ਪਰਵਿੰਦਰ ਸਿੰਘ ਝੋਟਾ ਕੌਮੀ ਪੱਧਰ ਦੇ ਮੁੱਕੇਬਾਜ਼ ਤੇ ਨਸ਼ਿਆਂ ਵਿਰੁੱਧ ਡਟਣ ਵਾਲੇ ਯੋਧੇ ਸਨ: ਟਾਂਡੀ
ਕਪੂਰਥਲਾ, 14 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਟਾਂਡੀ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਝੋਟਾ ਕੌਮੀ ਪੱਧਰ ਦੇ ਮੁੱਕੇਬਾਜ਼ ਸਨ ਅਤੇ ਨਸ਼ਿਆਂ ਖ਼ਿਲਾਫ਼ ਡਟ ਕੇ ਲੜਨ ਵਾਲੇ ਯੋਧੇ ਵਜੋਂ ਜਾਣੇ ਜਾਂਦੇ ਸਨ।
ਮਾਨਸਾ ਜ਼ਿਲ੍ਹੇ ਵਿੱਚ ਮੈਡੀਕਲ ਸਟੋਰਾਂ ਤੋਂ ਨਸ਼ਾ ਵੇਚਣ ਵਿਰੁੱਧ ਮੁਹਿੰਮ ਚਲਾਉਣ ਵਾਲੇ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਗੋਲੀਆਂ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਚਲਾਈਆਂ। ਘਟਨਾ ਵੇਲੇ ਝੋਟਾ ਸੋਸ਼ਲ ਮੀਡੀਆ ’ਤੇ ਲਾਈਵ ਸਨ ਅਤੇ ਪੂਰੀ ਘਟਨਾ ਉਨ੍ਹਾਂ ਦੀ ਲਾਈਵ ਵੀਡੀਓ ਵਿੱਚ ਕੈਦ ਹੋ ਗਈ।
ਟਾਂਡੀ ਨੇ ਦਿਨ-ਦਿਹਾੜੇ ਹੋਏ ਇਸ ਕਤਲ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਇਸ ਘਟਨਾ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਟਨਾ ਸਰਕਾਰ ਦੇ ਨਸ਼ਿਆਂ ਵਿਰੁੱਧ ਲੜਾਈ ਲੜਨ ਦੇ ਦਾਅਵਿਆਂ ਦੀ ਹਕੀਕਤ ਸਾਹਮਣੇ ਲਿਆਉਂਦੀ ਹੈ।
ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ’ਤੇ ਸਵਾਲ
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਾ ਮਾਫ਼ੀਆ ਦੇ ਹੌਸਲੇ ਬੁਲੰਦ ਹਨ, ਜਦਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੇ ਕਤਲ ਹੋ ਰਹੇ ਹਨ। ਟਾਂਡੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਡਟ ਕੇ ਖੜ੍ਹਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਟਾਂਡੀ ਨੇ ਇਹ ਵੀ ਦੋਸ਼ ਲਾਇਆ ਕਿ ਕਿਤੇ ਲੋਕਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ ਅਤੇ ਕਿਤੇ ਉਨ੍ਹਾਂ ਨੂੰ ਖ਼ੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਝੋਟਾ ਦੇ ਕਤਲ ਨੇ ਪੂਰੇ ਸੂਬੇ ਨੂੰ ਝੰਜੋੜ ਦਿੱਤਾ ਹੈ।
ਸਰਕਾਰ ’ਤੇ ਨਸ਼ਾ ਮਾਫ਼ੀਆ ਨਾਲ ਗਠਜੋੜ ਦਾ ਦੋਸ਼ ਲਾਉਂਦਿਆਂ ਟਾਂਡੀ ਨੇ ਚਿਤਾਵਨੀ ਦਿੱਤੀ ਕਿ ਉਹ ਇਸ ਕਥਿਤ ਗਠਜੋੜ ਨੂੰ ਜੜ੍ਹੋਂ ਪੁੱਟਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਖੜ੍ਹਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ
ਕੁਲਦੀਪ ਸਿੰਘ ਟਾਂਡੀ ਨੇ ਝੋਟਾ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਰਿਪੋਰਟ: ਗੌਰਵ ਮੜੀਆ