Nazrana Times

ਪੰਜਾਬੀ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਲਕੇ 24 ਜੁਲਾਈ ਨੂੰ ਆਰੰਭ ਹੋਵੇਗਾ ਮੀਰੀ ਪੀਰੀ ਖਾਲਸਾ ਮਾਰਚ

24 Jul, 2026 01:52 AM

ਸਿੰਘ ਸਾਹਿਬਾਨ, ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਕਰਨਗੀਆਂ ਸ਼ਮੂਲੀਅਤ

ਅੰਮ੍ਰਿਤਸਰ, 23 ਜੁਲਾਈ- ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ 

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਲਕੇ 24 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਹੋਵੇਗਾ, ਜਿਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੀਕ ਸਜਾਏ ਜਾਣ ਵਾਲੇ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਹੋਵੇਗੀ। ਇਸ ਮੌਕੇ ਸਿੰਘ ਸਾਹਿਬਾਨ, ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੀਆਂ।
ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਮੀਰੀ ਪੀਰੀ ਖਾਲਸਾ ਮਾਰਚ ਸਜਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੇ ਆਦੇਸ਼ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਖਾਲਸਾ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾਵੇਗਾ ਜਿਸ ਵਿਚ ਵਿਸ਼ੇਸ਼ ਬੱਸ ਰਾਹੀਂ ਗੁਰੂ ਸਾਹਿਬਾਨ ਤੇ ਸ਼ਹੀਦ ਸਿੰਘਾਂ ਦੇ ਸ਼ਸ਼ਤਰਾਂ ਦੇ ਵੀ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਸੇ ਤਰ੍ਹਾਂ ਨਗਰ ਕੀਰਤਨ ਦੇ ਨਾਲ ਕੁਝ ਗੱਡੀਆਂ ਚੱਲਣਗੀਆਂ ਜਿਨ੍ਹਾਂ ਤੇ ਸਿੱਖ ਇਤਿਹਾਸ ਦੇ ਸੰਘਰਸ਼ ਨੂੰ ਬਿਆਨ ਕਰਦੇ ਪੋਸਟਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੀਰੀ ਪੀਰੀ ਖਾਲਸਾ ਮਾਰਚ 24 ਜੁਲਾਈ, 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਸਵੇਰੇ 09:00 ਵਜੇ ਆਰੰਭ ਹੋ ਕੇ ਵਾਇਆ ਹਾਲ ਗੇਟ, ਭੰਡਾਰੀ ਪੁੱਲ, ਪੁਤਲੀਘਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਛੇਹਰਟਾ ਸਾਹਿਬ, ਇੰਡੀਆ ਗੇਟ ਬਾਈਪਾਸ, ਖਾਸਾ, ਘਰਿੰਡਾ, ਘਰਿੰਡੀ, ਚੋਡੀਵਿੰਡ, ਭੰਡਿਆਰ, ਰਣੀਕੇ, ਰਣਗੜ੍ਹ, ਅਟਾਰੀ, ਰੋੜਾਂਵਾਲਾ, ਪੱਕਾ ਪਿੰਡ (ਨੇਸ਼ਟਾ), ਮੁਹਾਵਾ, ਰਾਜਾਤਾਲ, ਬੁਰਜ, ਕਲਸ, ਜਠੌਲ, ਲੱਧੇਵਾਲ/ਹਵੇਲੀਆਂ, ਗੁ: ਬਾਉਲੀ ਸਾਹਿਬ ਪਾ: ਛੇਵੀਂ ਖੈਹਰੇ, ਕੱਲੇਵਾਲ, ਹੁਸ਼ਿਆਰਨਗਰ, ਗੁਰਦੁਆਰਾ ਸਾਹਿਬ ਗੁਰੂਸਰ ਸਤਲਾਣੀ ਪਾ: ਛੇਵੀਂ, ਭਕਨਾ, ਚੀਚਾ, ਭੂਸੇ, ਸਰਾਏ ਅਮਾਨਤ ਖਾਂ, ਗੰਡੀਵਿੰਡ, ਛਾਪਾ, ਬਘਿਆੜੀ ਤੋਂ ਹੁੰਦਾ ਹੋਇਆ ਗੁ: ਬੀੜ ਬਾਬਾ ਬੁੱਢਾ ਸਾਹਿਬ ਜੀ, ਠੱਠਾ (ਤਰਨ ਤਾਰਨ) ਵਿਖੇ ਰਾਤੀ ਵਿਸ਼ਰਾਮ ਕਰੇਗਾ। ਇਥੋਂ 25 ਜੁਲਾਈ ਨੂੰ ਖਾਲਸਾ ਮਾਰਚ ਦੀ ਰਵਾਨਗੀ ਤਰਨਤਾਰਨ ਸਾਹਿਬ ਲਈ ਹੋਵੇਗੀ। ਉਨ੍ਹਾਂ ਸੰਗਤਾਂ ਨੂੰ ਮੀਰੀ ਪੀਰੀ ਖਾਲਸਾ ਮਾਰਚ ਵਿੱਚ ਪਰਿਵਾਰ ਸਮੇਤ ਸਾ਼ਮਲ ਹੋਣ ਦੀ ਅਪੀਲ ਕੀਤੀ।

Posted By: GURBHEJ SINGH ANANDPURI

Latest News