ਤਰਨ ਤਾਰਨ ਦੇ ਪੁਲਿਸ ਥਾਣਿਆਂ ‘ਚ ਕੁੱਝ ਵੀ ਨਹੀਂ ਬਦਲਿਆ ?
- ਅਪਰਾਧ
- 11 Aug, 2026 06:27 AM (Asia/Kolkata)
ਤਰਨ ਤਾਰਨ, ਨਜ਼ਰਾਨਾ ਟਾਈਮਜ ਬਿਊਰੋ
ਸਤਲੁਜ ਫਿਲਮ ਨੇ ਬਾਰਡਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਤਸਵੀਰ ਦੁਨੀਆ ਨੂੰ ਦਿਖਾਈ , ਜਿਸ ਨਾਲ ਪੰਜਾਬ ਪੁਲਿਸ ਅਤੇ ਭਾਰਤੀ ਸਟੇਟ ਦਾ ਘਿਨੌਣਾ ਚਿਹਰਾ ਦੁਨੀਆ ਭਰ ਵਿੱਚ ਚਰਚਿਤ ਹੋਇਆ । ਸਰਕਾਰ ਨੇ ਫਿਲਮ ਤੇ ਪਾਬੰਦੀ ਤਾਂ ਲਗਾ ਦਿੱਤੀ ਪਰ ਪੰਜਾਬ ਪੁਲਿਸ ਦੇ ਕੰਮਕਾਜ ਨੂੰ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਫਲਸਰੂਪ ਹਾਲੀਆ ਵਾਪਰੀਆਂ ਘਟਨਾਵਾਂ ਨੇ ਉਸ ਕਾਲੇ ਦੌਰ ਦੀ ਯਾਦ ਫਿਰ ਤਾਜ਼ਾ ਕਰਵਾ ਦਿੱਤੀ ਹੈ ।
ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿਖੀਵਿੰਡ ਵਿੱਚ ਪੁਲਿਸ ਹਿਰਾਸਤ ਦੌਰਾਨ ਇੱਕ 21 ਸਾਲਾ ਦਲਿਤ ਮੁਟਿਆਰ ਰਾਜਬੀਰ ਕੌਰ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 9 ਅਗਸਤ 2026 ਦੀ ਸਵੇਰ ਲਗਭਗ 9:00 ਵਜੇ ਰਾਜਬੀਰ ਕੌਰ ਥਾਣੇ ਦੇ ਬਾਥਰੂਮ ਵਿੱਚ ਗਈ ਸੀ, ਜਿੱਥੇ ਉਹ ਕਥਿਤ ਤੌਰ 'ਤੇ ਫਾਹੇ ਨਾਲ ਲਟਕਦੀ ਮਿਲੀ। ਬਾਅਦ ਵਿੱਚ ਮੈਡੀਕਲ ਟੀਮ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
10 ਅਗਸਤ ਨੂੰ ਇੱਕ ਵੱਖਰੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਰਨਤਾਰਨ ਦੇ ਇੱਕ ਪੁਲਿਸ ਥਾਣੇ ਵਿੱਚ ਇੱਕ ਔਰਤ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਅਦਾਲਤ ਨੇ ਇਸ ਘਟਨਾ ਨੂੰ "ਗੰਭੀਰ ਚਿੰਤਾ ਦਾ ਮੁੱਦਾ" ਕਰਾਰ ਦਿੱਤਾ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹਾਈ ਕੋਰਟ ਵੱਲੋਂ 2 ਜੁਲਾਈ 2026 ਨੂੰ ਨਿਯੁਕਤ ਕੀਤੇ ਗਏ ਇੱਕ ਵਾਰੰਟ ਅਫ਼ਸਰ ਨੇ ਪੁਲਿਸ ਥਾਣਾ ਸਦਰ ਤਰਨਤਾਰਨ ਵਿੱਚ ਅਚਾਨਕ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਥਾਣੇ ਵਿੱਚ ਇੱਕ ਔਰਤ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ਾਂ ਤੋਂ ਬਾਅਦ ਕੀਤੀ ਗਈ ਸੀ। ਦੂਜੇ ਪਾਸੇ, ਪੁਲਿਸ ਦਾ ਦਾਅਵਾ ਸੀ ਕਿ ਉਸ ਔਰਤ ਦੇ ਪਤੀ ਵਿਰੁੱਧ ਕਈ ਪਰਚੇ ਦਰਜ ਹਨ, ਜਿਸ ਕਾਰਨ ਉਸ ਨੂੰ ਮੁੱਢਲੀ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ।
ਅਦਾਲਤ ਵਿੱਚ ਪੇਸ਼ ਕੀਤੇ ਗਏ ਪਾਲਣਾ ਹਲਫ਼ਨਾਮੇ ਵਿੱਚ ਪੁਲਿਸ ਨੇ ਮੰਨਿਆ ਕਿ ਸੀਸੀਟੀਵੀ (CCTV) ਫੁਟੇਜ ਦੀ ਸਮੀਖਿਆ ਦੌਰਾਨ ਥਾਣੇ ਅੰਦਰ ਉਸ ਔਰਤ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।
ਹਲਫ਼ਨਾਮੇ ਅਨੁਸਾਰ: "ਪੁਲਿਸ ਥਾਣਾ ਸਦਰ ਤਰਨਤਾਰਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਉਹ ਔਰਤ ਰਾਤ ਲਗਭਗ 10:38 ਵਜੇ ਐੱਮ.ਐੱਚ.ਸੀ./ਮੁੰਸ਼ੀ ਕਮਰੇ ਵਿੱਚ ਅਤੇ ਰਾਤ ਲਗਭਗ 11:40 ਵਜੇ ਤਫ਼ਤੀਸ਼ੀ ਅਫ਼ਸਰ (I.O) ਇੰਦਰਜੀਤ ਸਿੰਘ ਦੇ ਕਮਰੇ ਦੇ ਨੇੜੇ ਦਿਖਾਈ ਦਿੱਤੀ।"
ਜਾਂਚ ਤੋਂ ਇਹ ਵੀ ਖ਼ੁਲਾਸਾ ਹੋਇਆ ਕਿ ਪੁਲਿਸ ਮੁਲਾਜ਼ਮਾਂ ਨੇ ਹਾਈ ਕੋਰਟ ਦੇ ਵਾਰੰਟ ਅਫ਼ਸਰ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਡਿਊਟੀ ਅਫ਼ਸਰ ASI ਇੰਦਰਜੀਤ ਸਿੰਘ ਅਤੇ ਨਾਈਟ MHC ASI ਮਨਜਿੰਦਰ ਸਿੰਘ ਨੇ ਅਦਾਲਤੀ ਅਫ਼ਸਰ ਨਾਲ ਸਹਿਯੋਗ ਨਹੀਂ ਕੀਤਾ ਅਤੇ ਔਰਤ ਦੀ ਹਿਰਾਸਤ ਤੇ ਰਿਹਾਈ ਬਾਰੇ ਤਸੱਲੀਬਖਸ਼ ਜਾਣਕਾਰੀ ਦੇਣ ਵਿੱਚ ਅਸਫਲ ਰਹੇ।
ਫਿਲਮ ਅਦਾਕਾਰ ਅਤੇ ਪੱਤਰਕਾਰ ਜੁਗਰਾਜ ਸੰਧੂ ਬੀਤੇ ਦਿਨੀ ਐਸ ਐਸ ਪੀ ਦਫਤਰ ਤਰਨ ਤਾਰਨ ਕਿਸੇ ਕੰ ਗਿਆ ਤਾਂ SSP ਦਫ਼ਤਰ ਦੇ ਬਾਹਰੋਂ ਹੀ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ, ਬਾਅਦ ਵਿੱਚ ਉਹ ਚੋਰ ਤਾਂ ਫੜ ਲਿਆ ਗਿਆ ਅਤੇ ਉਸ ਨੇ ਦੱਸ ਵੀ ਦਿੱਤਾ ਕਿ ਫਲਾਣੇ ਨਸ਼ਾ ਤਸਕਰ ਨੂੰ ਮੈਂ ਮੋਟਰਸਾਈਕਲ ਤਿੰਨ ਹਜ਼ਾਰ ਰੁਪਏ ਵਿੱਚ ਵੇਚਿਆ ਹੈ, ਪਰ ਨਾ ਨਸ਼ਾ ਤਸਕਰ ਦੀ ਗ੍ਰਿਫਤਾਰੀ ਹੋਈ ਤੇ ਨਾ ਹੀ ਜੁਗਰਾਜ ਸੰਧੂ ਦਾ ਮੋਟਰਸਾਈਕਲ ਬਰਾਮਦ ਹੋਇਆ ।
ਕੀ ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਜਿਸ ਦੇ ਮੁੱਖੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਹਨ ਇਸ ਪਾਸੇ ਧਿਆਨ ਦੇਵੇਗਾ …? ਸਵਾਲ ਤਦ ਤੱਕ ਖੜਾ ਰਹੇ ਜਦ ਤੱਕ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ।
Leave a Reply