ਪਾਕਿਸਤਾਨ ਭਰ ਵਿੱਚ ਅਕੀਦਤ ਨਾਲ ਮਨਾਇਆ ਗਿਆ ਯੌਮ-ਏ-ਆਸ਼ੂਰਾ; ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ
- ਅੰਤਰਰਾਸ਼ਟਰੀ
- 26 Jun, 2026 06:06 PM (Asia/Kolkata)
ਰਿਪੋਰਟ: ਅਲੀ ਇਮਰਾਨ ਚੱਠਾ | ਨਜ਼ਰਾਨਾ ਟਾਈਮਜ਼
ਲਾਹੌਰ | 26 ਜੂਨ 2026
ਪਾਕਿਸਤਾਨ ਭਰ ਵਿੱਚ ਜੁਮੇ ਦੇ ਦਿਨ 10 ਮੁਹੱਰਮ 1448 ਹਿਜਰੀ (ਯੌਮ-ਏ-ਆਸ਼ੂਰਾ) ਬੇਹੱਦ ਅਕੀਦਤ, ਸ਼ਰਧਾ ਅਤੇ ਗਮਗੀਨ ਮਾਹੌਲ ਵਿੱਚ ਮਨਾਇਆ ਗਿਆ। ਲੱਖਾਂ ਅਜ਼ਾਦਾਰਾਂ ਨੇ ਹਜ਼ਰਤ ਇਮਾਮ ਹੁਸੈਨ (ਰਜ਼ੀ ਅੱਲਾਹੁ ਅਨਹੁ), ਜੋ ਹਜ਼ਰਤ ਮੁਹੰਮਦ (ਸੱਲੱਲਾਹੁ ਅਲੈਹਿ ਵਸੱਲਮ) ਦੇ ਨਵਾਸੇ ਸਨ, ਅਤੇ ਕਰਬਲਾ ਦੇ ਮੈਦਾਨ ਵਿੱਚ ਲਗਭਗ 1,400 ਸਾਲ ਪਹਿਲਾਂ ਸ਼ਹੀਦ ਹੋਏ ਉਨ੍ਹਾਂ ਦੇ 72 ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਦੀ ਯਾਦ ਵਿੱਚ ਮਜਲਿਸਾਂ ਅਤੇ ਮਾਤਮੀ ਜਲੂਸਾਂ ਵਿੱਚ ਸ਼ਮੂਲੀਅਤ ਕੀਤੀ।
ਸੰਘੀ ਅਤੇ ਸੂਬਾਈ ਸਰਕਾਰਾਂ ਵੱਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਜਨਤਾ ਦੇ ਸਹਿਯੋਗ ਸਦਕਾ ਦੇਸ਼ ਦੇ ਚਾਰੇ ਸੂਬਿਆਂ, ਗਿਲਗਿਤ-ਬਾਲਟਿਸਤਾਨ ਅਤੇ ਆਜ਼ਾਦ ਕਸ਼ਮੀਰ ਸਮੇਤ ਹਰ ਥਾਂ ਸਾਰੇ ਜਲੂਸ ਅਮਨ-ਅਮਾਨ ਨਾਲ ਸੰਪੰਨ ਹੋਏ ਅਤੇ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ।

ਦੇਸ਼ ਭਰ ਵਿੱਚ ਕੁੱਲ 4,836 ਮਾਤਮੀ ਜਲੂਸ ਅਤੇ 5,480 ਮਜਲਿਸਾਂ ਆਯੋਜਿਤ ਕੀਤੀਆਂ ਗਈਆਂ, ਜਦਕਿ ਗ੍ਰਹਿ ਮੰਤਰਾਲੇ ਨੇ 1,301 ਥਾਵਾਂ ਨੂੰ ਬਹੁਤ ਸੰਵੇਦਨਸ਼ੀਲ ਕਰਾਰ ਦਿੱਤਾ ਸੀ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਸਾਰੇ ਸੂਬਿਆਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਜਲੂਸਾਂ ਦੇ ਰੂਟਾਂ ’ਤੇ ਮੈਡੀਕਲ ਕੈਂਪ, ਪਾਣੀ ਦੀਆਂ ਸਬੀਲਾਂ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਨਿਰਦੇਸ਼ਾਂ ’ਤੇ ਇਸਲਾਮਾਬਾਦ ਵਿੱਚ ਕੇਂਦਰੀ ਮਾਨੀਟਰਿੰਗ ਸੈੱਲ ਕਾਇਮ ਕੀਤਾ ਗਿਆ, ਜੋ ਸੂਬਾਈ ਕੰਟਰੋਲ ਰੂਮਾਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ। ਗ੍ਰਹਿ ਮੰਤਰੀ, ਰਾਜ ਮੰਤਰੀ ਤਲਾਲ ਚੌਧਰੀ ਅਤੇ ਗ੍ਰਹਿ ਸਕੱਤਰ ਖੁਰਰਮ ਆਗਾ ਨੇ ਸਾਰਾ ਦਿਨ ਸਥਿਤੀ ਦੀ ਨਿਗਰਾਨੀ ਕੀਤੀ।
ਰਾਸ਼ਟਰੀ ਆਗੂਆਂ ਦੇ ਸੰਦੇਸ਼
ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਯੌਮ-ਏ-ਆਸ਼ੂਰਾ ਸੱਚਾਈ, ਸਬਰ, ਕੁਰਬਾਨੀ, ਇਨਸਾਫ਼ ਅਤੇ ਸਮਾਜਿਕ ਸੁਧਾਰ ਦਾ ਸਦੀਵੀ ਪਾਠ ਹੈ। ਉਨ੍ਹਾਂ ਕੌਮ ਨੂੰ ਏਕਤਾ, ਧਾਰਮਿਕ ਸਹਿਣਸ਼ੀਲਤਾ, ਫਿਰਕਾਵਾਰਾਨਾ ਸਦਭਾਵਨਾ ਅਤੇ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਧਾਰਮਿਕ ਆਗੂਆਂ, ਉਲੇਮਾਂ, ਮੀਡੀਆ ਅਤੇ ਨੌਜਵਾਨਾਂ ਨੂੰ ਕਰਬਲਾ ਦੇ ਅਸਲ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ।

ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਕਰਬਲਾ ਦੀ ਕੁਰਬਾਨੀ ਮਨੁੱਖਤਾ ਲਈ ਇਹ ਸਬਕ ਹੈ ਕਿ ਸੱਚ, ਇਨਸਾਫ਼, ਇਮਾਨਦਾਰੀ ਅਤੇ ਮਨੁੱਖੀ ਸਨਮਾਨ ’ਤੇ ਕਦੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਾਗਰਿਕਾਂ ਨੂੰ ਅਫ਼ਵਾਹਾਂ ਅਤੇ ਭੜਕਾਊ ਗਤੀਵਿਧੀਆਂ ਤੋਂ ਦੂਰ ਰਹਿੰਦੇ ਹੋਏ ਅਮਨ, ਭਾਈਚਾਰੇ ਅਤੇ ਫਿਰਕਾਵਾਰਾਨਾ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਪੰਜਾਬ
ਲਾਹੌਰ ਵਿੱਚ ਕੇਂਦਰੀ ਜਲੂਸ ਨਿਸਾਰ ਹਵੇਲੀ ਤੋਂ ਸ਼ੁਰੂ ਹੋਇਆ ਅਤੇ ਮੋਹੱਲਾ ਸ਼ੀਆਨ ਤੋਂ ਹੁੰਦਾ ਹੋਇਆ ਕਰਬਲਾ ਗਮੇ ਸ਼ਾਹ ਵਿਖੇ ਸਮਾਪਤ ਹੋਇਆ। ਜਲੂਸ ਵਿੱਚ ਹਜ਼ਾਰਾਂ ਅਜ਼ਾਦਾਰਾਂ ਨੇ ਸ਼ਮੂਲੀਅਤ ਕੀਤੀ। ਸੁਰੱਖਿਆ ਲਈ 20 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ, ਡਰੋਨ, ਸੇਫ਼ ਸਿਟੀ ਕੈਮਰੇ ਅਤੇ ਤਿੰਨ-ਪੜਾਵਾਂ ਵਾਲਾ ਸੁਰੱਖਿਆ ਘੇਰਾ ਤਾਇਨਾਤ ਕੀਤਾ ਗਿਆ।
ਰਾਵਲਪਿੰਡੀ ਵਿੱਚ ਮੁੱਖ ਜਲੂਸ ਇਮਾਮਬਾਰਗਾਹ ਆਸ਼ਿਕ ਹੁਸੈਨ ਤੋਂ ਸ਼ੁਰੂ ਹੋ ਕੇ ਇਮਾਮਬਾਰਗਾਹ ਕਦੀਮੀ ਤੱਕ ਪਹੁੰਚਿਆ। ਰਸਤੇ ਵਿੱਚ ਚਾਰ ਹੋਰ ਜਲੂਸ ਵੀ ਇਸ ਵਿੱਚ ਸ਼ਾਮਲ ਹੋਏ। ਇੱਥੇ 5,500 ਪੁਲਿਸ ਕਰਮਚਾਰੀਆਂ ਦੇ ਨਾਲ ਫੌਜ ਅਤੇ ਰੇਂਜਰਜ਼ ਵੀ ਤਾਇਨਾਤ ਰਹੇ।
ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ 24 ਜ਼ਿਲ੍ਹਿਆਂ ਵਿੱਚ ਜਲੂਸਾਂ ਅਤੇ ਮਜਲਿਸਾਂ ਦੇ ਰੂਟਾਂ ’ਤੇ ਰਾਤ 10 ਵਜੇ ਤੱਕ ਮੋਬਾਈਲ ਸੇਵਾਵਾਂ ਅੰਸ਼ਕ ਤੌਰ ’ਤੇ ਮੁਅੱਤਲ ਰੱਖੀਆਂ ਗਈਆਂ। ਸੂਬੇ ਵਿੱਚ ਕੁੱਲ 2,502 ਮਜਲਿਸਾਂ ਅਤੇ 3,025 ਜਲੂਸ ਨਿਕਲੇ।

ਸਿੰਧ
ਕਰਾਚੀ ਦਾ ਮੁੱਖ ਜਲੂਸ ਨਿਸ਼ਤਰ ਪਾਰਕ ਤੋਂ ਸਵੇਰੇ ਰਵਾਨਾ ਹੋ ਕੇ ਆਪਣੇ ਰਵਾਇਤੀ ਰੂਟ ਤੋਂ ਹੁੰਦਾ ਹੋਇਆ ਖਾਰਾਦਰ ਸਥਿਤ ਇਮਾਮਬਾਰਗਾਹ ਹੁਸੈਨੀਆ ਇਰਾਨੀਆਂ ’ਤੇ ਸਮਾਪਤ ਹੋਇਆ। ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਵੀ ਮਾਤਮੀ ਜਲੂਸ ਵਿੱਚ ਹਿੱਸਾ ਲਿਆ। ਸੂਬੇ ਵਿੱਚ 60 ਹਜ਼ਾਰ ਤੋਂ ਵੱਧ ਪੁਲਿਸ ਅਤੇ ਰੇਂਜਰਜ਼ ਜਵਾਨ ਤਾਇਨਾਤ ਕੀਤੇ ਗਏ। ਸਨਾਈਪਰ ਛੱਤਾਂ ’ਤੇ ਤਾਇਨਾਤ ਰਹੇ ਅਤੇ ਬੰਬ ਡਿਸਪੋਜ਼ਲ ਸਕੁਆਡ ਨੇ ਪਹਿਲਾਂ ਹੀ ਰੂਟ ਦੀ ਜਾਂਚ ਕੀਤੀ। ਸਿੰਧ ਵਿੱਚ 1,040 ਮਜਲਿਸਾਂ ਅਤੇ 1,039 ਜਲੂਸ ਆਯੋਜਿਤ ਹੋਏ।
ਖੈਬਰ ਪਖ਼ਤੂਨਖ਼ਵਾ
ਪੇਸ਼ਾਵਰ ਵਿੱਚ ਪਹਿਲਾ ਜਲੂਸ ਇਮਾਮਬਾਰਗਾਹ ਆਗਾ ਸਈਦ ਅਲੀ ਸ਼ਾਹ ਤੋਂ ਨਿਕਲਿਆ, ਜਦਕਿ ਹੋਰ 12 ਜਲੂਸ ਵੀ ਸਖ਼ਤ ਸੁਰੱਖਿਆ ਹੇਠ ਕੱਢੇ ਗਏ। ਸੁਰੱਖਿਆ ਲਈ ਪਾਕਿਸਤਾਨ ਫੌਜ ਦੀਆਂ 61 ਅਤੇ ਰੇਂਜਰਜ਼ ਦੀਆਂ 76 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। 30 ਹਜ਼ਾਰ ਤੋਂ ਵੱਧ ਸਿਖਲਾਈ ਪ੍ਰਾਪਤ ਵਲੰਟੀਅਰਾਂ ਨੇ ਵੀ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ।
ਸੂਬੇ ਵਿੱਚ ਏਆਈ-ਅਧਾਰਿਤ ਨਿਗਰਾਨੀ ਪ੍ਰਣਾਲੀ, ਬਾਡੀ ਕੈਮਰੇ, ਜਿਓ-ਟੈਗਡ ਵੀਡੀਓ ਮਾਨੀਟਰਿੰਗ, 5,600 ਤੋਂ ਵੱਧ ਸੀਸੀਟੀਵੀ ਕੈਮਰੇ ਅਤੇ 1,000 ਤੋਂ ਵੱਧ 4ਜੀ ਇਵੈਂਟ ਕੈਮਰੇ ਵਰਤੇ ਗਏ। 614 ਇਮਾਮਬਾਰਗਾਹਾਂ ਵਿੱਚੋਂ 127 ਨੂੰ ਬਹੁਤ ਸੰਵੇਦਨਸ਼ੀਲ, 262 ਨੂੰ ਸੰਵੇਦਨਸ਼ੀਲ ਅਤੇ 225 ਨੂੰ ਆਮ ਸ਼੍ਰੇਣੀ ਵਿੱਚ ਰੱਖਿਆ ਗਿਆ।
ਬਲੋਚਿਸਤਾਨ
ਕੁਇਟਾ ਦਾ ਕੇਂਦਰੀ ਜਲੂਸ ਸਵੇਰੇ ਆਲਮਦਾਰ ਰੋਡ ਸਥਿਤ ਇਮਾਮਬਾਰਗਾਹ ਹੁਸੈਨੀ ਸਾਦਾਤ ਤੋਂ ਸ਼ੁਰੂ ਹੋਇਆ ਅਤੇ ਮਗਰਿਬ ਦੀ ਨਮਾਜ਼ ਤੋਂ ਬਾਅਦ ਤੱਕ ਜਾਰੀ ਰਿਹਾ। 35 ਮਾਤਮੀ ਟੋਲੀਆਂ ਨੇ ਜਲੂਸ ਵਿੱਚ ਹਿੱਸਾ ਲਿਆ। ਰਸਤੇ ਵਿੱਚ ਪਾਣੀ ਦੀਆਂ ਸਬੀਲਾਂ, ਰਿਫਰੈਸ਼ਮੈਂਟ ਸਟਾਲ ਅਤੇ ਐਮਰਜੈਂਸੀ ਕੈਂਪ ਲਗਾਏ ਗਏ। ਸੁਰੱਖਿਆ ਲਈ 4,800 ਪੁਲਿਸ ਕਰਮਚਾਰੀ ਅਤੇ 4,000 ਹੋਰ ਜਵਾਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਾਇਨਾਤ ਰਹੇ।
ਇਸਲਾਮਾਬਾਦ
ਰਾਜਧਾਨੀ ਵਿੱਚ 12 ਜਲੂਸ ਅਤੇ 54 ਮਜਲਿਸਾਂ ਹੋਈਆਂ। ਪੁਲਿਸ ਮੁਖੀ ਸਈਦ ਅਲੀ ਨਾਸਿਰ ਰਿਜ਼ਵੀ ਨੇ ਖੁਦ ਵੱਖ-ਵੱਖ ਜਲੂਸਾਂ ਦਾ ਦੌਰਾ ਕੀਤਾ। ਇਸਲਾਮਾਬਾਦ ਪੁਲਿਸ, ਰੇਂਜਰਜ਼, ਫਰੰਟੀਅਰ ਕਾਂਸਟੇਬੂਲਰੀ ਅਤੇ ਸਪੈਸ਼ਲ ਬ੍ਰਾਂਚ ਦੇ 16 ਹਜ਼ਾਰ ਕਰਮਚਾਰੀ ਤਾਇਨਾਤ ਰਹੇ। 57 ਤੋਂ ਵੱਧ ਸੁਰੱਖਿਆ ਚੌਕੀਆਂ ਬਣਾਈਆਂ ਗਈਆਂ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਵੀ ਡਿਊਟੀ ’ਤੇ ਲਗਾਇਆ ਗਿਆ। ਡਰੋਨ, ਬਾਡੀ ਕੈਮਰੇ ਅਤੇ ਸੇਫ਼ ਸਿਟੀ ਪ੍ਰਣਾਲੀ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਗਈ।
ਆਜ਼ਾਦ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ
ਆਜ਼ਾਦ ਕਸ਼ਮੀਰ ਵਿੱਚ 47 ਮਜਲਿਸਾਂ ਅਤੇ 41 ਜਲੂਸ ਅਮਨ-ਅਮਾਨ ਨਾਲ ਸੰਪੰਨ ਹੋਏ।ਗਿਲਗਿਤ-ਬਾਲਟਿਸਤਾਨ ਵਿੱਚ 1,070 ਮਜਲਿਸਾਂ ਅਤੇ 141 ਜਲੂਸ ਨਿਕਲੇ। ਗਿਲਗਿਤ ਅਤੇ ਸਕਾਰਦੂ ਵਿੱਚ ਸਖ਼ਤ ਸੁਰੱਖਿਆ ਅਤੇ ਸੀਸੀਟੀਵੀ ਨਿਗਰਾਨੀ ਹੇਠ ਸਾਰੇ ਪ੍ਰੋਗਰਾਮ ਕਰਵਾਏ ਗਏ।
ਸਖ਼ਤ ਸੁਰੱਖਿਆ ਪ੍ਰਬੰਧ
ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਵੱਲੋਂ ਸੰਭਾਵਿਤ ਖ਼ਤਰਿਆਂ ਅਤੇ ਖ਼ੁਫ਼ੀਆ ਚੇਤਾਵਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਭਰ ਵਿੱਚ ਅਸਧਾਰਣ ਸੁਰੱਖਿਆ ਪ੍ਰਬੰਧ ਕੀਤੇ ਗਏ। ਜਲੂਸਾਂ ਦੇ ਰੂਟਾਂ ਨੂੰ ਸ਼ਿਪਿੰਗ ਕੰਟੇਨਰਾਂ ਨਾਲ ਸੀਲ ਕੀਤਾ ਗਿਆ ਅਤੇ ਹਰ ਸ਼ਖ਼ਸ ਦੀ ਤਲਾਸ਼ੀ ਲਈ ਗਈ। ਉੱਚੀਆਂ ਇਮਾਰਤਾਂ ’ਤੇ ਸਨਾਈਪਰ ਤਾਇਨਾਤ ਕੀਤੇ ਗਏ, ਜਦਕਿ ਹੈਲੀਕਾਪਟਰਾਂ, ਸੇਫ਼ ਸਿਟੀ ਕੈਮਰਿਆਂ ਅਤੇ ਸੀਸੀਟੀਵੀ ਨੈੱਟਵਰਕ ਰਾਹੀਂ ਨਿਗਰਾਨੀ ਕੀਤੀ ਗਈ। ਸੰਵੇਦਨਸ਼ੀਲ ਥਾਵਾਂ ’ਤੇ ਐਂਟੀ-ਡਰੋਨ ਸਿਸਟਮ ਅਤੇ ਮੋਬਾਈਲ ਜੈਮਰ ਵੀ ਵਰਤੇ ਗਏ।

ਅਜ਼ਾਦਾਰਾਂ ਲਈ ਸਹੂਲਤਾਂ
ਸੂਬਾਈ ਸਰਕਾਰਾਂ ਵੱਲੋਂ ਜਲੂਸਾਂ ਦੇ ਰੂਟਾਂ ’ਤੇ ਮੈਡੀਕਲ ਕੈਂਪ, ਠੰਢੇ ਪਾਣੀ ਦੀਆਂ ਸਬੀਲਾਂ ਅਤੇ ਪੇਅ ਪਦਾਰਥਾਂ ਦੇ ਸਟਾਲ ਲਗਾਏ ਗਏ। ਰਾਵਲਪਿੰਡੀ ਵਿੱਚ ਰੈਸਕਿਊ 1122 ਦੀਆਂ 57 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਅਤੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ 537 ਬਿਸਤਰੇ ਐਮਰਜੈਂਸੀ ਲਈ ਰਾਖਵੇਂ ਰੱਖੇ ਗਏ। ਸਥਾਨਕ ਲੋਕਾਂ ਵੱਲੋਂ ਨਿਆਜ਼ ਵਜੋਂ ਖਾਣਾ, ਦੁੱਧ, ਸਾਫਟ ਡਰਿੰਕ ਅਤੇ ਪਾਣੀ ਵੀ ਵੰਡਿਆ ਗਿਆ।
ਜਲੂਸਾਂ ਦੇ ਸਮਾਪਤ ਹੋਣ ਉਪਰੰਤ ਦੇਸ਼ ਭਰ ਵਿੱਚ ਸ਼ਾਮ-ਏ-ਗਰੀਬਾਂ ਦੀਆਂ ਮਜਲਿਸਾਂ ਹੋਈਆਂ, ਜਿਨ੍ਹਾਂ ਵਿੱਚ ਕਰਬਲਾ ਤੋਂ ਬਾਅਦ ਦੇ ਵਾਕਿਆਤ ਬਿਆਨ ਕੀਤੇ ਗਏ।
ਯੌਮ-ਏ-ਆਸ਼ੂਰਾ ਦਾ ਅਮਨ-ਅਮਾਨ ਨਾਲ ਸੰਪੰਨ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸੰਘੀ ਸਰਕਾਰ, ਸੂਬਾਈ ਪ੍ਰਸ਼ਾਸਨ, ਸੁਰੱਖਿਆ ਬਲਾਂ ਅਤੇ ਆਮ ਜਨਤਾ ਵਿਚਕਾਰ ਬਿਹਤਰੀਨ ਤਾਲਮੇਲ ਦੇ ਨਤੀਜੇ ਵਜੋਂ ਪਾਕਿਸਤਾਨ ਨੇ ਇੱਕ ਵਾਰ ਫਿਰ ਧਾਰਮਿਕ ਸਦਭਾਵਨਾ, ਕੌਮੀ ਏਕਤਾ ਅਤੇ ਅਮਨ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
Leave a Reply