Nazrana Times

ਪੰਜਾਬੀ

ਪੰਜਾਬ ਦੀ ਜਨਤਾ ਵਿਕਾਸ ਦੇ ਨਾਲ ਖੜ੍ਹੀ ਹੈ: ਪਰਵਿੰਦਰ ਸਿੰਘ ਢੋਟ

26 Jun, 2026 09:19 PM

ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਕਾਰਡਤੋੜ ਵਿਕਾਸ ਕਾਰਜਾਂ ਤੋਂ ਬੌਖਲਾਈਆਂ, ਸਰਕਾਰ ਨੂੰ ਬਦਨਾਮ ਕਰਨ ਲਈ ਰਚ ਰਹੀਆਂ ਨੇ ਕੋਝੀਆਂ ਸਾਜਿਸ਼ਾਂ: ਪਰਵਿੰਦਰ ਸਿੰਘ ਢੋਟ
ਕਪੂਰਥਲਾ 26 ਜੂਨ ਗੌਰਵ ਮੜੀਆ 
ਆਮ ਆਦਮੀ ਪਾਰਟੀ (ਆਪ) ਦੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਢੋਟ ਨੇ ਵਿਰੋਧੀ ਧਿਰਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਜਾ ਰਹੇ ਰਿਕਾਰਡਤੋੜ ਅਤੇ ਇਤਿਹਾਸਕ ਵਿਕਾਸ ਕਾਰਜਾਂ ਤੋਂ ਘਬਰਾ ਕੇ ਵਿਰੋਧੀ ਪਾਰਟੀਆਂ ਹੁਣ ਸਿਆਸੀ ਜ਼ਮੀਨ ਖਿਸਕਦੀ ਦੇਖ ਸਰਕਾਰ ਨੂੰ ਬਦਨਾਮ ਕਰਨ ਦੀਆਂ ਘਿਨਾਉਣੀਆਂ ਸਾਜਿਸ਼ਾਂ ਰਚ ਰਹੀਆਂ ਹਨ।

ਪਰਵਿੰਦਰ ਸਿੰਘ ਢੋਟ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਦੀ ਤਰ੍ਹਾਂ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਧਰਮ ਦੀ ਆੜ ਹੇਠ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ ਵਿੱਚ ਮਾਨ ਸਰਕਾਰ ਵੱਲੋਂ ਕੀਤੇ ਗਏ ਵੱਡੇ ਵਿਕਾਸ ਕਾਰਜਾਂ ਅਤੇ ਲੋਕ-ਪੱਖੀ ਫੈਸਲਿਆਂ 'ਤੇ ਭਾਰੂ ਪੈਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਹੁਣ ਬਹੁਤ ਸਮਝਦਾਰ ਅਤੇ ਜਾਗਰੂਕ ਹੋ ਚੁੱਕੇ ਹਨ। ਸੂਬੇ ਦੀ ਜਨਤਾ ਅਕਾਲੀ ਦਲ ਦੀਆਂ ਇਨ੍ਹਾਂ ਪੁਰਾਣੀਆਂ ਸਿਆਸੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ, ਜਿਸ ਕਰਕੇ ਵਿਰੋਧੀਆਂ ਦੇ ਇਹ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ।
'ਆਪ' ਆਗੂ ਪਰਵਿੰਦਰ ਸਿੰਘ ਢੋਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹਿੱਤ ਵਿੱਚ ਲਏ ਗਏ ਵੱਡੇ ਇਨਕਲਾਬੀ ਫੈਸਲਿਆਂ ਅਤੇ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ, ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਸਭ ਤੋਂ ਵੱਡਾ ਵਾਅਦਾ ਪੂਰਾ ਕਰਦਿਆਂ ਹਰ ਮਹੀਨੇ 300 ਯੂਨਿਟ (ਦੋ ਮਹੀਨਿਆਂ ਦੀ 600 ਯੂਨਿਟ) ਮੁਫ਼ਤ ਬਿਜਲੀ ਦਿੱਤੀ। ਅੱਜ ਸੂਬੇ ਦੇ ਲਗਭਗ 90 ਫੀਸਦੀ ਤੋਂ ਵੱਧ ਪਰਿਵਾਰਾਂ ਦੇ ਬਿਜਲੀ ਬਿੱਲ 'ਜ਼ੀਰੋ' ਆ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਵੱਡੀ ਰਾਹਤ ਮਿਲੀ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਨੌਕਰੀਆਂ ਵਿੱਚ ਚੱਲਣ ਵਾਲੇ ਰਿਸ਼ਵਤਖੋਰੀ ਅਤੇ ਸਿਫ਼ਾਰਸ਼ੀ ਸਿਸਟਮ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਗਿਆ ਹੈ। ਮਾਨ ਸਰਕਾਰ ਨੇ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਨਿਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਹਨ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੈਂਕੜੇ 'ਆਮ ਆਦਮੀ ਕਲੀਨਿਕ' ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਕਲੀਨਿਕਾਂ ਰਾਹੀਂ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਫ਼ਤ ਇਲਾਜ, ਮੁਫ਼ਤ ਕਲੀਨਿਕਲ ਟੈਸਟ ਅਤੇ ਉੱਚ-ਗੁਣਵੱਤਾ ਵਾਲੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ 'ਸਕੂਲ ਆਫ਼ ਐਮੀਨੈਂਸ' ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਗਰੀਬ ਅਤੇ ਮੱਧਮ ਵਰਗ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਅਤੇ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਵੀ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਐਂਟੀ-ਕਪੱਪਸ਼ਨ ਹੈਲਪਲਾਈਨ ਜਾਰੀ ਕੀਤੀ ਗਈ ਸੀ। ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 'ਜ਼ੀਰੋ ਟਾਲਰੈਂਸ' ਦੀ ਨੀਤੀ ਅਪਣਾਉਂਦੇ ਹੋਏ ਕਈ ਵੱਡੇ ਰਸੂਖਦਾਰਾਂ ਅਤੇ ਅਧਿਕਾਰੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਹੈ।
ਗੱਲਬਾਤ ਦੇ ਅਖੀਰ ਵਿੱਚ ਪਰਵਿੰਦਰ ਸਿੰਘ ਢੋਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਗਤੀਸ਼ੀਲ ਸੋਚ ਸਦਕਾ ਪੰਜਾਬ ਅੱਜ ਮੁੜ 'ਰੰਗਲਾ ਪੰਜਾਬ' ਬਣਨ ਦੀ ਰਾਹ 'ਤੇ ਅੱਗੇ ਵਧ ਰਿਹਾ ਹੈ। ਸਰਕਾਰ ਦੀ ਦਿਨੋਂ-ਦਿਨ ਵਧ ਰਹੀ ਲੋਕਪ੍ਰਿਯਤਾ ਕਾਰਨ ਬੌਖਲਾਈਆਂ ਵਿਰੋਧੀ ਪਾਰਟੀਆਂ ਕੋਲ ਹੁਣ ਜਨਤਾ ਵਿੱਚ ਜਾਣ ਲਈ ਕੋਈ ਸਕਾਰਾਤਮਕ ਜਾਂ ਵਿਕਾਸ ਦਾ ਮੁੱਦਾ ਨਹੀਂ ਬਚਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਸੂਝਵਾਨ ਜਨਤਾ ਪੂਰੀ ਤਰ੍ਹਾਂ ਵਿਕਾਸ ਦੇ ਨਾਲ ਖੜ੍ਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਜਿਸ਼ਾਂ ਘੜਨ ਵਾਲੀਆਂ ਫਿਰਕੂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ।

Posted By: TAJEEMNOOR KAUR

Latest News