ਸਿੱਖ ਧਰਮ ਉੱਤੇ ਸਰੀਰਕ ਅਤੇ ਸਿਧਾਂਤਕ ਹਮਲੇ

ਸਿੱਖ ਧਰਮ ਉੱਤੇ ਸਰੀਰਕ ਅਤੇ ਸਿਧਾਂਤਕ ਹਮਲੇ

ਦੁਨੀਆਂ ਦੇ ਉੱਤੇ ਅਨੇਕਾਂ ਧਰਮ ਅਤੇ ਫ਼ਿਰਕੇ ਹਨ ਤੇ ਸਭ ਆਪੋ-ਆਪਣੀ ਥਾਂਏਂ ਸਤਿਕਾਰਯੋਗ ਹਨ। ਅੰਗਰੇਜ਼ ਇਤਿਹਾਸਕਾਰਾਂ, ਦੁਨੀਆਂ ਦੇ ਮਹਾਨ ਫ਼ਿਲਾਸਫ਼ਰਾਂ ਤੇ ਉੱਚ ਹਸਤੀਆਂ ਨੇ ਸਿੱਖ ਧਰਮ ਨੂੰ ਸਭ ਤੋਂ ਉੱਤਮ ਅਤੇ ਮਹਾਨ ਮੰਨਿਆ ਹੈ ਕਿਉਂਕਿ ਸਿੱਖ ਧਰਮ ਦੇ ਕੋਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਹਨ ਜੋ ਸਮੁੱਚੀ ਲੋਕਾਈ ਨੂੰ ਅਧਿਆਤਮਕ, ਰੂਹਾਨੀਅਤ ਅਤੇ ਦੁਨਿਆਵੀਂ ਗਿਆਨ ਬਖ਼ਸ਼ਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਸੰਸਾਰ ਨੂੰ ਕਲਾਵੇਂ ਵਿੱਚ ਲੈਂਦੇ ਹਨ, ਬ੍ਰਹਿਮੰਡੀ ਭੇਦ ਵੀ ਖੋਲ੍ਹਦੇ ਹਨ, ਊਚ-ਨੀਚ ਦਾ ਭੇਦ ਖ਼ਤਮ ਕਰਦੇ ਹਨ, ਸਰਬ-ਸਾਂਝੀਵਾਲਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ, ਮਨੁੱਖ ਨੂੰ ਭਗਤੀ-ਸ਼ਕਤੀ ਨਾਲ ਜੋੜਦੇ ਹਨ ਅਤੇ ਅਣਖ਼ ਤੇ ਸਵੈਮਾਣ ਕਾਇਮ ਰੱਖਣ ਲਈ ਪ੍ਰੇਰਦੇ ਹਨ। ਸ਼ਾਇਦ ਇਸੇ ਕਰਕੇ ਸਿੱਖ ਧਰਮ ਦੀ ਸਰੀਰਕ ਹੋਂਦ ਅਤੇ ਮਹਾਨ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਸਮੇਂ-ਸਮੇਂ ਦੀਆਂ ਹਕੂਮਤਾਂ ਅਨੇਕਾਂ ਯਤਨ ਕਰਦੀਆਂ ਰਹੀਆਂ ਹਨ, ਪਰ ਇਹ ਧਰਮ ਦਿਨੋਂ-ਦਿਨ ਸੰਸਾਰ ਵਿੱਚ ਫੈਲਦਾ ਜਾ ਰਿਹਾ ਹੈ। ਜੇਕਰ ਝਾਤ ਮਾਰੀਏ ਤਾਂ ਸਿੱਖ ਧਰਮ ਦਾ ਸਾਰਾ ਇਤਿਹਾਸ ਸੇਵਾ, ਸਿਮਰਨ, ਤਿਆਗ, ਭਲਾਈ, ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਇਸ ਧਰਮ ਦੇ ਮੋਢੀ ਸੰਸਥਾਪਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲੋਕਾਈ ਨੂੰ ਇੱਕ ਅਕਾਲ ਪੁਰਖ ਨਾਲ ਜੋੜਿਆ ਅਤੇ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦਾ ਉਪਦੇਸ਼ ਦਿੱਤਾ। ਇਸ ਦੇ ਨਾਲ ਹੀ ਗੁਰੂ ਪਾਤਸ਼ਾਹ ਨੇ ਬ੍ਰਾਹਮਣਾਂ, ਜੋਗੀਆਂ, ਮੌਲਾਣਿਆਂ ਤੇ ਪਖੰਡੀਆਂ ਨੂੰ ਸਿੱਧੇ ਰਾਹ ਪਾਇਆ ਤੇ ਹੱਕ-ਸੱਚ ਦਾ ਹੋਕਾ ਵੀ ਦਿੱਤਾ ਅਤੇ 'ਬਾਬਰ' ਨੂੰ 'ਜਾਬਰ' ਕਹਿ ਕੇ ਜ਼ੁਲਮ ਖ਼ਿਲਾਫ਼ ਅਵਾਜ਼ ਵੀ ਬੁਲੰਦ ਕੀਤੀ ਤੇ ਇੱਕ ਵੱਖਰੇ, ਨਿਆਰੇ, ਸੁਤੰਤਰ ਤੇ ਨਿਵੇਕਲੇ ਧਰਮ ਦੀ ਹੋਂਦ ਕਾਇਮ ਕੀਤੀ, ਜਿਸ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਮੁਗਲ ਹਾਕਮਾਂ ਨੇ ਹਰ ਢੰਗ-ਤਰੀਕਾ ਵਰਤਿਆ। ਫਿਰ ਅੰਗਰੇਜ਼ ਸਾਮਰਾਜ ਨੇ ਵੀ ਕੋਈ ਘੱਟ ਨਾ ਕੀਤੀ ਤੇ ਰਹਿੰਦੀ ਕਸਰ ਹਿੰਦੁਤਵ ਨੇ ਪੂਰੀ ਕਰ ਦਿੱਤੀ; ਜਿਸ ਨੇ 'ਭਰਾ' ਬਣ ਕੇ ਸਿੱਖ ਧਰਮ ਦੀ ਪਿੱਠ 'ਚ ਐਸਾ ਖੰਜਰ ਖੋਭਿਆ ਕਿ ਸਿੱਖ ਅਤੇ ਸਿੱਖੀ ਮਲੀਆਮੇਟ ਹੋ ਜਾਵੇ। ਪਰ ਗੁਰੂ ਨਾਨਕ ਸਾਹਿਬ ਦੇ ਦਸਵੇਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਪ੍ਰਗਟ ਕੀਤੇ ਖ਼ਾਲਸੇ ਨੇ ਸਮੇਂ-ਸਮੇਂ 'ਤੇ ਫ਼ਿਰਕੂ ਹਿੰਦੂਤਵ ਨੂੰ ਕਰਾਰਾ ਜਵਾਬ ਦਿੱਤਾ। ਜੂਨ 1984 ਦਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਇਆ ਕਹਿਰੀ ਹਮਲਾ ਸਾਡੇ ਸਭ ਦੇ ਸਾਹਮਣੇ ਹੈ, ਜਦੋਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਹਿੰਦੂ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਅਤੇ ਹਥਿਆਰਬੰਦ ਟੱਕਰ ਦੇ ਕੇ ਚਮਕੌਰ ਦੀ ਗੜ੍ਹੀ ਜਿਹਾ ਸ਼ਾਨਾਮੱਤਾ ਇਤਿਹਾਸ ਸਿਰਜ ਦਿੱਤਾ ਤੇ ਹਿੰਦੂਤਵੀ ਸਰਕਾਰ ਦਾ ਹੰਕਾਰ ਚਕਨਾਚੂਰ ਕਰ ਦਿੱਤਾ। 1984 ਤੋਂ 1995 ਤਕ ਹਿੰਦੂਤਵ ਦਾ ਜ਼ੁਲਮ ਸਿਖਰਾਂ 'ਤੇ ਰਿਹਾ ਪਰ ਖ਼ਾਲਸੇ ਨੇ ਪੁਲਿਸ ਅਤੇ ਫ਼ੌਜ ਨਾਲ ਹੋਏ ਮੁਕਾਬਲਿਆਂ ਵਿੱਚ 'ਸਵਾ ਲਾਖ ਸੇ ਏਕ ਲੜਾਊਂ' ਵਾਲਾ ਇਤਿਹਾਸ ਅਨੇਕਾਂ ਥਾਂਵਾਂ 'ਤੇ ਦੁਹਰਾਇਆ ਤੇ ਘਰ-ਘਰ ਚਮਕੌਰ ਦੀ ਗੜ੍ਹੀ ਵਾਲਾ ਕਾਰਨਾਮਾ ਕਰ ਵਿਖਾਇਆ। ਖਾਲਸੇ ਦੀ ਨੀਤੀ, ਬਲ਼ ਅਤੇ ਜੰਗੀ ਰੂਪ ਨੂੰ ਵੇਖ ਕੇ ਹਿੰਦੂਤਵ ਹੈਰਾਨ-ਪ੍ਰੇਸ਼ਾਨ ਹੋ ਗਿਆ ਤੇ ਉਸ ਨੇ ਸੋਚ ਲਿਆ ਕਿ ਸਿੱਖਾਂ ਨਾਲ ਸਿੱਧਾ ਲੜਨਾ ਔਖਾ ਹੈ। ਸਿੱਖਾਂ ਨੇ ਪ੍ਰਧਾਨ ਮੰਤਰੀ, ਫ਼ੌਜ ਮੁਖੀ, ਮੁੱਖ ਮੰਤਰੀ, ਕਈ ਵੱਡੇ ਪੁਲਿਸ ਅਫ਼ਸਰ, ਮੰਤਰੀਆਂ ਅਤੇ ਹੋਰ ਪੰਥ ਦੋਖੀਆਂ ਨੂੰ ਚੁਣ-ਚੁਣ ਕੇ ਗੱਡੀ ਚਾੜ੍ਹ ਦਿੱਤਾ ਅਤੇ ਖ਼ਾਲਸਾਈ ਜਾਹੋ-ਜਲਾਲ ਅਤੇ ਖ਼ਾਲਿਸਤਾਨੀ ਵਰਤਾਰਾ ਪ੍ਰਚੰਡ ਕਰ ਦਿੱਤਾ, ਇਸ ਲਈ ਹੁਣ ਸਿੱਖਾਂ ਉੱਤੇ ਹਮਲਾ ਕੇਵਲ ਸਰੀਰਕ ਨਹੀਂ ਬਲਕਿ ਸਿਧਾਂਤਕ ਤੌਰ 'ਤੇ ਵੀ ਕਰਨਾ ਹੈ। ਮਿਲਾਨ ਕੁੰਦਰਾ ਅਨੁਸਾਰ "ਇੱਕ ਕੌਮ ਨੂੰ ਨਸ਼ਟ ਕਰਨ ਵਿੱਚ ਪਹਿਲਾ ਕਦਮ ਉਸ ਦੀ ਯਾਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਤਬਾਹ ਕਰ ਦੇਵੋ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਇੱਕ ਨਵਾਂ ਇਤਿਹਾਸ ਰਚ ਲਵੋ। ਕੁਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਵਗੀ ਕਿ ਉਹ ਕੀ ਹੈ ਤੇ ਕੀ ਸੀ। ਮਨੁੱਖ ਦੀ ਸੱਤਾ ਦੇ ਖਿਲਾਫ਼ ਜੱਦੋ-ਜਹਿਦ ਭੁੱਲ-ਭੁਲਾ ਜਾਣ ਦੇ ਖਿਲਾਫ਼ ਯਾਦ ਰੱਖਣ ਦੀ ਜੱਦੋ-ਜਹਿਦ ਹੈ।" ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮੈਕਾਲਿਫ਼ ਲਿਖਦਾ ਹੈ ਕਿ "ਸਿੱਖ ਇਕ ਸੁਤੰਤਰ ਧਰਮ ਹੈ। ਸਿੱਖ ਪੰਥ ਹਿੰਦੂ ਧਰਮ ਵਿੱਚੋਂ ਨਹੀਂ ਹੈ। ਇਸ ਲਈ ਹਿੰਦੂ ਧਰਮ, ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦੂ ਧਰਮ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਹ ਭਾਰਤੀ ਜੰਗਲ਼ ਦੇ ਓਸ ਅਜਗਰ ਸਮਾਨ ਹੈ, ਜੋ ਛੋਟੇ-ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿਚ ਸਮਾਅ ਲੈਂਦਾ ਹੈ, ਫਿਰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦੇਂਦਾ ਹੈ ਅਤੇ ਅੰਤ ਵਿੱਚ ਉਸ ਨੂੰ ਆਪਣੇ ਵਿਸ਼ਾਲ ਪੇਟ ਵਿੱਚ ਸਮਾਅ ਲੈਂਦਾ ਹੈ। ਇਸ ਲਈ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ। ਉਸ ਵਿਸ਼ਾਲ ਅਜਗਰ (ਹਿੰਦੂ ਧਰਮ) ਤੋਂ ਸਿੱਖ ਧਰਮ ਨੂੰ ਬਚਾਉਣ ਲਈ ਬ੍ਰਿਟਿਸ਼ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ।" ਡੀ. ਪੈਟਰੀ (ਸੀ.ਆਈ.ਡੀ. ਪ੍ਰਮੁੱਖ, ਸਰਕਾਰ-ਏ-ਹਿੰਦ) ਜੋ 11 ਅਗਸਤ ਸੰਨ 1911 ਦੀ ਖੁਫ਼ੀਆ ਰਿਪੋਰਟ ਵਿੱਚ ਲਿਖਦਾ ਹੈ ਕਿ "ਹਿੰਦੂ ਮੱਤ ਮੁੱਢ ਤੋਂ ਹੀ ਸਿੱਖੀ ਦਾ ਦੁਸ਼ਮਣ ਚਲਿਆ ਆਉਂਦਾ ਹੈ ਕਿਉਂਕਿ ਸਿੱਖ ਗੁਰੂਆਂ ਨੇ ਜਾਤ-ਪਾਤ, ਜੋ ਕਿ ਬ੍ਰਾਹਮਣੀ ਮੱਤ ਦੀ ਅਧਾਰਸ਼ਿਲਾ ਹੈ, ਦੀ ਭਰਪੂਰ ਤੇ ਸਫ਼ਲ ਮੁਖਾਲਫ਼ਤ ਕੀਤੀ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚੱਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਵੀ ਰੋਕਦੇ ਹਨ ਅਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਖ਼ਾਲਸਾ ਬਣਨੋਂ ਵੀ ਰੋਕਦੇ ਹਨ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹੋਣ ਅਤੇ ਜੋ ਅੰਮ੍ਰਿਤਧਾਰੀ ਸਿੰਘ ਹੋਣ, ਉਨ੍ਹਾਂ ਨੂੰ ਹਿੰਦੂ ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤ ਕੇ ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮੱਤ ਨੇ ਬੁੱਧ ਮੱਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਹਿੰਦੂ, ਸਿੱਖਾਂ ਦਾ ਵਿਨਾਸ਼ ਕਰਨ ਵਿੱਚ ਬਹੁਤ ਹੱਦ ਤਕ ਸਫ਼ਲ ਹੋ ਚੁੱਕੇ ਹਨ।" ਸ. ਭਗਵਾਨ ਸਿੰਘ, ਸੱਬ ਜੱਜ, ਜਲੰਧਰ ਜੋ 1970 ਵਿੱਚ ਅਦਾਲਤ ਵਿੱਚ ਇੱਕ ਕੇਸ ਬਾਰੇ ਟਿੱਪਣੀ ਕਰਦੇ ਹਨ ਕਿ "ਸਿੱਖੀ ਹੁਣ ਬਹੁਤਾ ਚਿਰ ਨਹੀਂ ਬਚਣੀ। ਮੈਂ ਸਮਝਦਾਂ ਹਾਂ ਕਿ ਸਿੱਖ, ਸਿੱਖ ਹੋ ਕੇ ਵੀ ਹਿੰਦੂ ਹੋਣ ਦਾ ਅੱਕ ਕਿਉਂ ਚੱਬਣ ਲੱਗੇ ਹਨ ਪਰ ਹੁਣ ਇਹਨਾਂ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ। ਜੇ ਆਪਣੇ ਆਪ ਨੂੰ ਇਹ ਹਿੰਦੂ ਨਹੀਂ ਕਹਿੰਦੇ ਤਾਂ ਜ਼ਮੀਨ ਜਾਂਦੀ ਤੇ ਜੇ ਹਿੰਦੂ ਕਹਿੰਦੇ ਹਨ ਤਾਂ ਸਿੱਖੀ ਜਾਂਦੀ ਹੈ। ਜ਼ਮੀਨ ਵੱਟੇ ਸਿੱਖੀ ਰੱਖਣੀ ਇਨ੍ਹਾਂ ਲਈ ਬੜਾ ਮਹਿੰਗਾ ਸੌਦਾ ਹੈ। ਇਹ ਵਿਚਾਰੇ ਤਾਂ ਵਾਹੀ ਤੋਂ ਬਿਨਾਂ ਹੋਰ ਕੋਈ ਧੰਦਾ ਵੀ ਨਹੀਂ ਜਾਣਦੇ। ਇਹਨਾਂ ਕਿਹੜਾ ਹਿੰਦੂਆਂ ਵਾਂਗ ਪਕੌੜੇ ਤਲ਼ ਕੇ ਰੋਟੀ ਕਮਾ ਲੈਣੀ ਹੈ।" ਸ. ਠਾਕਰ ਸਿੰਘ ਸੰਧਾਵਾਲੀਆ ਦੀ ਕੀਤੀ ਭਵਿੱਖਬਾਣੀ ਵੀ ਸੱਚ ਨਿਕਲੀ ਕਿ "ਗੁਰੂ ਨਾ ਕਰੇ, ਜੇ ਸਿੱਖ ਕਦੇ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜ-ਭਾਗ ਵਿਚ ਹਿੱਸੇਦਾਰ ਬਣਨ ਦਾ ਨਹੀਂ।” ਤੇ ਇਹੀ ਸਭ ਕੁਝ ਸਿੱਖਾਂ ਨਾਲ ਹੋ ਰਿਹਾ ਹੈ ਤੇ ਸਿੱਖ ਇਸ ਜੱਦੋ-ਜਹਿਦ ਖਿਲਾਫ਼ ਜੂਝ ਰਹੇ ਹਨ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.