Nazrana Times

ਪੰਜਾਬੀ

ਸਾਵਣਿ ਆਇਆ ਹੈ,, ਵੱਜ ਉਠੀਆਂ ਸ਼ਹਿਨਾਈਆਂ, ਸਾਵਣਿ ਆਇਆ ਹੈ। ਬੱਦਲਾਂ ਝੜੀਆਂ ਲਾਈਆਂ , ਸਾਵਣਿ ਆਇਆ ਹੈ।

22 Jul, 2026 08:53 PM

ਸਾਵਣਿ ਆਇਆ ਹੈ,,
 

ਵੱਜ ਉਠੀਆਂ ਸ਼ਹਿਨਾਈਆਂ, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ , ਸਾਵਣਿ ਆਇਆ ਹੈ।
 
1.ਕਰਕੇ ਵਕ਼ਤ ਵਰ੍ਹੇ ਦਾ ਪੂਰਾ,ਜਦ ਆ ਕੱਢਦਾ ਗੇੜੇ।
 ਧਰਤੀ ਦੀ ਰੂਹ ਮਹਿਕਾਂ ਭਰਕੇ, ਵੰਡਦਾ ਖੁਸ਼ੀਆਂ ਖੇੜੇ।
 ਭਰਦੀ ਰੁੱਤ ਅੰਗੜਾਈਆਂ ,, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ,,,,,,,, ।

2. ਜੇਠ ਹਾੜ ਦੀ ਝੰਬੀ ਧਰਤੀ , ਮਾਰੂਥਲ ਜਿਂਉ ਹੋਈ।
 ਪਹਿਲੇ ਮੀਂਹ ਨਾਲ ਭਰ ਗਈ ਬਾਗੀਂ,ਕਣ ਕਣ ਵਿੱਚ ਖ਼ੁਸ਼ਬੋਈ।
 ਕਲੀਆਂ ਨੇ ਮਹਿਕਾਈਆਂ,, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ,,,,, ।।।।।।

3. ਵਣ ਤ੍ਰਿਣ,ਜੰਗਲ, ਜੂਹਾਂ ਦੇ ਵਿੱਚ,ਮੁੜ ਆਈ ਹਰਿਆਲੀ।
 ਫੁੱਲਾਂ ਦੇ ਮੂੰਹ ਧੋਤੇ ਕਣੀਆਂ, ਚੜੀ ਹੁਸਨ ਦੀ ਲਾਲੀ।
 ਮੋਰਾਂ ਪੈਲਾਂ ਪਾਈਆਂ,, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ,,, ।।।

4. ਪੁਸ਼ਪ ਪੁਰੇ ਵਿੱਚ ਕੋਇਲ ਕੂਕਦੀ, ਕਿਤੇ ਬੰਬੀਹੇ ਬੋਲਣ।
 ਕਿਧਰੇ ਹੀਰ ਦਾ ਕਿੱਸਾ ਪੜ੍ਹਦੇ,ਚੋਬਰ ਪਰ ਪਏ ਤੋਲਣ।
 ਲੂੰ ਲੂੰ ਮੱਚਣ ਦੁਹਾਈਆਂ,, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ,,,,,,।।।

5. ਹੁਸਨਾਂ ਦੇ ਨਾਲ ਭਰੀ ਜਵਾਨੀ,ਜਾ ਇਸ਼ਕੇ ਨਾਲ਼ ਭਿੜਦੀ।
 ਸੱਜ ਵਿਆਹੀਆਂ ਮੁੜੀਆਂ ਪੇਕੇ, ਗੱਲ ਗਿਧਿਆਂ ਦੀ ਛਿੜਦੀ।
 ਪਿੱਪਲੀਂ ਪੀਂਘਾਂ ਪਾਈਆਂ,, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ,,,।

6. ਰੁੱਖਾਂ ਬਾਰੇ ਸ਼ਿਵ ਨੇ ਲਿਖਿਆ, ਸਕੀਆਂ ਮਾਵਾਂ ਵਰਗੇ।
 ਖ਼ੁਦ ਦੁੱਖ ਝੱਲ ਕੇ ,ਸੁੱਖ ਦੇਂਦੇ ਨੇ,ਸਕੇ ਭਰਾਵਾਂ ਵਰਗੇ।
 ਰੁੱਖਾਂ ਬਾਝ ਜੂਹਾਂ ਕਮਲਾਈਆਂ,, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ,,,,।

7. ਦਿਲ ਦਾ ਮਹਿਰਮ ਵਿੱਚ ਪ੍ਰਦੇਸਾਂ,
 ਕਿਤ ਬਿਧ ਚੈਨ ਸੁਹਾਵੇ।
 "ਭਾਗੋਵਾਲੀਆ" ਬਿਰਹੋਂ ਕੁੱਠੀ,
 ਜਿੰਦ ਪਈ ਤਰਲੇ ਪਾਵੇ ।
 ਮੁੜ ਆ ਘਰ ਨੂੰ ਸਾਈਆਂ, ਸਾਵਣਿ ਆਇਆ ਹੈ।
 ਬੱਦਲਾਂ ਝੜੀਆਂ ਲਾਈਆਂ, ਸਾਵਣਿ ਆਇਆ ਹੈ।

ਕਵੀਸ਼ਰ ਗਿਆਨੀ ਜੋਗਾ ਸਿੰਘ ਭਾਗੋਵਾਲੀਆ। 98760/58925/98725/8461।

Posted By: GURBHEJ SINGH ANANDPURI

Latest News