਦੋਂ ਡੀ.ਐੱਸ.ਪੀ. ਸੀ ਤੇ ਜਸਪਾਲ ਸਿੰਘ ਜੋ ਦਸੂਹਾ ਥਾਣੇ ਵਿੱਚ ਥਾਣੇਦਾਰ ਸੀ। ਇਹਨਾਂ ਦੋਹਾਂ ਨੇ ਸਾਡੇ ਘਰ ਪਿੰਡ ਖੁੱਡਾ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਛਾਪਾ ਮਾਰਿਆ, ਉਸ ਸਮੇਂ ਮੈਂ ਅਤੇ ਮੇਰੀ ਪਤਨੀ ਸਤਨਾਮ ਕੌਰ ਕੋਠੇ ਉੱਤੇ ਸੌਂ ਰਹੇ ਸੀ। ਗੁਆਂਢੀਆਂ ਦੇ ਕੋਠੇ ਟੱਪ ਕੇ ਪੁਲਿਸ ਫੋਰਸ ਸਾਡੇ ਘਰ ਵਿੱਚ ਦਾਖਲ ਹੋਈ ਤੇ ਮੈਨੂੰ ਅਤੇ ਸਾਡੇ ਪਿੰਡ ਦੇ ਇੱਕ ਹੋਰ ਵਿਅਕਤੀ ਸ. ਪ੍ਰੀਤਮ ਸਿੰਘ ਨੂੰ ਫੜ ਕੇ ਲੈ ਗਈ। ਫਿਰ ਦਸੂਹਾ ਥਾਣੇ ਵਿੱਚ ਸਾਨੂੰ ਕਈ ਦਿਨ ਘੋਰ ਤਸੀਹੇ ਦਿੱਤੇ ਅਤੇ ਹਥਿਆਰਾਂ ਬਾਰੇ ਪੁੱਛਦੇ ਰਹੇ। ਭਾਈ ਜਗਜੀਤ ਸਿੰਘ ਨਿਹੰਗ ਨੇ ਕਿਹਾ ਕਿ ਅਜੀਤ ਸੰਧੂ ਅਤੇ ਜਸਪਾਲ ਸਿੰਘ ਨੇ ਮੇਰੇ ਉੱਤੇ ਪੂਰੀ ਦਰਿੰਦਗੀ ਵਿਖਾਈ ਅਤੇ ਉਹਨਾਂ ਨੇ ਪੁੱਠਾ ਲਟਕਾ ਕੇ ਡਾਂਗਾਂ ਦਾ ਮੀਂਹ ਵਰ੍ਹਾਇਆ, ਘੋਟਣੇ ਫੇਰੇ ਅਤੇ ਚੱਡੇ ਪਾੜ ਦਿੱਤੇ ਤੇ ਮੰਦਾ ਬੋਲਦੇ ਰਹੇ। ਉਹਨਾਂ ਇਹ ਵੀ ਦੱਸਿਆ ਕਿ ਉਸ ਸਮੇਂ ਅਜੀਤ ਸੰਧੂ ਨੇ ਥਾਣੇ ਵਿੱਚ ਇਲਾਕੇ ਦੇ ਕਈ ਹੋਰ ਸਿੱਖ ਨੌਜਵਾਨਾਂ ਉੱਤੇ ਵੀ ਅਣਮਨੁੱਖੀ ਤਸ਼ੱਦਦ ਕਰਵਾਇਆ। ਉਹਨਾਂ ਕਿਹਾ ਕਿ ਪੁਲਿਸ ਦੇ ਜ਼ੁਲਮ ਕਾਰਨ ਮੈਂ ਕਈ ਦਿਨ ਤੁਰਨ-ਫਿਰਨ ਤੋਂ ਅਸਮਰੱਥ ਰਿਹਾ ਅਤੇ ਸਾਰੇ ਸਰੀਰ ਉੱਤੇ ਜ਼ਖ਼ਮ ਅਤੇ ਛਾਲੇ ਹੋ ਚੁੱਕੇ ਸਨ। ਭਾਈ ਜਗਜੀਤ ਸਿੰਘ ਨਿਹੰਗ ਨੇ ਕਿਹਾ ਕਿ ਜੋ ਜ਼ੁਲਮ ਜ਼ਕਰੀਆ ਖ਼ਾਂ, ਮੀਰ ਮੰਨੂ, ਫਰੁਖਸੀਅਰ ਅਤੇ ਲਖਪਤ ਰਾਏ ਦੇ ਸਮੇਂ ਪੁਰਾਤਨ ਸਿੰਘਾਂ ਉੱਤੇ ਹੁੰਦਾ ਰਿਹਾ, ਹਿੰਦੁਸਤਾਨ ਹਕੂਮਤ ਦਾ ਉਹੀ ਕਹਿਰ ਅਸੀਂ ਆਪਣੇ ਪਿੰਡੇ ਉੱਤੇ ਹੰਡਾਇਆ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਦੋ ਸਿੱਖ ਨੌਜਵਾਨ ਭਾਈ ਸਵਰਨ ਸਿੰਘ ਨਿਹੰਗ ਅਤੇ ਭਾਈ ਬਿਕਰਮ ਸਿੰਘ ਬਿੱਕਰ ਵੀ ਇਨ੍ਹਾਂ ਪੁਲਿਸ ਵਾਲਿਆਂ ਨੇ ਸ਼ਹੀਦ ਕਰ ਦਿੱਤੇ ਸਨ ਅਤੇ ਸ਼ਹੀਦ ਭਾਈ ਭਗਤ ਸਿੰਘ ਦੇ ਭਾਣਜੇ ਭਾਈ ਕੁਲਜੀਤ ਸਿੰਘ ਢੱਟ (ਪਿੰਡ ਕੰਧਾਲਾ ਜੱਟਾਂ) ਦਾ ਵੀ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਦਿੱਤਾ ਸੀ। ਉਹਨਾਂ ਕਿਹਾ ਕਿ ਇਹਨਾਂ ਜੱਲਾਦ ਪੁਲਿਸ ਅਫ਼ਸਰਾਂ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਪੰਜਵੜ ਨੂੰ ਵੀ ਸਾਡੇ ਪਿੰਡ ਵਿੱਚ ਧੋਖੇ ਨਾਲ ਸ਼ਹੀਦ ਕਰਵਾ ਕੇ ਫਿਰ ਟਾਂਡਾ-ਉੜਮੁੜ ਲਿਜਾ ਕੇ ਝੂਠਾ ਪੁਲਿਸ ਮੁਕਾਬਲਾ ਵਿਖਾ ਦਿੱਤਾ ਸੀ। ਭਾਈ ਜਗਜੀਤ ਨਿਹੰਗ ਨੇ ਆਪਣੇ ਬਾਰੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਬਾਬਾ ਅਵਤਾਰ ਸਿੰਘ ਕੁਰਾਲਾ ਨਾਲ ਧਾਰਮਿਕ ਸਮਾਗਮਾਂ ਵਿੱਚ ਵਿਚਰਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਨਰਕਧਾਰੀਆਂ ਦਾ ਵਿਰੋਧ ਕਰਦਿਆਂ ਬਾਬਾ ਜੀ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿੱਚ ਸ਼ਹੀਦੀ ਪਾ ਗਏ ਸਨ, ਫਿਰ ਅਸੀਂ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਸਰਾਂ ਵਿੱਚ ਰਹਿੰਦੇ ਰਹੇ ਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਨਾਲ ਸਰਗਰਮ ਹੋ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਸਾਥ ਮਾਣਦੇ ਰਹੇ। ਅਸੀਂ ਧਰਮ ਯੁੱਧ ਮੋਰਚੇ ਵਿੱਚ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨਾਲ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਅਤੇ ਲੁਧਿਆਣਾ ਤੇ ਫਿਰੋਜ਼ਪੁਰ ਜੇਲ੍ਹ ਵਿੱਚ ਰਹੇ। ਦਿੱਲੀ ਵਿੱਚ ਰੋਸ ਮੁਜ਼ਾਹਰੇ ਸਮੇਂ ਸਾਡੇ ਸਾਹਮਣੇ ਬਾਬਾ ਜੰਗ ਸਿੰਘ ਕਰਨਾਲ ਤੇ ਹੋਰ ਸਿੰਘ ਸ਼ਹੀਦ ਹੋ ਗਏ ਤੇ ਅਸੀਂ ਤਿਹਾੜ੍ਹ ਜੇਲ ਵਿੱਚ ਵੀ ਰਹੇ। ਉਹਨਾਂ ਦੱਸਿਆ ਕਿ 26 ਜਨਵਰੀ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੁਕਮ 'ਤੇ ਅਸੀਂ ਭਾਈ ਕੰਵਰ ਸਿੰਘ ਧਾਮੀ ਨਾਲ ਮਿਲ ਕੇ ਅਕਾਲ ਫੈਡਰੇਸ਼ਨ ਵੱਲੋਂ ਅਕਾਲ ਟਾਈਮਜ਼ ਰਸਾਲਾ ਗੁਰੂ ਨਾਨਕ ਨਿਵਾਸ ਦੀ ਛੱਤ ਉੱਤੇ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਉੱਤੇ ਰਿਲੀਜ਼ ਕੀਤਾ ਸੀ। ਉਹਨਾਂ ਦੱਸਿਆ ਕਿ ਫਿਰ ਉਹ ਜਨਰਲ ਲਾਭ ਸਿੰਘ ਪੰਜਵੜ ਅਤੇ ਬਾਬਾ ਰਤਨ ਸਿੰਘ ਉਸਮਾਨ ਸ਼ਹੀਦ ਨਾਲ ਸੇਵਾ ਕਰਦੇ ਰਹੇ ਤੇ ਪੁਲਿਸ ਨੇ ਉਹਨਾਂ ਨੂੰ ਕਈ ਵਾਰ ਗ੍ਰਿਫ਼ਤਾਰ ਕਰਕੇ ਜ਼ਾਲਮਾਨਾ ਤਸੀਹੇ ਦਿੱਤੇ ਸਨ। ਉਹਨਾਂ ਕਿਹਾ ਕਿ ਮੇਰੇ ਪਿਤਾ ਜੀ ਸ. ਗੁਰਚਰਨ ਸਿੰਘ ਨਿਹੰਗ ਜੋ ਦਿੱਲੀ ਪੁਲਿਸ ਵਿੱਚ ਡੀ.ਐੱਸ.ਪੀ ਰਹੇ ਸਨ ਤੇ ਸਿੱਖ ਸੰਘਰਸ਼ ਦੌਰਾਨ ਉਹਨਾਂ ਨੇ ਜੁਝਾਰੂ ਸਿੰਘਾਂ ਦੀ ਬਹੁਤ ਮਦਦ ਕੀਤੀ ਤੇ ਭਾਈ ਬਿਕਰਮ ਸਿੰਘ ਬਿੱਕਰ ਦੀ ਜ਼ਮਾਨਤ ਵੀ ਕਰਵਾਈ ਸੀ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਆਖਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਬਾਣੀ ਬਾਣੇ ਦੀ ਸਲਾਮਤੀ, ਗੁਰਧਾਮਾਂ ਦੀ ਪਵਿੱਤਰਤਾ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਸੰਘਰਸ਼ ਕਰਦੇ ਸਨ ਪਰ ਦਿੱਲੀ ਦਰਬਾਰ ਦੇ ਹੁਕਮਾਂ ਉੱਤੇ ਸਿੱਖੀ ਭੇਖ ਵਾਲੇ ਬੁੱਚੜ ਪੁਲਸੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਈ ਰੱਖਿਆ ਤੇ ਕਈ ਕੇਸ ਦਰਜ ਕਰ ਦਿੱਤੇ ਸਨ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਵੱਲੋਂ ਆਰੰਭਿਆ ਸੰਘਰਸ਼ ਬਿਲਕੁਲ ਜਾਇਜ਼ ਸੀ ਜਿਸ ਨੂੰ ਅੱਤਵਾਦ ਤੇ ਵੱਖਵਾਦ ਨਾਲ ਜੋੜ ਕੇ ਭਾਰਤੀ ਹਕੂਮਤ/ਕਾਂਗਰਸ ਸਰਕਾਰ ਨੇ ਸਿੱਖਾਂ ਉਤੇ ਘੱਲੂਘਾਰੇ ਅਤੇ ਨਸਲਕੁਸ਼ੀ ਵਰਤਾਈ ਹੈ। ਉਹਨਾਂ ਕਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਭਾਈ ਜਗਜੀਤ ਸਿੰਘ ਨਿਹੰਗ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਇੱਕ ਵਿਦਿਆਰਥੀ ਭਾਈ ਗੁਰਮੀਤ ਸਿੰਘ ਖੁੱਡਾ ਜੋ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋ ਗਏ ਸਨ। ਭਾਈ ਜਗਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੇ ਜਵਾਈ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਚਾਚਾ ਜੀ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਨੂੰ ਤਰਨ ਤਾਰਨ ਦੇ ਐਸ.ਐਸ.ਪੀ. ਅਜੀਤ ਸੰਧੂ, ਐਸ.ਪੀ.ਡੀ. ਦਿਲਬਾਗ ਸਿੰਘ ਅਤੇ ਥਾਣੇਦਾਰ ਗੁਲਜਾਰ ਚੰਦ ਨੇ ਅੰਮ੍ਰਿਤਸਰੋਂ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਤੇ ਲਾਵਾਰਿਸ ਲਾਸ਼ ਕਹਿ ਕੇ ਸਾੜ ਦਿੱਤਾ ਸੀ। ਅਖੀਰ ਵਿੱਚ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਆਖਿਆ ਕਿ ਅੱਜ ਸਾਡੇ ਪਿੰਡ ਵਿੱਚ ਵੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਵਿਖਾਈ ਜਾ ਰਹੀ ਤੇ ਅਜੋਕੀ ਪੀੜ੍ਹੀ ਨੂੰ ਸਿੱਖਾਂ ਉੱਤੇ ਹੋਏ ਜ਼ੁਲਮਾਂ ਬਾਰੇ ਪਤਾ ਲੱਗ ਰਿਹਾ ਹੈ।
Leave a Reply