Nazrana Times

ਪੰਜਾਬੀ

ਆਪਣੀ ਜਥੇਬੰਦੀ ਦੇ ਸ਼ਹੀਦਾਂ ਦੀ ਯਾਦ ਮਨਾਉਣਾ ਦਮਦਮੀ ਟਕਸਾਲ ਦਾ ਹੱਕ : ਇੰਜੀ. ਸਰਬਜੀਤ ਸਿੰਘ ਸੋਹਲ, ਡਾ. ਭਗਵਾਨ ਸਿੰਘ

05 Jun, 2026 06:59 PM

ਚੰਡੀਗੜ੍ਹ 5 ਜੂਨ (ਮੰਗਤ ਸਿੰਘ ਸੈਦਪੁਰ) : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਛਤਰ ਛਾਇਆ ਹੇਠ ਵਿਚਰੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਜਦੀਕੀ ਸਾਥੀ ਰਹੇ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਅਤੇ ਡਾਕਟਰ ਭਗਵਾਨ ਸਿੰਘ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਛੇ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਹੋਏ ਆਪਣੇ ਸਿੰਘਾਂ ਦੀ ਯਾਦ ਵਿੱਚ ਸਮਾਗਮ ਕਰਨਾ ਦਮਦਮੀ ਟਕਸਾਲ ਦਾ ਫਰਜ ਵੀ ਹੈ ਅਤੇ ਹੱਕ ਵੀ ਹੈ। ਉਹਨਾਂ ਦੇ ਸਮਾਗਮ ਵਿੱਚ ਜਾਣ ਤੋਂ ਸੰਗਤਾਂ ਨੂੰ ਰੋਕਣ ਵਾਲਿਆਂ ਨੂੰ ਆਪਣੀ ਔਕਾਤ ਵਿੱਚ ਰਹਿ ਕੇ ਹੀ ਬਿਆਨਬਾਜੀ ਕਰਨੀ ਚਾਹੀਦੀ ਹੈ। ਦੋਹਾਂ ਸਾਬਕਾ ਫੈਡਰੇਸ਼ਨ ਆਗੂਆਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਬਾਬਾ ਜੀ ਦਾ ਸਟੈਂਡ ਬਿਲਕੁਲ ਦਰੁਸਤ ਹੈ ਅਤੇ ਉਹਨਾਂ ਵੱਲੋਂ ਸੁਣਾਈਆਂ ਖਰੀਆਂ ਅਤੇ ਸੱਚੀਆਂ ਗੱਲਾਂ ਨਾਲ ਕਈਆਂ ਨੂੰ ਅੱਗ ਲੱਗਣੀ ਜਰੂਰੀ ਸੀ। ਮਹਿਤਾ ਚੌਂਕ ਸਮਾਗਮ ਵਿੱਚ ਜਾਣ ਤੋਂ ਰੋਕਣ ਵਾਲੇ ਅਖੌਤੀ ਆਗੂ ਬਾਰੇ ਸਪੱਸ਼ਟ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਥ ਦੀ ਏਕਤਾ ਨੂੰ ਤਾਰ ਤਾਰ ਕਰਨਾ, ਹੋਣ ਵਾਲੇ ਕੌਮੀ ਸਮਾਗਮਾਂ ਵਿੱਚ ਵਿਘਨ ਪਾਉਣਾ, ਕੌਮੀ ਨਿਸ਼ਾਨੇ ਪ੍ਰਤੀ ਭੰਬਲਭੂਸੇ ਪੈਦਾ ਕਰਨਾ ਉਸ ਦਾ ਪੁਰਾਣਾ ਸ਼ੌਂਕ ਹੈ ਅਤੇ ਇਸੇ ਕੰਮ ਦੇ ਸਿਰ ਤੋਂ ਹੀ ਉਸਦੀ ਦੁਕਾਨਦਾਰੀ ਚਲਦੀ ਹੈ। ਅੱਜ ਉਹ ਜਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਮਾਗਮ ਵਿੱਚ ਪਹੁੰਚਣ ਲਈ ਲੋਕਾਂ ਨੂੰ ਆਵਾਜ ਦੇ ਰਿਹਾ ਹੈ, ਉਸ ਵਿੱਚ ਖੱਲ੍ਹਲ ਪਾਉਣ ਦਾ ਕੰਮ ਉਹ ਸ਼ੁਰੂ ਤੋਂ ਕਰਦਾ ਰਿਹਾ ਹੈ। ਇਹ ਉਸੇ ਦੀ ਕਰਤੂਤ ਸੀ ਕਿ ਕੌਮੀ ਸਮਾਗਮ ਨੂੰ ਸ਼੍ਰੋਮਣੀ ਕਮੇਟੀ ਨੇ ਲੜਾਈ ਦਾ ਬਹਾਨਾ ਬਣਾਕੇ ਇਕ ਅਰਦਾਸ ਸਮਾਗਮ ਤੱਕ ਸੀਮਤ ਕਰ ਦਿੱਤਾ। ਜਿੱਥੇ ਅਰਦਾਸ ਤੋਂ ਬਾਅਦ ਸਿਰੋਪੇ ਵੰਡ ਕੇ ਸਾਰੇ ਪ੍ਰੋਗਰਾਮ ਨੂੰ ਫਟਾਫਟ ਸਮੇਟ ਦਿੱਤਾ ਜਾਂਦਾ ਹੈ।
ਦੋਹਾਂ ਆਗੂਆਂ ਨੇ ਯਾਦ ਕਰਵਾਇਆ ਕਿ ਅੱਜ ਜਿਸ ਬਾਬਾ ਜੋਗਿੰਦਰ ਸਿੰਘ ਦੇ ਸੋਹਲੇ ਉਹ ਆਗੂ ਅਤੇ ਉਸ ਦੇ ਚਾਟੜੇ ਗਾ ਰਹੇ ਹਨ। 1989 ਦੀ ਜਿੱਤ ਤੋਂ ਬਾਅਦ ਉਹਨਾਂ ਦੇ ਖਿਲਾਫ ਹੀ ਪਹਿਲਾ ਬਿਆਨ ਦਿੱਤਾ ਸੀ ਕਿ 'ਬਾਬਾ ਪਰਿਵਾਰ ਮੈਨੂੰ ਮਰਵਾਉਣਾ ਚਾਹੁੰਦੈ।' 1989 ਚੋਣਾਂ ਦੀ ਏਨੀ ਵੱਡੀ ਜਿੱਤ ਤੋਂ ਬਾਦ ਇਕ ਪਾਰਟੀ ਦਾ ਮਜ਼ਬੂਤ ਢਾਂਚਾ ਵੀ ਨਾ ਬਣਾ ਸਕਣ ਵਾਲੇ ਫੇਲ ਹੋਏ ਲੋਕ ਦੂਜਿਆਂ ਨੂੰ ਮੱਤਾਂ ਦੇਣ ਦਾ ਕੋਈ ਹੱਕ ਨਹੀਂ ਰੱਖਦੇ। ਕਿਉਂਕਿ ਲੱਖਾਂ ਵੋਟਾਂ ਨਾਲ ਜਿਤਾਉਣ ਵਾਲੀ ਹਮਾਇਤ ਹੁਣ ਸੈਂਕੜਿਆਂ ਵਿੱਚ ਰਹਿ ਗਈ ਹੈ। ਦੋਹਾਂ ਆਗੂਆਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਆਪਣੇ ਸਟੈਂਡ 'ਤੇ ਦ੍ਰਿੜ ਰਹਿਣ ਦੀ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾਂ ਦੀ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਮਾਗਮ ਤੋਂ ਬਾਅਦ ਮਹਿਤਾ ਚੌਂਕ ਜਰੂਰ ਪਹੁੰਚਣ।

Posted By: GURBHEJ SINGH ANANDPURI

Latest News