ਬਦਲਦੇ ਸਿਆਸੀ ਸਮੀਕਰਨ ਅਤੇ ਪੰਜਾਬ ਦੇ ਮੁੱਦਿਆਂ ਦੇ ਸੰਦਰਭ ਵਿੱਚ ਪੰਜਾਬੀ ਅਖਬਾਰਾਂ ਦੀ ਭੂਮਿਕਾ
- ਸੰਪਾਦਕੀ
- 04 Aug, 2026 06:42 AM (Asia/Kolkata)
ਕਲਮ ਨੇ ਹਮੇਸ਼ਾ ਕੌਮਾਂ ਦੀ ਚੇਤਨਾ ਨੂੰ ਦਿਸ਼ਾ ਦਿੱਤੀ ਹੈ। ਜਦੋਂ ਤੱਕ ਕਲਮ ਨਿਡਰ ਅਤੇ ਬੇਬਾਕ ਹੋਕੇ ਸੱਚ ਲਿਖਦੀ ਰਹੇਗੀ,ਤਾਂ ਸਮਾਜ ਨੂੰ ਸਹੀ ਸੇਧ ਮਿਲਦੀ ਰਹੇਗੀ,ਪਰ ਜਦੋਂ ਕਲਮ ਡਰ ਜਾਂ ਲਾਲਚ ਵੱਸ ਕਿਸੇ ਇੱਕ ਵਿਚਾਰਧਾਰਾ ਦੀ ਗੁਲਾਮ ਬਣ ਜਾਵੇਗੀ,ਤਾਂ ਉਦੋਂ ਉਹ ਸਮਾਜ ਨੂੰ ਦਿਸ਼ਾਹੀਣ ਕਰਨ ਵਾਲੀ ਭੂਮਿਕਾ ਹੀ ਨਿਭਾ ਸਕੇਗੀ।ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਇੱਕ ਸਵਾਲ ਬਹੁਤ ਗੰਭੀਰਤਾ ਨਾਲ ਉਠਾਇਆ ਜਾ ਰਿਹਾ ਹੈ ਕਿ ਕੀ ਪੰਜਾਬੀ ਅਖ਼ਬਾਰ ਸਿੱਖ ਨਜ਼ਰੀਏ ਨੂੰ ਪੂਰੀ ਇਮਾਨਦਾਰੀ ਨਾਲ ਪੇਸ਼ ਕਰ ਰਹੇ ਹਨ ਜਾਂ ਫਿਰ ਉਹ ਇੱਕ ਅਜਿਹੇ ਮਾਹੌਲ ਵਿੱਚ ਕੰਮ ਕਰ ਰਹੇ ਹਨ ਜਿੱਥੇ ਸਿੱਖ ਦ੍ਰਿਸ਼ਟੀਕੋਣ ਨੂੰ ਜਾਣ-ਬੁੱਝ ਕੇ ਸੀਮਤ ਕਰ ਦਿੱਤਾ ਗਿਆ ਹੈ। ਇਹ ਵਰਤਾਰਾ ਲੰਮੇ ਸਮੇ ਤੋਂ ਵਾਪਰਦਾ ਆ ਰਿਹਾ ਹੈ ਕਿ ਸਿੱਖ ਸੋਚ ਨੂੰ ਪੰਜਾਬੀ ਅਖਵਾਰਾਂ ਤੋਂ ਵੀ ਪਾਸੇ ਕਰ ਦਿਤਾ ਜਾਵੇ, ਭਾਰਤੀ ਸਟੇਟ ਦਾ ਘੱਟ ਗਿਣਤੀਆਂ ਪ੍ਰਤੀ ਰਵਈਆ ਹੀ ਪੱਖਪਾਤੀ ਬਣ ਗਿਆ ਹੈ।ਕੋਮਨਿਸਟ ਧਿਰਾਂ ਮੁਢੋ ਹੀ ਸਟੇਟ ਪੱਖੀ ਰਹੀਆਂ ਹਨ,ਪੰਜਾਬੀ ਅਖਵਾਰਾਂ ਪੂਰਨ ਤੋਰ ਤੇ ਇਸ ਖੱਬੇ ਪੱਖੀ ਸੋਚ ਦੇ ਪ੍ਰਭਾਵ ਅਧੀਨ ਹਨ। ਮਰਹੂਮ ਸਿੱਖ ਵਿਦਵਾਨ ਪੱਤਰਕਾਰ ਭਰਪੂਰ ਸਿੰਘ ਬਲਬੀਰ ਨੇ ਇੱਕ ਵਾਰ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਜਦੋਂ ਸਿੱਖਾਂ ਦੇ ਇਕੱਠ ਵਿੱਚ ਇੱਕ ਵੀ ਗੈਰ-ਸਿੱਖ ਆ ਕੇ ਬੈਠ ਜਾਵੇ ਤਾਂ ਸਿੱਖ ਆਗੂਆਂ ਦੇ ਭਾਸ਼ਣਾਂ ਦਾ ਲਹਿਜਾ ਹੀ ਬਦਲ ਜਾਂਦਾ ਹੈ। ਇਸ ਗੱਲ ਨੂੰ ਮਨੋਵਿਗਿਆਨਕ ਪੱਖ ਤੋਂ ਸਮਝਣ ਦੀ ਲੋੜ ਹੈ। ਇਸ ਦਾ ਭਾਵ ਇਹ ਸੀ ਕਿ ਘੱਟ ਗਿਣਤੀਆਂ ਵਿੱਚ ਅਕਸਰ ਇੱਕ ਅਦਿੱਖ ਦਬਾਅ ਕੰਮ ਕਰਦਾ ਹੈ, ਜਿਸ ਕਾਰਨ ਉਹ ਆਪਣੇ ਵਿਚਾਰ ਪੂਰੀ ਨਿਡਰਤਾ ਨਾਲ ਪ੍ਰਗਟ ਕਰਨ ਤੋਂ ਹਿਚਕਦੀਆਂ ਹਨ। ਇਹੀ ਮਨੋਵਿਗਿਆਨ ਅਜੋਕੇ ਮੀਡੀਆ ਸਿਸਟਮ ਵਿੱਚ ਵੀ ਨਜ਼ਰ ਆਉਂਦਾ ਹੈ।ਭਾਰਤ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਸਮਾਜ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ, ਫਿਰ ਕੀ ਇਹ ਜਾਇਜ਼ ਨਹੀ ਹੈ ਕਿ ਸਿੱਖ ਭਾਈਚਾਰੇ ਨਾਲ ਜੁੜੇ ਮੁੱਦਿਆਂ ਅਤੇ ਵਿਚਾਰਾਂ ਨੂੰ ਵੀ ਮੀਡੀਆ ਵਿੱਚ ਉਚਿਤ ਥਾਂ ਮਿਲੇ।ਪੰਜਾਬੀ ਪੱਤਰਕਾਰੀ ਦੇ ਇਤਿਹਾਸ ਨੂੰ ਵੇਖੀਏ ਤਾਂ ਆਜ਼ਾਦੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਕਈ ਅਖ਼ਬਾਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵਿਚਾਰਾਂ ਲਈ ਖੁੱਲ੍ਹਾ ਮੰਚ ਹੁੰਦੇ ਸਨ। ਪਰ ਸਮੇਂ ਦੇ ਨਾਲ ਉਪਰ ਦੱਸੇ ਕਾਰਨਾਂ ਤੋ ਇਲਾਵਾ ਕਾਰਪੋਰੇਟ ਮਾਲਕੀ, ਵਿਗਿਆਪਨਾਂ ’ਤੇ ਨਿਰਭਰਤਾ, ਰਾਜਨੀਤਿਕ ਦਬਾਅ ਅਤੇ ਵਪਾਰਕ ਮੁਕਾਬਲੇ ਨੇ ਸੰਪਾਦਕੀ ਸੁਤੰਤਰਤਾ ਨੂੰ ਪ੍ਰਭਾਵਿਤ ਕੀਤਾ ਹੈ। ਇਹ ਕਹਿਣਾ ਕਿ ਸਾਰੀਆਂ ਪੰਜਾਬੀ ਅਖ਼ਬਾਰਾਂ ਇੱਕੋ ਹੀ ਵਿਚਾਰਧਾਰਾ ਅਧੀਨ ਕੰਮ ਕਰਦੀਆਂ ਹਨ, ਤੱਥਾਤਮਕ ਤੌਰ ’ਤੇ ਠੀਕ ਨਹੀਂ ਹੋਵੇਗਾ। ਪਰ ਇਹ ਵੀ ਸੱਚ ਹੈ ਕਿ ਪੰਜਾਬੀ ਅਖਬਾਰਾਂ ਬਹੁ ਗਿਣਤੀ ਵਿੱਚ ਖੱਬੇ ਪੱਖੀ ਵਿਚਾਰਧਾਰਾ ਦੇ ਪ੍ਰਭਾਵ ਤੋ ਮੁਕਤ ਨਹੀ ਹਨ। ਲਿਹਾਜਾ ਸਿੱਖ ਧਾਰਮਿਕ, ਇਤਿਹਾਸਕ ਅਤੇ ਪੰਥਕ ਸੋਚ ਵਾਲੇ ਲੇਖਾਂ ਨੂੰ ਉਤਨੀ ਹੀ ਥਾਂ ਨਹੀ ਮਿਲਦੀ ਹੈ ਜਿੰਨੀ ਹੋਰ ਵਿਸ਼ਿਆਂ ਨੂੰ ਦਿੱਤੀ ਜਾਂਦੀ ਹੈ।ਇਹ ਇੱਕ ਜਾਇਜ਼ ਪੱਤਰਕਾਰੀ ਸਵਾਲ ਹੈ ਜਿਸ ’ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ।ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਅੰਤਰਰਾਸ਼ਟਰੀ ਰਾਜਨੀਤੀ, ਅਮਰੀਕਾ, ਰੂਸ, ਯੂਕਰੇਨ, ਇਰਾਨ ਜਾਂ ਇਸਰਾਈਲ-ਫ਼ਲਸਤੀਨ ਵਰਗੇ ਵਿਸ਼ਿਆਂ ’ਤੇ ਲਗਾਤਾਰ ਲੇਖ ਛਪਦੇ ਹਨ। ਇਹ ਵਿਸ਼ੇ ਮਹੱਤਵਪੂਰਨ ਹਨ ਅਤੇ ਉਨ੍ਹਾਂ ਦੀ ਕਵਰੇਜ ਹੋਣੀ ਵੀ ਚਾਹੀਦੀ ਹੈ। ਪਰ ਇਸ ਦੇ ਨਾਲ ਇਹ ਉਮੀਦ ਵੀ ਕੀਤੀ ਜਾਣੀ ਬਣਦੀ ਹੈ ਕਿ ਪੰਜਾਬ ਨਾਲ ਸੰਬੰਧਿਤ ਮੁੱਦੇ,ਭਾਸ਼ਾ, ਖੇਤੀਬਾੜੀ, ਸੰਘੀ ਢਾਂਚਾ, ਧਾਰਮਿਕ ਸੰਸਥਾਵਾਂ, ਸੱਭਿਆਚਾਰਕ ਪਛਾਣ,ਸਿੱਖ ਸੋਚ ਅਤੇ ਸਿੱਖ ਭਾਈਚਾਰੇ ਦੇ ਮਸਲਿਆਂ ’ਤੇ ਵੀ ਉਤਨੀ ਹੀ ਗੰਭੀਰ ਅਤੇ ਨਿਰੰਤਰ ਚਰਚਾ ਹੋਵੇ।ਪਿਛਲੇ ਕੁਝ ਸਾਲਾਂ ਵਿੱਚ ਪੰਥਕ ਰਾਜਨੀਤੀ ਜਨਤਕ ਪਲੇਟਫਾਰਮਾਂ ਤੇ ਚਰਚਾ ਦਾ ਹਿੱਸਾ ਬਣੀ ਹੈ। ਇਸ ਦੇ ਕਾਰਨਾਂ ਵਿੱਚ ਧਾਰਮਿਕ ਸੰਸਥਾਵਾਂ ਦੀ ਭੂਮਿਕਾ, ਸਿੱਖ ਪਛਾਣ, ਬੇਅਦਬੀ ਨਾਲ ਜੁੜੇ ਮਾਮਲੇ, ਪੰਜਾਬ ਦੀ ਰਾਜਨੀਤੀ ਅਤੇ ਕੇਂਦਰ,ਰਾਜ ਸੰਬੰਧ ਵਰਗੇ ਮੁੱਦੇ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਸ਼ਿਆਂ ’ਤੇ ਵੱਖ-ਵੱਖ ਵਿਚਾਰ ਵਟਾਂਦਰੇ ਅਤੇ ਲੇਖ ਛਪਣੇ ਚਾਹੀਦੇ ਹਨ। ਅਜਿਹੇ ਸਮੇਂ ਮੀਡੀਆ ਦੀ ਜ਼ਿੰਮੇਵਾਰੀ ਇਹ ਨਹੀਂ ਕਿ ਉਹ ਕਿਸੇ ਇੱਕ ਧਿਰ ਦਾ ਪ੍ਰਚਾਰ ਕਰੇ, ਸਗੋਂ ਇਹ ਹੈ ਕਿ ਉਹ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਇਮਾਨਦਾਰੀ ਨਾਲ ਪਾਠਕਾਂ ਸਾਹਮਣੇ ਰੱਖੇ। ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਬੇਇਨਸਾਫ਼ੀਆਂ ’ਤੇ ਨਿਡਰ ਹੋ ਕੇ ਬੋਲਿਆ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਵੀ ਅੰਤਰਆਤਮਾ ਦੀ ਆਜ਼ਾਦੀ ਦੇ ਪ੍ਰਤੀਕ ਵਜੋਂ ਯਾਦ ਕੀਤੀਆਂ ਜਾਂਦੀਆਂ ਹਨ। ਇਸ ਲਈ ਸਿੱਖ ਪਰੰਪਰਾ ਵਿੱਚ ਸਵਾਲ ਪੁੱਛਣਾ ਅਤੇ ਸੱਚ ਬੋਲਣਾ ਇੱਕ ਅਹਿਮ ਮੁੱਲ ਰਿਹਾ ਹੈ।ਇਹ ਵੀ ਸੱਚ ਹੈ ਕਿ ਹਰ ਸਮਾਜ ਵਾਂਗ ਸਿੱਖ ਸਮਾਜ ਦੇ ਅੰਦਰ ਵੀ ਵਿਚਾਰਾਂ ਦੀ ਵਿਭਿੰਨਤਾ ਹੈ। ਇਸ ਲਈ “ਸਿੱਖ ਸੋਚ” ਨੂੰ ਇੱਕੋ ਰੂਪ ਵਿੱਚ ਪੇਸ਼ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ। ਪਰ ਇਸ ਦਾ ਇਹ ਅਰਥ ਵੀ ਨਹੀਂ ਕਿ ਸਿੱਖ ਦ੍ਰਿਸ਼ਟੀਕੋਣ ਨੂੰ ਹੀ ਸੀਮਤ ਕਰ ਦਿੱਤਾ ਜਾਵੇ। ਜੇ ਕਿਸੇ ਅਖ਼ਬਾਰ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਜਾਂ ਅੰਤਰਰਾਸ਼ਟਰੀ ਵਿਚਾਰਾਂ ਨੂੰ ਥਾਂ ਮਿਲਦੀ ਹੈ, ਤਾਂ ਪੰਥਕ ਨਜ਼ਰੀਏ ਨਾਲ ਲਿਖੇ ਸੰਤੁਲਿਤ ਅਤੇ ਤੱਥ-ਆਧਾਰਿਤ ਲੇਖਾਂ ਲਈ ਵੀ ਥਾਂ ਹੋਣੀ ਚਾਹੀਦੀ ਹੈ।ਪੰਜਾਬੀ ਮੀਡੀਆ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਆਪਣੇ ਪਾਠਕਾਂ ਦਾ ਭਰੋਸਾ ਕਿਵੇਂ ਕਾਇਮ ਰੱਖੇ। ਇਹ ਭਰੋਸਾ ਕਿਸੇ ਇੱਕ ਵਿਚਾਰਧਾਰਾ ਨਾਲ ਨਹੀਂ, ਸਗੋਂ ਨਿਰਪੱਖਤਾ, ਤੱਥਾਂ ਦੀ ਜਾਂਚ ਅਤੇ ਵਿਚਾਰਾਂ ਦੀ ਵਿਭਿੰਨਤਾ ਨਾਲ ਬਣਦਾ ਹੈ। ਜੇ ਪਾਠਕਾਂ ਨੂੰ ਇਹ ਮਹਿਸੂਸ ਹੋਵੇ ਕਿ ਕੁਝ ਮੁੱਦੇ ਲਗਾਤਾਰ ਹਾਸ਼ੀਏ ’ਤੇ ਰੱਖੇ ਜਾ ਰਹੇ ਹਨ, ਤਾਂ ਉਹ ਵਿਕਲਪਕ ਮੰਚਾਂ ਵੱਲ ਰੁਖ਼ ਕਰਦੇ ਹਨ। ਡਿਜ਼ਿਟਲ ਯੁੱਗ ਵਿੱਚ ਇਹ ਰੁਝਾਨ ਹੋਰ ਵੀ ਤੇਜ਼ੀ ਨਾਲ ਵਧਿਆ ਹੈ।ਅੱਜ ਸੋਸ਼ਲ ਮੀਡੀਆ ਇਸ ਖਾਲੀ ਥਾਂ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਪਰ ਇੱਥੇ ਵੀ ਤੱਥ,ਜਾਂਚ ਅਤੇ ਜ਼ਿੰਮੇਵਾਰ ਪੱਤਰਕਾਰੀ ਦੀ ਲੋੜ ਉਤਨੀ ਹੀ ਹੈ ਜਿੰਨੀ ਰਵਾਇਤੀ ਮੀਡੀਆ ਵਿੱਚ। ਸਮੇਂ ਦੀ ਮੰਗ ਹੈ ਕਿ ਪੰਜਾਬੀ ਮੀਡੀਆ ਆਪਣੇ ਸੰਪਾਦਕੀ ਦਰਵਾਜ਼ੇ ਹੋਰ ਮੋਕਲੇ ਕਰਕੇ ਚੱਲੇ। ਉਹ ਸਿਰਫ਼ ਬਹੁਗਿਣਤੀ ਦੀ ਆਵਾਜ਼ ਨਹੀਂ, ਸਗੋਂ ਘੱਟ-ਗਿਣਤੀ ਭਾਈਚਾਰਿਆਂ, ਪੰਥਕ ਚਿੰਤਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਅਤੇ ਵੱਖ-ਵੱਖ ਸਮਾਜਿਕ ਵਰਗਾਂ ਦੀ ਸੋਚ ਨੂੰ ਵੀ ਥਾਂ ਦੇਵੇ। ਕਿਉਂਕਿ ਇੱਕ ਅਖ਼ਬਾਰ ਦੀ ਅਸਲੀ ਤਾਕਤ ਉਸ ਦੇ ਵਿਚਾਰਾਂ ਦੀ ਵਿਭਿੰਨਤਾ ਵਿੱਚ ਹੁੰਦੀ ਹੈ, ਨਾ ਕਿ ਇਕਸਾਰਤਾ ਵਿੱਚ।ਕਿਸੇ ਇੱਕ ਧਿਰ ਖਾਸ ਕਰਕੇ ਕਿਸੇ ਇੱਕ ਘੱਟ ਗਿਣਤੀ ਫਿਰਕੇ ਦੇ ਵਿਚਾਰਾਂ ਨੂੰ ਦਬਾਉਣ ਨਾਲ ਨਿਰਪੱਖਤਾ ਅਤੇ ਇੱਕਸਾਰਤਾ ਦੋਵੇਂ ਹੀ ਦਮ ਤੋੜ ਜਾਂਦੇ ਹਨ।ਪੰਜਾਬੀ ਪੱਤਰਕਾਰੀ ਦੀ ਭਰੋਸੇਯੋਗਤਾ ਮਹਿਜ਼ ਸਰਕਾਰਾਂ ਦੇ ਅਨੁਸਾਰ ਲਿਖ ਕੇ ਨਹੀ ਬਲਕਿ ਖਿੱਤੇ ਦੀ ਹਰ ਸਮੱਸਿਆ ਅਤੇ ਬਦਲਦੇ ਸਿਆਸੀ ਸਮੀਕਰਨਾਂ ਦੀ ਰੌਸ਼ਨੀ ਵਿੱਚ ਲਿਖਣ ਵਾਲੀਆਂ ਲਿਖਤਾਂ ਨੂੰ ਯੋਗ ਥਾਂ ਦੇਣ ਨਾਲ ਹੀ ਕਾਇਮ ਰਹਿ ਸਕੇਗੀ। ਲੋਕਤੰਤਰ ਵਿੱਚ ਇਹੀ ਪੱਤਰਕਾਰੀ ਦੀ ਅਸਲ ਪਛਾਣ ਅਤੇ ਪੰਜਾਬ ਦੀ ਬੌਧਿਕ ਪਰੰਪਰਾ ਦਾ ਸਤਿਕਾਰ ਹੋਵੇਗਾ।
ਬਘੇਲ ਸਿੰਘ ਧਾਲੀਵਾਲ
99142-58142
Leave a Reply