ਕੇਂਦਰ ਸਰਕਾਰ ਦਾ ਅਗਨੀਵੀਰਾਂ ਦੀ ਸੇਵਾ ਮਿਆਦ 2 ਸਾਲ ਵਧਾਉਣ ਦਾ ਫੈਸਲਾ ਸ਼ਲਾਘਾਯੋਗ -ਨਾਨਕ ਪੁਰ
ਕਪੂਰਥਲਾ 19 ਨਵੰਬਰ ਗੌਰਵ ਮੜੀਆ
ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਅਧੀਨ ਅਗਨੀਵੀਰਾਂ ਦੀ ਸੇਵਾ ਮਿਆਦ ਦੋ ਸਾਲ ਵਧਾਉਣ ਦਾ ਫੈਸਲਾ ਕੀਤਾ ਹੈ,ਜਿਸ ਨਾਲ ਕੁੱਲ ਸੇਵਾ ਮਿਆਦ ਚਾਰ ਤੋਂ ਛੇ ਸਾਲ ਹੋ ਗਈ ਹੈ। ਸੀਨੀਅਰ ਭਾਜਪਾ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਕੇਂਦਰ ਸਰਕਾਰ ਦੇ ਅਗਨੀਵੀਰਾਂ ਦੀ ਸੇਵਾ ਮਿਆਦ ਦੋ ਸਾਲ ਵਧਾਉਣ ਦੇ ਫੈਸਲੇ ਤੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਇਤਹਾਸਿਕ ਫ਼ੈਸਲਾ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।ਇਸ ਨਾਲ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਆਪਣੀ ਸੇਵਾ ਜਾਰੀ ਰੱਖਣ ਲਈ ਵਾਧੂ ਮੌਕੇ ਪ੍ਰਦਾਨ ਹੋਣਗੇ।ਨਾਨਕਪੁਰ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਜਦੋਂ 2022 ਵਿੱਚ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਸੀ,ਤਾਂ ਫੌਜ,ਜਲ ਸੈਨਾ ਅਤੇ ਹਵਾਈ ਸੈਨਾ ਦੇ ਪਹਿਲੇ ਬੈਚ ਵਿੱਚ ਲਗਭਗ 24,400 ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਸੀ।ਨਾਨਕਪੁਰਾ ਦੇ ਅਨੁਸਾਰ ਆਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ,ਇਨ੍ਹਾਂ ਵਿੱਚੋਂ 6,100 ਅਗਨੀਵੀਰਾਂ ਨੂੰ ਅਗਲੇ 15 ਸਾਲਾਂ ਲਈ ਸੇਵਾ ਵਿੱਚ ਸ਼ਾਮਲ ਕੀਤਾ ਗਿਆ ਸੀ,ਜਦੋਂ ਕਿ ਬਾਕੀ 18,300 ਅਗਨੀਵੀਰਾਂ ਦੀ ਸੇਵਾ ਮਿਆਦ ਦਸੰਬਰ ਵਿੱਚ ਖਤਮ ਹੋਣ ਵਾਲੀ ਸੀ।ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਅਗਨੀਵੀਰਾਂ ਦੀ ਸੇਵਾ ਦੋ ਸਾਲ ਵਧਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ।ਨਾਨਕਪੁਰ ਨੇ ਕਿਹਾ ਕਿ ਫੌਜ ਵਿੱਚ ਸ਼ਾਮਲ ਹੋਣਾ ਪੰਜਾਬ ਸਮੇਤ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਦਾ ਸੁਪਨਾ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਅਗਨੀਵੀਰਾਂ ਲਈ ਵਾਧੂ ਸਮਾਂ ਅਤੇ ਮੌਕੇ ਪ੍ਰਦਾਨ ਕਰੇਗਾ।ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਪਹਿਲਾਂ ਵਾਂਗ ਫੌਜ ਵਿੱਚ ਨਿਯਮਤ ਭਰਤੀ ਲਈ ਵਧੇਰੇ ਮੌਕੇ ਮਿਲਣੇ ਚਾਹੀਦੇ ਹਨ।ਨਾਨਕਪੁਰ ਨੇ ਕਿਹਾ ਕਿ ਇਸ ਫੈਸਲੇ ਦਾ ਮਤਲਬ ਹੈ ਕਿ ਹੁਣ ਸਾਰੇ ਅਗਨੀਵੀਰਾਂ ਨੂੰ ਨਿਯਮਤ ਸਿਪਾਹੀਆਂ ਵਜੋਂ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।ਤਿੰਨਾਂ ਹਥਿਆਰਬੰਦ ਸੈਨਾਵਾਂ ਵਿੱਚ 300,000 ਤੋਂ ਵੱਧ ਅਗਨੀਵੀਰ ਵੱਖ-ਵੱਖ ਪੜਾਵਾਂ ਤੇ ਸਿਖਲਾਈ ਲੈ ਰਹੇ ਹਨ।ਇਸ ਵਿੱਚ ਫੌਜ ਵਿੱਚ ਲਗਭਗ 2.8 ਲੱਖ ਅਗਨੀਵੀਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਲਗਭਗ 19,000 ਚਾਰ ਸਾਲਾਂ ਵਿੱਚ ਆਪਣਾ ਸ਼ੁਰੂਆਤੀ ਕਾਰਜਕਾਲ ਪੂਰਾ ਕਰਨਗੇ।