ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਬਿਆਸ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਸੇਵਾ ਜਾਰੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਬਿਆਸ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਸੇਵਾ ਜਾਰੀ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ

ਪੰਜਾਬ ਨੇ ਸਾਲ 2023 ਅਤੇ 2025 ਵਿੱਚ ਹੜਾਂ ਦਾ ਭਾਰੀ ਸੰਤਾਪ ਭੋਗਿਆ ਹੈ। ਇਸ ਸਾਲ ਵੀ ਬਰਸਾਤ ਦਾ ਮੌਸਮ ਹੁੰਦਿਆਂ ਹੀ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਜਿਸ ਲਈ ਲੋੜੀਂਦੇ ਪ੍ਰਬੰਧ ਜਰੂਰੀ ਹਨ। 
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਪਿੰਡ ਧੁੰਨ ਢਾਏ ਵਾਲਾ ਵਿਖੇ ਬਿਆਸ ਦਰਿਆ ਦੇ ਬੰਨ੍ਹ ਨੂੰ ਮਜਬੂਤ ਕਰਨ ਦੀ ਸੇਵਾ ਐਤਵਾਰ 26 ਜੁਲਾਈ ਨੂੰ ਆਰੰਭ ਕੀਤੀ ਗਈ ਸੀ,ਜੋ ਲਗਾਤਾਰ ਜਾਰੀ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰੀ ਸਿੰਘ ਰੱਤੋਕੇ ਨੇ ਦੱਸਿਆ ਕਿ ਪਿੰਡ ਧੁੰਨ ਢਾਏ ਵਾਲਾ ਨੇੜੇ ਬਿਆਸ ਦਾ ਅਡਵਾਂਸ ਬੰਨ੍ਹ ਕਾਫੀ ਥਾਵਾਂ ਤੋਂ ਖੁਰਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ਟੁੱਟਣ ਦਾ ਖਤਰਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। 25 ਜੁਲਾਈ ਦਿਨ ਸ਼ਨੀਵਾਰ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਇੱਥੇ ਪਹੁੰਚ ਕੇ ਬੰਨ੍ਹ ਦਾ ਜਾਇਜ਼ਾ ਲਿਆ ਗਿਆ ਅਤੇ ਬਾਬਾ ਜੀ ਵੱਲੋਂ ਐਤਵਾਰ ਨੂੰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਸੇਵਾ ਆਰੰਭ ਕਰ ਦਿੱਤੀ ਗਈ। ਉਨਾਂ ਦੱਸਿਆ ਕਿ ਮਿੱਟੀ ਦੇ ਬੋਰੇ ਲੋਹੇ ਦੇ ਕਰੇਟਾਂ ਵਿੱਚ ਭਰ ਭਰ ਕੇ ਬੰਨ੍ਹ ਤੋਂ ਪਾਣੀ ਵੱਲ 90 ਡਿਗਰੀ ਕੋਣ ਬਣਾ ਕੇ ਤੇ ਨੋਚਾਂ ਬਣਾਈਆਂ ਜਾ ਰਹੀਆਂ ਹਨ। ਇਹ ਨੋਚਾਂ ਪਾਣੀ ਦੇ ਵਹਾਓ ਨੂੰ ਸਮਾਂਤਰ ਕਰਦੀਆਂ ਹਨ ਅਤੇ ਬੰਨ੍ਹ ਨੂੰ ਲੱਗ ਰਹੀ ਢਾਹ ਰੁਕਦੀ ਹੈ। ਬਾਬਾ ਜੀ ਵੱਲੋਂ ਇਸ ਸੇਵਾ ਲਈ ਵੱਖ ਵੱਖ ਨਗਰਾਂ ਤੋਂ ਸੰਗਤ ਨੂੰ ਸੱਦੇ ਭੇਜੇ ਗਏ।ਇਸ ਸੇਵਾ ਵਿਚ ਪਿੰਡ ਲੱਲੇ ਬੂਹ, ਗੰਡੀਵਿੰਡ, ਰੂੜੀਵਾਲਾ, ਨੱਥੂਪੁਰ, ਮੁਗਲਚੱਕ, ਦੁਗਰੀ, ਬੰਗਾਲੀਪੁਰ ਅਤੇ ਹੋਰ ਕਈ ਨਗਰਾਂ ਦੀ ਸੰਗਤ ਹਾਜ਼ਰੀ ਲਗਵਾ ਚੁੱਕੀ ਹੈ ਤੇ ਹੋਰ ਕਈ ਪਿੰਡਾਂ ਤੋਂ ਸੰਗਤ ਲਗਾਤਾਰ ਸੇਵਾ ਕਰਨ ਲਈ ਪਹੁੰਚ ਰਹੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.