Nazrana Times

ਪੰਜਾਬੀ

ਕਪੂਰਥਲਾ ਵਿੱਚ ਡਰੱਗ ਕੰਟਰੋਲ ਵਿਭਾਗ ਦੀ ਕਾਰਵਾਈ, ਕੋਹਲੀ ਮੈਡੀਕਲ ਹਾਲ ਤੋਂ 280 ਸ਼ੱਕੀ ਕੈਪਸੂਲ ਜਾਂਚ ਲਈ ਭੇਜੇ

23 Oct, 2026 05:35 PM

ਬਿਨਾਂ ਰਿਕਾਰਡ ਦੇ ਮਿਲੀਆਂ ਪੰਜ ਕਿਸਮਾਂ ਦੀਆਂ ਦਵਾਈਆਂ ਜ਼ਬਤ, ਰਜਿਸਟਰਡ ਫਾਰਮਾਸਿਸਟ ਦੀ ਗੈਰ-ਮੌਜੂਦਗੀ ਵਿੱਚ ਦਵਾਈਆਂ ਵੇਚਣ ਦਾ ਮਾਮਲਾ ਆਇਆ ਸਾਹਮਣੇ

ਕਪੂਰਥਲਾ, 23 ਅਕਤੂਬਰ, ਗੌਰਵ ਮੜੀਆ

ਡਰੱਗ ਕੰਟਰੋਲ ਵਿਭਾਗ ਵੱਲੋਂ ਦਵਾਈਆਂ ਦੀ ਵਿਕਰੀ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੀਤੀ ਗਈ ਜਾਂਚ ਦੌਰਾਨ ਪਿੰਡ ਰਾਣੀਪੁਰ, ਡਾਕਖਾਨਾ ਫਗਵਾੜਾ ਸਥਿਤ ਕੋਹਲੀ ਮੈਡੀਕਲ ਹਾਲ ਵਿੱਚ ਕਈ ਉਲੰਘਣਾਵਾਂ ਸਾਹਮਣੇ ਆਈਆਂ ਹਨ। ਡਰੱਗ ਕੰਟਰੋਲ ਅਧਿਕਾਰੀ ਅਨੁਪਮਾ ਕਾਲੀਆ, ਕਪੂਰਥਲਾ ਅਤੇ ਪਰਮਿੰਦਰ ਸਿੰਘ, ਡਰੱਗ ਕੰਟਰੋਲ ਅਧਿਕਾਰੀ ਜਲੰਧਰ ਦੀ ਟੀਮ ਵੱਲੋਂ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ ਗਿਆ।

ਜਾਣਕਾਰੀ ਅਨੁਸਾਰ, ਜਾਂਚ ਦੌਰਾਨ 280 ਅਜਿਹੇ ਕੈਪਸੂਲ ਮਿਲੇ ਜਿਨ੍ਹਾਂ 'ਤੇ ਲੇਬਲ ਨਹੀਂ ਸਨ ਅਤੇ ਜਿਨ੍ਹਾਂ ਦੇ ਆਦਤ ਪੈਦਾ ਕਰਨ ਵਾਲੀ ਦਵਾਈ ਹੋਣ ਦਾ ਸ਼ੱਕ ਜਤਾਇਆ ਗਿਆ। ਇਨ੍ਹਾਂ ਕੈਪਸੂਲਾਂ ਨੂੰ ਜਾਂਚ ਅਤੇ ਵਿਸ਼ਲੇਸ਼ਣ ਲਈ ਕਬਜ਼ੇ ਵਿੱਚ ਲੈ ਕੇ ਪੰਜਾਬ ਦੀ ਡਰੱਗਜ਼ ਟੈਸਟਿੰਗ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਦੀ ਅਸਲ ਕਿਸਮ ਅਤੇ ਪ੍ਰਭਾਵ ਬਾਰੇ ਸਥਿਤੀ ਲੈਬਾਰਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਇਸ ਤੋਂ ਇਲਾਵਾ, ਮੈਡੀਕਲ ਸਟੋਰ 'ਤੇ ਪੰਜ ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਦੀ ਵਿਕਰੀ ਅਤੇ ਖਰੀਦ ਸਬੰਧੀ ਰਿਕਾਰਡ ਪੇਸ਼ ਨਾ ਕੀਤੇ ਜਾਣ ਕਾਰਨ ਟੀਮ ਵੱਲੋਂ ਉਕਤ ਦਵਾਈਆਂ ਨੂੰ ਮੌਕੇ 'ਤੇ ਜ਼ਬਤ ਕਰ ਲਿਆ ਗਿਆ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੈਡੀਕਲ ਸਟੋਰ 'ਤੇ ਰਜਿਸਟਰਡ ਫਾਰਮਾਸਿਸਟ ਦੀ ਗੈਰ-ਮੌਜੂਦਗੀ ਵਿੱਚ ਦਵਾਈਆਂ ਵੇਚੀਆਂ ਜਾ ਰਹੀਆਂ ਸਨ।

ਵਿਭਾਗੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਰਿਪੋਰਟ ਲਾਇਸੈਂਸਿੰਗ ਅਥਾਰਟੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਮਾਮਲੇ ਵਿੱਚ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਤਹਿਤ ਬਣਾਏ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਸ਼ਰਮਾ ਮੈਡੀਕਲ ਸਟੋਰ ਦੀ ਵੀ ਜਾਂਚ

ਇਸੇ ਦੌਰਾਨ ਫਗਵਾੜਾ ਸਥਿਤ ਸ਼ਰਮਾ ਮੈਡੀਕਲ ਸਟੋਰ ਦਾ ਵੀ ਨਿਰੀਖਣ ਕੀਤਾ ਗਿਆ। ਇੱਥੇ ਵੀ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਇਸ ਦੇ ਨਿਯਮਾਂ ਨਾਲ ਸਬੰਧਤ ਕੁਝ ਆਮ ਉਲੰਘਣਾਵਾਂ ਸਾਹਮਣੇ ਆਈਆਂ। ਵਿਭਾਗ ਵੱਲੋਂ ਦਵਾਈਆਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜਾਂਚ ਕੀਤੀ ਗਈ।

ਡਰੱਗ ਕੰਟਰੋਲ ਵਿਭਾਗ ਦੀ ਇਸ ਕਾਰਵਾਈ ਨਾਲ ਮੈਡੀਕਲ ਸਟੋਰਾਂ 'ਤੇ ਦਵਾਈਆਂ ਦੀ ਵਿਕਰੀ, ਸਟਾਕ ਦੇ ਰਿਕਾਰਡ ਅਤੇ ਰਜਿਸਟਰਡ ਫਾਰਮਾਸਿਸਟ ਦੀ ਮੌਜੂਦਗੀ ਸਬੰਧੀ ਨਿਯਮਾਂ ਦੀ ਪਾਲਣਾ ਦਾ ਮੁੱਦਾ ਮੁੜ ਚਰਚਾ ਵਿੱਚ ਆ ਗਿਆ ਹੈ।

Posted By: Gaurav Maria

Latest News