Nazrana Times

ਪੰਜਾਬੀ

ਗਿਆਸਪੁਰਾ ਸਾਬ੍ਹ ਤੁਸੀਂ ਪੰਥਕ ਹੁੰਦੇ ਸੀ ? ਭਾਈ ਅੰਮ੍ਰਿਤਪਾਲ ਸਿੰਘ 'ਤੇ ਇਲਜ਼ਾਮ ਲਾਉਣੇ ਤੁਹਾਨੂੰ ਸ਼ੋਭਦਾ ਨਹੀਂ

11 Aug, 2026 10:32 PM

ਜਗਰਾਉਂ, 11 ਅਗਸਤ (ਕੁਲਵਿੰਦਰ ਸਿੰਘ ਚੰਦੀ) ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਦਾ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਅਜਿਹਾ ਬਿਆਨ ਸਾਹਮਣੇ ਆਇਆ ਹੈ ਜੋ ਕਦੇ ਗਿਆਸਪੁਰਾ ਤੋਂ ਆਸ ਹੀ ਨਹੀਂ ਕੀਤੀ ਜਾ ਸਕਦੀ ਸੀ। ਗਿਆਸਪੁਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਨਸ਼ੇ ਛੁਡਾਏ ਨਹੀਂ ਬਲਕਿ ਨੌਜਵਾਨਾਂ ਨੂੰ ਲਗਾਏ ਹਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਕਾਇਰ ਅਤੇ ਗੱਦਾਰ ਵੀ ਕਿਹਾ ਗਿਆ ਤੇ ਹੋਰ ਵੀ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਹਨ ਜਿਸ ਕਾਰਨ ਸੋਸ਼ਲ ਮੀਡੀਆ ਉਤੇ ਗਿਆਸਪੁਰਾ ਦਾ ਬੜਾ ਭਾਰੀ ਵਿਰੋਧ ਹੋ ਰਿਹਾ ਹੈ। ਗਿਆਸਪੁਰਾ ਨੂੰ ਆਪਣੇ ਦਿੱਤੇ ਬਿਆਨ ਥੱਲੇ ਲੋਕਾਂ ਦੇ ਕਮੈਂਟ ਪੜ੍ਹ ਲੈਣੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਖੁਦ ਹੀ ਸਮਝ ਲੱਗ ਜਾਵੇ ਕਿ ਇਹ ਬਿਆਨ ਦੇ ਕੇ ਉਹਨਾਂ ਨੇ ਕਿੰਨੀ ਮੂਰਖਤਾ ਕੀਤੀ ਹੈ। ਕਿਸੇ ਸਮੇਂ ਗਿਆਸਪੁਰਾ ਨਵੰਬਰ 1984 ਦੇ ਹੋਂਦ ਚਿੱਲੜ ਮਾਮਲੇ ਨੂੰ ਸਾਹਮਣੇ ਲੈ ਕੇ ਆਏ ਸਨ ਜਿਸ ਕਰਕੇ ਉਹਨਾਂ ਦਾ ਪੰਥਕ ਸਫ਼ਾਂ ਵਿੱਚ ਬੇਹੱਦ ਸਤਿਕਾਰ ਬਣਿਆ ਸੀ ਅਤੇ ਉਹ ਕਈ ਹੋਰ ਪੰਥਕ ਮਾਮਲਿਆਂ ਵਿੱਚ ਵੀ ਸੰਘਰਸ਼ਸ਼ੀਲ ਰਹੇ ਸਨ। ਪਰ ਝਾੜੂ ਪਾਰਟੀ ਦਾ ਵਿਧਾਇਕ ਬਣਦੇ ਸਾਰੇ ਹੀ ਗਿਆਸਪੁਰਾ ਨੇ ਖਾਲਸਾ ਪੰਥ ਤੋਂ ਮੂੰਹ ਹੀ ਮੋੜ ਲਿਆ ਹੈ ਤੇ ਉਹ ਗੰਧਲੀ ਰਾਜਨੀਤੀ ਵਿੱਚ ਪੈ ਕੇ ਗੰਧਲੇ ਹੋ ਚੁੱਕੇ ਹਨ। ਗਿਆਸਪੁਰਾ ਸਾਹਿਬ ਤੁਹਾਨੂੰ ਯਾਦ ਕਰਾ ਦਈਏ ਕਿ ਤੁਸੀਂ ਕਿਸੇ ਸਮੇਂ ਪੰਥਕ ਹੁੰਦੇ ਸੀ ਪਰ ਹੁਣ ਤਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਦੋਖੀ ਐਲਾਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਪਲੂਸ ਬਣ ਚੁੱਕੇ ਹੋ। ਤੁਸੀਂ ਆਪਣੀ ਪਾਰਟੀ ਦੇ ਆਕਾ ਦੀ ਚਾਪਲੂਸੀ ਕਰਨੀ ਹੈ ਰੱਜ ਰੱਜ ਕੇ ਕਰੋ ਪਰ ਘੱਟੋ ਘੱਟ ਕੋਈ ਬਿਆਨ ਤਾਂ ਸੋਚ ਸਮਝ ਕੇ ਦਿਆ ਕਰੋ ਕਿ ਹੁਣ ਤੁਸੀਂ ਨਸ਼ੇ ਛਡਾਉਣ ਅਤੇ ਅੰਮ੍ਰਿਤ ਛਕਾਉਣ ਵਾਲੇ ਭਾਈ ਅੰਮ੍ਰਿਤ ਪਾਲ ਸਿੰਘ ਉੱਤੇ ਹੀ ਨਸ਼ਿਆਂ ਦੇ ਇਲਜ਼ਾਮ ਲਗਾ ਰਹੇ ਹੋ ਇਹ ਗੱਲ ਵਿਰੋਧੀ ਕਰਨ ਸੌ ਵਾਰੀ ਕਰਨ ਪਰ ਤੁਹਾਡੇ ਤੋਂ ਇਹ ਪੰਥ ਆਸ ਨਹੀਂ ਸੀ ਕਰਦਾ। ਤੁਹਾਨੂੰ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਪਰ ਤੁਸੀਂ ਵੀ ਸਿੱਖ ਨੌਜਵਾਨਾਂ ਨੂੰ ਹੁਣ ਸਲਾਖਾਂ ਪਿੱਛੇ ਧੱਕ ਕੇ ਹੀ ਖੁਸ਼ ਹੋ। ਪਹਿਲੀਆਂ ਸਰਕਾਰਾਂ ਵਾਂਗ ਤੁਹਾਡੀ ਪਾਰਟੀ ਵੀ ਅਨੇਕਾਂ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਚ ਬੰਦ ਕਰ ਚੁੱਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਇਨਸਾਫ ਨਹੀਂ ਦਿੱਤਾ, ਅੱਜ ਵੀ ਨਸ਼ਿਆਂ ਦੇ ਨਾਲ ਹਜ਼ਾਰਾਂ ਨੌਜਵਾਨ ਮਰ ਰਹੇ ਹਨ ਪਰ ਤੁਸੀਂ ਸਿਰਫ ਯੁੱਧ ਨਸ਼ਿਆਂ ਵਿਰੁੱਧ ਕਹਿ ਕੇ ਡਰਾਮਾ ਕੀਤਾ ਹੈ। ਗਿਆਸਪੁਰਾ ਸਾਹਿਬ ਇਹ ਵਿਧਾਇਕੀ ਤੁਹਾਡੀ ਸਾਰੀ ਉਮਰ ਨਹੀਂ ਰਹਿਣੀ, ਪਰ ਤੁਸੀਂ ਕਲੰਕ ਜਰੂਰ ਲਵਾ ਲਿਆ ਹੈ। ਵਿਧਾਇਕ ਬਣ ਕੇ ਤੁਸੀਂ ਪੰਥ ਅਤੇ ਪੰਜਾਬ ਦਾ ਕੱਖ ਨਹੀਂ ਸਵਾਰਿਆ।

Posted By: GURBHEJ SINGH ANANDPURI

Latest News