Nazrana Times

ਪੰਜਾਬੀ

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

22 Jul, 2026 11:47 PM

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

ਮਹਿਮਾਨ ਸੰਪਾਦਕੀ
ਰਣਜੀਤ ਸਿੰਘ ਦਮਦਮੀ ਟਕਸਾਲ

ਹਰ ਮੁਲਕ, ਧਰਮ ਤੇ ਕੌਮ ਦੇ ਨਾਇਕ, ਖਲਨਾਇਕ, ਸ਼ਹੀਦ, ਦੁਸ਼ਮਣ, ਦੋਸਤ ਸਭ ਕੁਝ ਵੱਖੋ-ਵੱਖਰੇ ਹੁੰਦੇ ਹਨ। ਇਹ ਹੋ ਹੀ ਨਹੀਂ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਅੱਤਵਾਦੀ ਹੋਵੇ, ਖਲਨਾਇਕ ਹੋਵੇ, ਦੁਸ਼ਮਣ ਹੋਵੇ। ਇੰਝ ਹੀ ਇਹ ਨਹੀ ਹੋ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਸ਼ਹੀਦ, ਯੋਧਾ, ਨਾਇਕ ਹੋਵੇ। ਮੁਲਕਾਂ ਵਾਂਗ ਹੀ ਕੌਮਾਂ-ਧਰਮਾਂ ਦੇ ਨਜ਼ਰੀਏ ਹਨ। ਇਸੇ ਤਰ੍ਹਾਂ ਹੀ ਬੋਲੀਆਂ ਤੇ ਸੱਭਿਆਚਾਰਾਂ ਦੇ ਨਜ਼ਰੀਏ ਹਨ। ਪੰਜਾਬੀ ਬੋਲੀ ਲਈ ਉਹ ਬੋਲੀਆਂ ਦੁਸ਼ਮਣ, ਵਿਰੋਧੀ ਤੇ ਸ਼ਰੀਕ ਹਨ ਜਿਹੜੀਆਂ ਇਸ ਬੋਲੀ ਨੂੰ ਹੜੱਪ ਜਾਣ ਦੀ ਬਿਰਤੀ ਰੱਖਦੀਆਂ ਹੋਣ। ਪੰਜਾਬੀ ਬੋਲੀ ਉਨ੍ਹਾਂ ਬੋਲੀਆਂ ਨੂੰ ਮਿੱਤਰ ਮੰਨਦੀ ਹੈ ਜਿਹੜੀਆਂ ਇਸ ਦਾ ਵਾਧਾ ਤੇ ਸਤਿਕਾਰ ਕਰਦੀਆਂ ਹੋਣ। ਪੰਜਾਬੀ ਬੋਲੀ ਨੂੰ ਹਿੰਦੀ ਤੋਂ ਪੂਰਾ ਖ਼ਤਰਾ ਹੈ ਪਰ ਹੋਰ ਬੋਲੀਆਂ ਤੋਂ ਖਤਰਾ ਘੱਟ ਹੈ। ਇਸ ਕਰਕੇ ਪੰਜਾਬੀ ਬੋਲੀ ਲਈ ਹਿੰਦੀ ਦੁਸ਼ਮਣ, ਵਿਰੋਧੀ ਤੇ ਸ਼ਰੀਕ ਬੋਲੀ ਹੈ। ਇੰਝ ਹੀ ਸਿੱਖ ਸੱਭਿਅੱਤਾ ਨੂੰ ਹਿੰਦੂ ਸੱਭਿਅਤਾ ਤੋਂ ਖਤਰਾ ਹੈ ਜਦਕਿ ਅੱਜ ਇਸਲਾਮਿਕ ਸੱਭਿਅਤਾ ਤੇ ਈਸਾਈ ਸੱਭਿਅਤਾ ਤੋਂ ਉਹੋ ਜਿਹਾ ਖਤਰਾ ਨਹੀਂ। ਸਿੱਖਾਂ ਲਈ ਇੰਦਰਾ ਕੁਝ ਹੋਰ ਹੈ ਤੇ ਹਿੰਦੂਆਂ ਲਈ ਹੋਰ। ਹਿੰਦੂਆਂ ਲਈ ਰਾਮ ਚੰਦਰ ਹੋਰ ਹੈ ਪਰ ਦਰਾਵਿੜ ਲੋਕਾਂ ਲਈ ਕੁਝ ਹੋਰ। ਹਿੰਦੂਆਂ ਲਈ ਰਾਵਣ ਦੇ ਅਰਥ ਕੁਝ ਹੋਰ ਹੋਣਗੇ ਪਰ ਉਹ ਲੋਕ ਵੀ ਹਨ ਜਿਹੜੇ ਰਾਵਣ ਨੂੰ ਮਹਾਤਮਾ ਮੰਨਦੇ ਹਨ, ਪੂਜਾ ਕਰਦੇ ਹਨ ਤੇ ਦਿਲੋਂ ਸਤਿਕਾਰਦੇ ਹਨ ਤੇ ਉਸਦੇ ਪੁਤਲੇ ਫੂਕਣ 'ਤੇ ਦੁਖੀ ਹੁੰਦੇ ਹਨ। ਹਿੰਦੂਤਵੀਆਂ ਲਈ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਬਾਹਰੋਂ ਆਏ ਹਮਲਵਾਰ ਹੋਰ ਅਰਥ ਰੱਖਦੇ ਹਨ ਜਦਕਿ ਮੁਸਲਮਾਨਾਂ ਲਈ ਹੋਰ। ਦਸਮੇਸ਼ ਪਿਤਾ ਵਿਰੁੱਧ ਲੜਨ ਮੌਕੇ ਇਕੱਠੇ ਹੋਏ ਸੂਬਾ ਸਰਹਿੰਦ ਤੇ ਹਿੰਦੂ ਪਹਾੜੀ ਰਾਜੇ ਸਿੱਖਾਂ ਲਈ ਕੀ ਅਰਥ ਰੱਖਦੇ ਹਨ ? ਸਪੱਸ਼ਟ ਹੈ ਕਿ ਹਰੇਕ ਹਸਤੀ ਦਾ ਆਪੋ-ਆਪਣਾ ਅਕਸ ਹੁੰਦਾ ਹੈ। ਹਰੇਕ ਕੌਮ-ਧਰਮ-ਮੁਲਕ ਲਈ ਉਹ ਵੱਖਰੇ ਅਰਥ ਰੱਖਦਾ ਹੁੰਦਾ ਹੈ। ਭਾਰਤੀ ਖਿੱਤੇ ਵਿੱਚ ਵੱਸਦੇ ਅਨੇਕਾਂ ਬੋਲੀਆਂ, ਸੱਭਿਆਚਾਰਾਂ ਦੀ ਵੱਖੋ-ਵੱਖਰੀ ਹੋਂਦ ਹਸਤੀ ਨੂੰ ਮੰਨਣ-ਪ੍ਰਵਾਨ ਕਰਨ ਵਾਲੇ ਇਹ ਹਕੀਕਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਹਰ ਸੂਬੇ ਦੇ ਆਪੋ-ਆਪਣੇ ਨਾਇਕ, ਖਲਨਾਇਕ, ਸ਼ਹੀਦ, ਯੋਧੇ, ਦੋਸਤ ਤੇ ਦੁਸ਼ਮਣ ਹਨ ਤੇ ਕਦੇ ਵੀ ਸਾਰੇ ਭਾਰਤ-ਵਾਸੀਆਂ ਦੇ ਇਕੋ ਜਿਹੇ ਦੋਸਤ ਤੇ ਇਕੋ ਜਿਹੇ ਦੁਸ਼ਮਣ ਨਹੀਂ ਹੋ ਸਕਦੇ। ਸਿੱਖਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਹਜ਼ਾਰਾਂ ਸਿੱਖ ਜੁਝਾਰੂਆਂ ਨੂੰ ਸਦਾ ਹੀ ਸ਼ਹੀਦ ਕਹਿ ਕੇ ਸਤਿਕਾਰਨਾ ਹੈ ਤੇ ਕਦੇ ਵੀ ਉਹ ਕੁਝ ਨਹੀ ਮੰਨਣਾ ਜੋ ਇਹਨਾਂ ਨੂੰ ਭਾਰਤੀ ਨਿਜ਼ਾਮ ਮੰਨਦਾ ਹੈ। ਸਿੱਖਾਂ ਲਈ ਭਾਈ ਦਿਲਾਵਰ ਸਿੰਘ ਸ਼ਹੀਦ ਹੈ ਜਦਕਿ ਹਰ ਸਾਲ ਭਾਰਤੀਆਂ ਦੇ ਇਸ਼ਤਿਹਾਰ ਦੇਖਦੇ ਹਾਂ ਜਿੰਨਾਂ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਲਿਖਿਆ ਹੁੰਦਾ ਹੈ ਜਿਸ ਨੂੰ ਸਿੱਖਾਂ ਵਿਚ ਨਫਰਤ ਦਾ ਪਾਤਰ ਮੰਨਿਆ ਜਾਂਦਾ ਹੈ। ਸਿੱਖਾਂ ਦੇ ਨਾਇਕ ਖਾਲਿਸਤਾਨੀ ਸਿੰਘ ਹਨ ਜਦਕਿ ਭਾਰਤੀਆਂ ਨੂੰ ਉਹ ਕੇ.ਪੀ.ਐਸ ਗਿੱਲ ਨਾਇਕ ਲੱਗਦਾ ਹੈ ਜਿਹੜਾ ਸਿੱਖਾਂ ਲਈ ਖਲਨਾਇਕ ਹੈ। ਭਾਰਤੀ ਹਕੂਮਤ ਤੇ ਮੀਡੀਆ ਨੇ ਸਿੱਖਾਂ ਨੂੰ ਲਾਈਲੱਗ ਬਣਾਉਣ ਦੀ ਜਿੱਦ ਫੜੀ ਹੋਈ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਾਇਕ ਮੰਨ ਲੈਣ ਜਿਹੜੇ ਅਸਲ ਵਿੱਚ ਸਿੱਖਾਂ ਲਈ ਖਲਨਾਇਕ ਹਨ ਤੇ ਉਹਨਾਂ ਲੋਕਾਂ ਨੂੰ ਖਲਨਾਇਕ ਮੰਨ ਲੈਣ ਜਿਹੜੇ ਅਸਲ ਵਿਚ ਸਿੱਖਾਂ ਲਈ ਨਾਇਕ ਹਨ। ਇਸ ਏਜੰਡੇ ਲਈ ਤੱਥਾਂ ਦੀ ਛੇੜ-ਛਾੜ, ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾਉਣ ਦੀ ਕਵਾਇਦ ਬੜੇ ਜੋਰ-ਸ਼ੋਰ ਨਾਲ ਚੱਲ ਰਹੀ ਹੈ। ਸਿੱਖ ਮਾਨਸਿਕਤਾ ਵਿੱਚ ਇਹ ਗੱਲ ਵਸਾਉਣ ਲਈ ਬੜੀ ਮੇਹਨਤ ਕੀਤੀ ਜਾ ਰਹੀ ਹੈ ਕਿ ਸੰਤ ਭਿੰਡਰਾਂਵਾਲੇ ਤੇ ਹੋਰ ਸਿੱਖ ਜੁਝਾਰੂ ਗਲਤ ਸਨ, ਉਹਨਾਂ ਦੇ ਕੰਮ ਤੇ ਸੋਚ ਗਲਤ ਸੀ। ਇਹਦੇ ਨਾਲ ਹੀ ਸਿੱਖ ਮਾਨਸਿਕਤਾ ਵਿੱਚ ਇਹ ਗੱਲ ਵਸਾਉਣ ਦੇ ਵੀ ਯਤਨ ਜੋਰਾਂ 'ਤੇ ਹਨ ਕਿ ਇੰਦਰਾ ਗਾਂਧੀ, ਬੇਅੰਤ ਸਿੰਘ, ਕੇ.ਪੀ.ਐਸ.ਗਿੱਲ, ਜਨਰਲ ਵੈਦਿਆ ਤੇ ਹੋਰ ਇਹੋ ਜਿਹੇ ਤਾਂ ਪੰਥ ਤੇ ਪੰਜਾਬ ਦੇ ਬੜੇ ਖੈਰ-ਖੁਆਹ ਸਨ। ਸਰਕਾਰੀ ਨੀਤੀ ਦਾ ਅਸਰ ਕਿਤੇ ਨਾ ਕਿਤੇ ਹੋਇਆ ਵੀ ਦਿਸਦਾ ਹੈ ਕਿਉਂਕਿ ਸਮਾਜਿਕ ਸੰਚਾਰ ਸਾਧਨ (ਸੋਸ਼ਿਲ ਮੀਡੀਆ) 'ਤੇ ਨਵੀਂ ਜਵਾਨ ਹੋਈ ਸਿੱਖ ਪੀੜ੍ਹੀ ਕਈ ਵਾਰ ਦੁਬਿਧਾ ਵਿੱਚ ਉਲਝੀ ਦਿਸਦੀ ਹੈ ਕਿ ਉਹਨਾਂ ਦੇ ਨਾਇਕ ਤੇ ਖਲਨਾਇਕ ਕੌਣ ਹਨ। ਜੋ ਕੁਝ ਉਨ੍ਹਾਂ ਨੇ ਪੜ੍ਹਿਆ ਹੈ, ਉਸ ਹਿਸਾਬ ਨਾਲ ਉਨ੍ਹਾਂ ਦੇ ਦਿਮਾਗ ਨੂੰ ਜੋ ਨਾਇਕ ਜਾਪਦੇ ਹਨ, ਦਿਲ ਕਹਿੰਦਾ ਹੈ ਕਿ ਉਹ ਤਾਂ ਖਲਨਾਇਕ ਹਨ। ਦਰਅਸਲ ਵਿੱਦਿਆ-ਨੀਤੀ ਦੇ ਹਥਿਆਰ ਰਾਹੀਂ ਸਿੱਖ-ਮਨਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਕਰਕੇ ਇਹ ਕਸ਼ਮਕਸ਼ ਬਣ ਰਹੀ ਹੈ। ਪਰ ਕਦੇ ਵੀ ਇੰਝ ਨਹੀ ਵਾਪਰ ਸਕਦਾ ਕਿ ਸਿੱਖ ਉਨ੍ਹਾਂ ਲੋਕਾਂ ਦੇ ਗੁਨਾਹਾਂ ਨੂੰ ਭੁੱਲ ਜਾਣ ਤੇ ਨਾਇਕ ਮੰਨ ਲੈਣ। ਵਕਤੀ ਤੌਰ 'ਤੇ ਕਿਸੇ ਸਿੱਖ ਨੂੰ ਭੁਚਲਾਇਆ ਤਾਂ ਜਾ ਸਕਦਾ ਹੈ ਪਰ ਜਦ ਵੀ ਉਸਨੂੰ ਹਕੀਕਤ ਦੀ ਸਮਝ ਲੱਗੇਗੀ ਤਾਂ ਉਹ ਸਮਝ ਜਾਵੇਗਾ ਕਿ ਉਹਦੇ ਨਾਇਕ ਉਹ ਨਹੀਂ ਜੋ ਸਰਕਾਰ ਕਹਿੰਦੀ ਹੈ, ਉਹਦੇ ਨਾਇਕ ਉਹ ਹਨ ਜਿਨਾਂ ਨੂੰ ਸਿੱਖ ਕੌਮ ਨਾਇਕ ਮੰਨਦੀ ਹੈ। 6 ਜੂਨ, 6 ਜਨਵਰੀ, 31 ਅਗਸਤ, 31 ਅਕਤੂਬਰ, 9 ਅਕਤੂਬਰ ਤੇ ਹੋਰ ਦਿਹਾੜੇ ਸਿੱਖ ਸੋਚ ਨੂੰ ਹੋਰ ਤਿੱਖਾ ਕਰਕੇ ਸਪੱਸ਼ਟ ਕਰਦੇ ਰਹਿਣਗੇ। ਸੋ ਇੰਦਰਾ ਗਾਂਧੀ, ਬੇਅੰਤ ਸਿੰਘ, ਕੇ.ਪੀ.ਐੱਸ.ਗਿੱਲ, ਜਨਰਲ ਵੈਦਿਆ ਤੇ ਹੋਰ ਇਹੋ ਜਿਹੇ ਲੋਕਾਂ ਦੇ 'ਗੁਣ' ਦੱਸਕੇ ਸਿੱਖਾਂ ਨੂੰ ਭਰਮਾਇਆ ਨਹੀਂ ਜਾ ਸਕਦਾ।
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News