ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਜ਼ਮੀਨੀ ਪੱਧਰ ਤੇ ਲਾਮਬੰਦ ਕਰਨ ਲਈ ਵਰਕਰ ਨਿਭਾਅ ਰਹੇ ਅਹਿਮ ਭੂਮਿਕਾ-ਜਗਜੀਤ ਸਿੰਘ ਧਾਲੀਵਾਲ
ਬਲਾਤਕਾਰ ਤੇ ਕਤਲ ਵਰਗੇ ਸੰਗੀਨ ਜੁਰਮਾਂ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਤੇ ਚੁੱਕੇ ਸਵਾਲ
ਕਪੂਰਥਲਾ 30 ਅਗਸਤ ਗੌਰਵ ਮੜੀਆ
ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। ਰਵਾਇਤੀ ਸਿਆਸੀ ਧਿਰਾਂ ਤੋਂ ਹਟ ਕੇ ਬੇਦਾਗ਼ ਅਕਸ ਅਤੇ ਜ਼ਮੀਨੀ ਪ੍ਰਭਾਵ ਰੱਖਣ ਵਾਲੇ ਚਿਹਰਿਆਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ ਵੱਧਦਾ ਰੁਖ ਜਿਥੇ ਇਸ ਨਵੀਂ ਸਿਆਸੀ ਧਾਰਾ ਨੂੰ ਮਜ਼ਬੂਤੀ ਦੇ ਰਿਹਾ ਹੈ,ਉਥੇ ਹੀ ਵਿਰੋਧੀ ਧਿਰਾਂ ਲਈ ਵੀ ਇਹ ਬਦਲਦੇ ਸਮੀਕਰਨ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ।ਚੋਣਾਂ ਵਿਚ ਅਜੇ ਸਮਾਂ ਬਾਕੀ ਹੈ ਅਤੇ ਇਹ ਦੱਸਣਾ ਜਲਦਬਾਜ਼ੀ ਹੋਵੇਗੀ ਕਿ ਇਹ ਨਵੀਂ ਲਾਮਬੰਦੀ 2027 ਦੇ ਚੋਣ ਨਤੀਜਿਆਂ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਪਰ ਇਕ ਤੋਂ ਬਾਅਦ ਇਕ ਸਾਫ਼-ਸੁਥਰੇ ਅਤੇ ਪ੍ਰਭਾਵਸ਼ਾਲੀ ਚਿਹਰਿਆਂ ਦੀ ਸ਼ਮੂਲੀਅਤ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਜ਼ਰੂਰ ਪੈਦਾ ਕਰ ਦਿੱਤੀ ਹੈ।ਹੁਣ ਸਭ ਦੀ ਨਜ਼ਰ ਇਸ ਗੱਲ ਤੇ ਹੈ ਕਿ ਕੀ ਵਾਰਿਸ ਪੰਜਾਬ ਦੇ ਇਸ ਵੱਧਦੇ ਰੁਝਾਨ ਨੂੰ ਜ਼ਮੀਨੀ ਵੋਟ ਬੈਂਕ ਅਤੇ ਮਜ਼ਬੂਤ ਕੇਡਰ ਵਿਚ ਬਦਲਣ ਵਿਚ ਕਾਮਯਾਬ ਹੁੰਦਾ ਹੈ।ਇਸ ਸਬੰਧੀ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ(ਜੱਗਾ)ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਉੱਭਰੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਜ਼ਮੀਨੀ ਪੱਧਰ ਤੇ ਲਾਮਬੰਦ ਕਰਨ ਵਿਚ ਵਰਕਰ ਅਹਿਮ ਭੂਮਿਕਾ ਨਿਭਾਅ ਰਹੇ ਹਨ,ਜਿਸ ਬਦੌਲਤ ਸੂਬੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਮਜ਼ਬੂਤ ਹੋ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ ਸਾਫ਼ ਅਕਸ ਵਾਲੀਆਂ ਹਸਤੀਆਂ ਦਾ ਸਵੈ-ਇੱਛਾ ਨਾਲ ਆਉਣਾ ਇਹ ਦਰਸਾਉਂਦਾ ਹੈ ਕਿ ਰਵਾਇਤੀ ਰਾਜਨੀਤੀ ਤੋਂ ਨਿਰਾਸ਼ ਲੋਕਾਂ ਦਾ ਵਿਸ਼ਵਾਸ ਇਸ ਨਵੀਂ ਧਾਰਾ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ,ਜੋ ਕਿ ਪੰਜਾਬ ਦੇ ਭਵਿੱਖ ਲਈ ਇਕ ਹਾਂ-ਪੱਖੀ ਕਦਮ ਹੈ।ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਵਾਰਿਸ ਪੰਜਾਬ ਦਾ ਸੂਰਜ ਉਦੈ ਹੋ ਚੁੱਕਿਆ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਸੱਤਾ ਤਬਦੀਲੀ ਨਹੀਂ ਸਗੋਂ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲਣਾ ਹੈ।ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਬਾਪੂ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਸਹਿਯੋਗ ਨਾਲ ਪੰਜਾਬ ਦੇ ਹਰ ਘਰ ਤਕ ਪਹੁੰਚਾਉਣਾ ਉਨ੍ਹਾਂ ਦਾ ਸੰਕਲਪ ਹੈ।ਉਨ੍ਹਾਂ ਦੀ ਕੋਸ਼ਿਸ਼ ਅਜਿਹਾ ਪੰਜਾਬ ਬਣਾਉਣ ਦੀ ਹੈ,ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਹਿਜ਼ਰਤ ਕਰਨ ਲਈ ਮਜਬੂਰ ਨਾ ਹੋਣਾ ਪਵੇ, ਕਿਸਾਨ ਦੀ ਮਿਹਨਤ ਦਾ ਯੋਗ ਮੁੱਲ ਤੇ ਸਤਿਕਾਰ ਯਕੀਨੀ ਹੋਵੇ ਅਤੇ ਆਮ ਲੋਕਾਂ ਨੂੰ ਇਨਸਾਫ਼ ਮਿਲੇ।ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਤੇ ਵਿਸ਼ਵਾਸ ਜਤਾ ਕੇ ਸੇਵਾ ਦਾ ਬਲ ਬਖਸ਼ਿਆ ਤਾਂ ਉਹ ਪੰਜਾਬ ਨੂੰ ਕਾਗਜ਼ੀ ਦਾਅਵਿਆਂ ਵਿਚ ਨਹੀਂ,ਬਲਕਿ ਅਮਲੀ ਹਕੀਕਤ ਵਿਚ ਦੁਨੀਆ ਦਾ ਮੋਹਰੀ ਸੂਬਾ ਬਣਾ ਕੇ ਦਿਖਾਉਣਗੇ।
ਉਨ੍ਹਾਂਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਵਾਰ ਵਾਰ ਪੈਰੋਲ ਦਿੱਤੇ ਜਾਣ ਦੇ ਫੈਸਲੇ ਖਿਲਾਫ਼ ਸਿੱਖ ਪੰਥ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਦੋਹਰੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਕੌਮ,ਪੰਜਾਬ ਅਤੇ ਸਿੱਖੀ ਦੀ ਅਣਖ ਖ਼ਾਤਰ ਆਪਣੀਆਂ ਜਵਾਨੀਆਂ ਲੇਖੇ ਲਾਉਣ ਵਾਲੇ ਬੰਦੀ ਸਿੰਘਾਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤੁਲਨਾ ਡੇਰਾ ਮੁਖੀ ਨਾਲ ਕਰਨੀ ਗਲਤ ਹੈ।ਉਨ੍ਹਾਂ ਦੋਸ਼ ਲਾਇਆ ਕਿ ਬਲਾਤਕਾਰ ਤੇ ਕਤਲ ਵਰਗੇ ਸੰਗੀਨ ਜੁਰਮਾਂ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਲਈ ਜੇਲ੍ਹ ਮੈਨੂਅਲ ਵਿਚ ਵੀ ਮਨਮਰਜ਼ੀ ਦੇ ਬਦਲਾਅ ਕੀਤੇ ਗਏ ਹਨ,ਜੋ ਲੋਕਤੰਤਰ ਅਤੇ ਸੰਵਿਧਾਨ ਉੱਤੇ ਇੱਕ ਵੱਡਾ ਧੱਬਾ ਹੈ।ਜਥੇਦਾਰ ਜਗਤਾਰ ਸਿੰਘ ਹਵਾਰਾ ਬਾਰੇ ਗੱਲ ਕਰਦਿਆਂ ਉਨ੍ਹਾਂਨੇ ਕਿਹਾ ਕਿ ਉਨ੍ਹਾਂ ਦੀ 83 ਸਾਲਾ ਬਜ਼ੁਰਗ ਅਤੇ ਬਿਮਾਰ ਮਾਤਾ ਆਖਰੀ ਸਾਹਾਂ ਤੇ ਹੈ।ਸੀਬੀਆਈ ਤੇ ਹੋਰ ਖੂਫੀਆ ਏਜੰਸੀਆਂ ਵੱਲੋਂ ਭਾਈ ਹਵਾਰਾ ਦੀ ਰਿਹਾਈ ਨਾਲ ਪੰਜਾਬ ਦੇ ਮਾਹੌਲ ਨੂੰ ਖਤਰਾ ਦੱਸਣ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਧਾਲੀਵਾਲ ਨੇ ਸਵਾਲ ਚੁੱਕਿਆ ਕਿ ਇਸੇ ਕੇਸ ਵਿਚ ਸ਼ਰਤੀਆ ਜ਼ਮਾਨਤ ਤੇ ਬਾਹਰ ਆਏ ਭਾਈ ਸ਼ਮਸ਼ੇਰ ਸਿੰਘ,ਭਾਈ ਲਖਵਿੰਦਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਨੇ ਅੱਜ ਤੱਕ ਕਦੇ ਕੋਈ ਕਾਨੂੰਨ ਨਹੀਂ ਤੋੜਿਆ।ਉਨ੍ਹਾਂ ਸਮੂਹ ਇਨਸਾਫ਼ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਲੋਕਾਂ ਨੂੰ ਇਸ ਵਿਤਕਰੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।ਧਾਲੀਵਾਲ ਨੇ ਮੰਗ ਕੀਤੀ ਸਿੱਖ ਕੌਮ ਦੇ ਜ਼ਖ਼ਮਾਂ ਤੇ ਮੱਲਮ ਲਾਉਣ ਲਈ ਸਜ਼ਾ ਭੁਗਤ ਚੁੱਕੇ ਸਿੱਖ ਨਜ਼ਰਬੰਦ ਨੂੰ ਰਿਹਾ ਕੀਤਾ ਜਾਵੇ ਅਤੇ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਆਪਣੀ ਮਾਤਾ ਜੀ ਜੋ ਗੰਭੀਰ ਹਾਲਤ ਵਿਚ ਹਨ ਨੂੰ ਮਿਲਣ ਲਈ ਤੁਰੰਤ ਲੰਬੀ ਪਰੋਲ ਦਿੱਤੀ ਜਾਵੇ।
Posted By: Gaurav Maria