Nazrana Times

ਪੰਜਾਬੀ

ਹਲਕਾ ਕਪੂਰਥਲਾ ਦੀਆਂ ਆਮ ਜਨਤਕ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਗਿਆ,ਲੋਕ ਲੰਬੇ ਸਮੇਂ ਤੋਂ ਪ੍ਰੇਸ਼ਾਨ-ਸਰਬਜੀਤ ਰਾਜ

11 Aug, 2026 05:00 PM

ਕਪੂਰਥਲਾ 11 ਅਗਸਤ ਗੌਰਵ ਮੜੀਆ 

ਆਲ ਕ੍ਰਿਸ਼ਚੀਅਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦੋਸ਼ ਲਗਾਇਆ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਲੋਕ ਅਜੇ ਵੀ ਸਿਹਤ, ਸਿੱਖਿਆ,ਰੁਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕਈ ਆਮ ਜਨਤਕ ਸਮੱਸਿਆਵਾਂ ਨਾਲ ਜੂਝ ਰਹੇ ਹਨ,ਪਰ ਹਲਕੇ ਦੇ ਵਿਧਾਇਕ ਨੇ ਨਾ ਤਾਂ ਇਨ੍ਹਾਂ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਹੈ ਅਤੇ ਨਾ ਹੀ ਇਨ੍ਹਾਂ ਦੇ ਹੱਲ ਲਈ ਕੋਈ ਠੋਸ ਪਹਿਲ ਕੀਤੀ ਹੈ।
ਬਹੁਤ ਸਾਰੇ ਮਹੱਤਵਪੂਰਨ ਪ੍ਰੋਜੈਕਟ ਅਤੇ ਐਲਾਨ ਅਜੇ ਵੀ ਕਾਗਜ਼ਾਂ ਤੱਕ ਸੀਮਤ ਹਨ

ਰਾਜ ਨੇ ਕਿਹਾ ਕਿ ਕਪੂਰਥਲਾ ਹਲਕੇ ਦੇ ਲੋਕਾਂ ਨੇ ਪਿਛਲੇ 25 ਸਾਲਾਂ ਤੋਂ ਵਿਕਾਸ ਅਤੇ ਬਦਲਾਅ ਦੀ ਉਮੀਦ ਨਾਲ ਉਨ੍ਹਾਂ ਤੇ ਲਗਾਤਾਰ ਭਰੋਸਾ ਕੀਤਾ ਸੀ ਪਰ ਉਨ੍ਹਾਂ ਦੀਆਂ ਉਮੀਦਾਂ ਅੱਜ ਵੀ ਅਧੂਰੀਆਂ ਹਨ।ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰੋਜੈਕਟ ਅਤੇ ਐਲਾਨ ਅਜੇ ਤੱਕ ਕਾਗਜ਼ੀ ਕਾਰਵਾਈ ਤੋਂ ਅੱਗੇ ਨਹੀਂ ਵਧੇ ਹਨ।ਉਨ੍ਹਾਂ ਦੋਸ਼ ਲਗਾਇਆ ਕਿ ਵਿਰਾਸਤੀ ਸ਼ਹਿਰ ਵਿੱਚ ਬਣਨ ਵਾਲਾ ਮੈਡੀਕਲ ਕਾਲਜ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ,ਜਿਸ ਕਾਰਨ ਇਲਾਕੇ ਦੇ ਨੌਜਵਾਨਾਂ,ਖਾਸ ਕਰਕੇ ਕੁੜੀਆਂ ਨੂੰ ਉੱਚ ਮੈਡੀਕਲ ਸਿੱਖਿਆ ਲਈ ਦੂਜੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ।

ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਭਾਰੀ ਘਾਟ ਹੈ

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਬਹੁਤ ਘਾਟ ਹੈ।ਲੋਕਾਂ ਨੂੰ ਛੋਟੇ-ਮੋਟੇ ਇਲਾਜ ਲਈ ਵੀ ਪ੍ਰਾਈਵੇਟ ਹਸਪਤਾਲਾਂ ਜਾਂ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ,ਜਿਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਤੇ ਵਾਧੂ ਵਿੱਤੀ ਬੋਝ ਪੈਂਦਾ ਹੈ।

ਕੂੜਾ ਡੰਪ ਲਈ ਸਿਰਫ਼ ਵਾਅਦੇ ਕੀਤੇ ਗਏ ਪਰ ਜਗ੍ਹਾ ਨਹੀਂ ਦਿੱਤੀ ਗਈ

ਸਰਬਜੀਤ ਰਾਜ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਕੂੜਾ ਡੰਪ ਲਈ ਸਿਰਫ਼ ਵਾਅਦੇ ਕੀਤੇ ਗਏ ਪਰ ਜਗ੍ਹਾ ਉਪਲਬਧ ਨਹੀਂ ਕਰਵਾਈ ਗਈ।ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੂੜੇ ਦੀ ਸਮੱਸਿਆ ਕਾਰਨ ਸ਼ਹਿਰ ਦੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਪਰ ਸਾਡੇ ਆਗੂਆਂ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।ਉਨ੍ਹਾਂ ਕਿਹਾ ਕਿ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।ਮਨਰੇਗਾ ਤਹਿਤ ਕੰਮ ਨਾ ਹੋਣ ਕਾਰਨ ਹਲਕੇ ਦੇ ਮਜ਼ਦੂਰ ਪ੍ਰੇਸ਼ਾਨ ਹਨ।ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਪੂਰਥਲਾ ਦੀ ਫੇਰੀ ਦੌਰਾਨ ਮੈਡੀਕਲ ਕਾਲਜ ਲਈ ਕੀਤੇ ਗਏ ਵੱਡੇ-ਵੱਡੇ ਦਾਅਵੇ ਖੋਖਲੇ ਨਿਕਲੇ ਜਿਸ ਕਾਰਨ ਲੋਕ ਅਣਗੌਲਿਆ ਮਹਿਸੂਸ ਕਰ ਰਹੇ ਹਨ।

ਸ਼ਹਿਰ ਵਿੱਚ ਟੁੱਟੀਆਂ ਸੜਕਾਂ,ਸੀਵਰੇਜ ਅਤੇ ਡਰੇਨੇਜ ਦੀਆਂ ਸਮੱਸਿਆਵਾਂ

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ,ਸੀਵਰੇਜ ਅਤੇ ਡਰੇਨੇਜ ਦੀਆਂ ਸਮੱਸਿਆਵਾਂ,ਪੀਣ ਤਵ ਵਾਲੇ ਸਾਫ਼ ਪਾਣੀ ਦੀ ਘਾਟ,ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਘਾਟ,ਖੇਡ ਦੇ ਮੈਦਾਨਾਂ ਦੀ ਘਾਟ ਅਤੇ ਹੋਰ ਬੁਨਿਆਦੀ ਸਹੂਲਤਾਂ ਵਰਗੇ ਕਈ ਜਨਤਕ ਮੁੱਦੇ ਵੀ ਲੰਬੇ ਸਮੇਂ ਤੋਂ ਹੱਲ ਦੀ ਉਡੀਕ ਕਰ ਰਹੇ ਹਨ।

ਵਿਧਾਇਕ ਰਾਣਾ ਨੇ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦਿਆਂ ਤੇ ਕਿਉਂ ਨਹੀਂ ਬੋਲਿਆ?

ਸਰਬਜੀਤ ਰਾਜ ਨੇ ਦੋਸ਼ ਲਗਾਇਆ ਕਿ ਵਿਧਾਇਕ ਵਜੋਂ ਆਪਣੇ 25 ਸਾਲਾਂ ਦੇ ਕਾਰਜਕਾਲ ਦੌਰਾਨ ਵਿਧਾਇਕ ਨੇ ਹਲਕੇ ਦੀਆਂ ਇਨ੍ਹਾਂ ਆਮ ਜਨਤਕ ਸਮੱਸਿਆਵਾਂ ਨੂੰ ਤਰਜੀਹ ਦੇਣ ਦੀ ਬਜਾਏ ਹੋਰ ਮੁੱਦਿਆਂ ਵੱਲ ਜ਼ਿਆਦਾ ਧਿਆਨ ਦਿੱਤਾ।ਉਨ੍ਹਾਂ ਸਵਾਲ ਕੀਤਾ ਕਿ ਹਲਕਾ ਵਿਧਾਇਕ ਨੇ ਕਪੂਰਥਲਾ ਦੇ ਵਿਕਾਸ ਲਈ ਅੱਜ ਤੱਕ ਕੀ ਕੀਤਾ ਹੈ।ਸਰਬਜੀਤ ਰਾਜ ਨੇ ਪੁੱਛਿਆ ਕਿ ਵਿਧਾਇਕ ਹਲਕੇ ਦੇ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦਿਆਂ ਤੇ ਆਪਣੀ ਆਵਾਜ਼ ਕਿਉਂ ਨਹੀਂ ਉਠਾਉਂਦੇ।

Posted By: GURBHEJ SINGH ANANDPURI

Latest News