Nazrana Times

ਪੰਜਾਬੀ

ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੇ ਪਿਤਾ ਜੀ ਜਥੇਦਾਰ ਬਲਵੀਰ ਸਿੰਘ ਦੇ ਸਰੀਰਕ ਵਿਛੋੜੇ 'ਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ

26 Aug, 2026 08:11 PM

ਅੰਮ੍ਰਿਤਸਰ, 26 ਅਗਸਤ (ਚਰਨਜੀਤ ਸਿੰਘ): ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਸਰਬਜੀਤ ਸਿੰਘ ਜੀ ਜੌਹਲਾਂ (ਪਿੰਡ ਜੌਹਲ, ਨੇੜੇ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ) ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਬਲਵੀਰ ਸਿੰਘ ਜੀ ਜੌਹਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਵਿਛੋੜੇ ਉੱਤੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਖ਼ਾਲਸਾ ਪੰਥ ਅਤੇ ਸਿੱਖ ਸੰਘਰਸ਼ ਲਈ ਵੱਡੀ ਘਾਲਣਾ ਹੈ। ਜਥੇਦਾਰ ਬਲਵੀਰ ਸਿੰਘ ਜੀ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਜੋਹਲ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਵਿੱਚ ਸਰਗਰਮ ਹੋ ਕੇ ਅਥਾਹ ਸੇਵਾਵਾਂ ਨਿਭਾਈਆਂ ਅਤੇ ਅਖੀਰਲੇ ਸਮੇਂ ਭਾਰਤੀ ਹਕੂਮਤ ਦੇ ਘੋਰ ਤਸ਼ੱਦਦ ਨਾਲ ਉਹਨਾਂ ਨੇ ਸ਼ਹਾਦਤ ਪਾਈ। ਭਾਈ ਸਰਬਜੀਤ ਸਿੰਘ ਜੌਹਲ ਦਾ ਜੀਵਨ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਉਹਨਾਂ ਦੇ ਪਿਤਾ ਜੀ ਨੇ ਵੀ ਬੜੇ ਦਸ਼ੋਂਟੇ ਕੱਟੇ ਪਰ ਕਦੇ ਪੰਥ ਨੂੰ ਪਿੱਠ ਨਹੀਂ ਵਿਖਾਈ, ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਬਲਬੀਰ ਸਿੰਘ ਨਾਲ ਤਿੰਨ ਵਾਰ ਮੁਲਾਕਾਤ ਹੋਈ ਤੇ ਉਹਨਾਂ ਨੇ ਸਿੱਖ ਸੰਘਰਸ਼ ਦੀਆਂ ਅਥਾਹ ਯਾਦਾਂ ਦਾਸ ਨਾਲ ਸਾਂਝੀਆਂ ਕੀਤੀਆਂ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਵਾਹਿਗੁਰੂ ਜਥੇਦਾਰ ਭਾਈ ਬਲਵੀਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Posted By: GURBHEJ SINGH ANANDPURI

Latest News