ਲਾਹੌਰ ਵਿੱਚ ਸਮੌਗ ਦਾ ਕਹਿਰ, ਮਾਹਿਰਾਂ ਵੱਲੋਂ ਬੇਲੋੜਾ ਘਰੋਂ ਨਾ ਨਿਕਲਣ ਦੀ ਸਲਾਹ

ਲਾਹੌਰ ਵਿੱਚ ਸਮੌਗ ਦਾ ਕਹਿਰ, ਮਾਹਿਰਾਂ ਵੱਲੋਂ ਬੇਲੋੜਾ ਘਰੋਂ ਨਾ ਨਿਕਲਣ ਦੀ ਸਲਾਹ

ਲਾਹੌਰ (ਨਜ਼ਰਾਨਾ ਟਾਈਮਜ਼): ਲਾਹੌਰ ਵਿੱਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਹਵਾ ਗੁਣਵੱਤਾ ਸੂਚਕ ਅੰਕ (AQI) 902 ਦਰਜ ਕੀਤਾ ਗਿਆ ਹੈ। ਮਾਹਿਰਾਂ ਮੁਤਾਬਕ ਸਮੌਗ ਵਧਣ ਦੇ ਵੱਡੇ ਕਾਰਨਾਂ ਵਿੱਚ ਭਾਰਤ ਵਿੱਚ ਦੀਵਾਲੀ ਮੌਕੇ ਚਲਾਏ ਪਟਾਕਿਆਂ ਅਤੇ ਫ਼ਸਲੀ ਰਹਿੰਦ-ਖੂੰਹਦ ਸਾੜਨ ਤੋਂ ਪੈਦਾ ਹੋਇਆ ਧੂੰਆਂ ਸ਼ਾਮਲ ਹੈ।

ਭਾਰਤੀ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਹਵਾਲਾ

ਪੰਜਾਬ ਦੇ ਵਾਤਾਵਰਨ ਸੁਰੱਖਿਆ ਵਿਭਾਗ ਦੀ ਰਿਪੋਰਟ ਅਨੁਸਾਰ, ਭਾਰਤੀ ਪੰਜਾਬ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। 4 ਨਵੰਬਰ ਤੱਕ 2,347 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 1,081 ਘਟਨਾਵਾਂ ਲਾਹੌਰ ਅਤੇ ਕਸੂਰ ਦੇ ਸਾਹਮਣੇ ਪੈਂਦੇ ਜ਼ਿਲ੍ਹਿਆਂ ਵਿੱਚ ਵਾਪਰੀਆਂ।

ਰਿਪੋਰਟ ਵਿੱਚ ਨਾਸਾ ਦੀਆਂ ਉਪਗ੍ਰਹਿ ਤਸਵੀਰਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਭਾਰਤੀ ਪੰਜਾਬ ਅਤੇ ਹਰਿਆਣਾ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਨਾਲ ਪੈਦਾ ਹੋ ਰਿਹਾ ਧੂੰਆਂ ਹਵਾਵਾਂ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋ ਰਿਹਾ ਹੈ।

ਪਟਾਕਿਆਂ ਦੇ ਧੂੰਏਂ ਨਾਲ ਪ੍ਰਦੂਸ਼ਣ ਹੋਰ ਵਧਣ ਦੀ ਚਿਤਾਵਨੀ

ਪੰਜਾਬ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿੱਚ ਦੀਵਾਲੀ ਮੌਕੇ ਵੱਡੇ ਪੱਧਰ ’ਤੇ ਆਤਿਸ਼ਬਾਜ਼ੀ ਹੋਣ ਨਾਲ ਖੇਤਰੀ ਹਵਾ ਪ੍ਰਦੂਸ਼ਣ ਹੋਰ ਵਧ ਸਕਦਾ ਹੈ। ਇਸ ਨਾਲ ਲਾਹੌਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਮੌਗ ਗੰਭੀਰ ਹੋਣ ਦਾ ਖ਼ਤਰਾ ਹੈ।

ਵਾਤਾਵਰਨ ਸੁਰੱਖਿਆ ਵਿਭਾਗ ਅਨੁਸਾਰ, ਭਾਰਤ ਵਿੱਚ ਪਟਾਕਿਆਂ ਤੋਂ ਪੈਦਾ ਹੋਇਆ ਧੂੰਆਂ ਪੰਜ ਤੋਂ 13 ਘੰਟਿਆਂ ਵਿੱਚ ਲਾਹੌਰ ਪਹੁੰਚ ਸਕਦਾ ਹੈ। ਪੂਰਬ ਵੱਲੋਂ ਚੱਲਣ ਵਾਲੀਆਂ ਹਵਾਵਾਂ ਦੀ ਰਫ਼ਤਾਰ ਸੱਤ ਤੋਂ 11 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ

ਮਾਹਿਰਾਂ ਨੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਸਾਹ, ਛਾਤੀ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ।

ਸਰਕਾਰ ਨੇ ਸਮੌਗ ਨਾਲ ਨਜਿੱਠਣ ਲਈ ਕਦਮ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਵਿੱਚ ਫੌਗ ਕੈਨਨ ਰਾਹੀਂ ਪਾਣੀ ਦਾ ਛਿੜਕਾਅ ਅਤੇ ਉਦਯੋਗਾਂ ਦੀ ਨਿਗਰਾਨੀ ਸ਼ਾਮਲ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.