Nazrana Times

ਪੰਜਾਬੀ

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ 'ਚ 'ਊੜਾ ਤੇ ਜੂੜਾ ਬਚਾਈਏ' ਤਹਿਤ ਕਰਵਾਇਆ ਵਿਲੱਖਣ ਸਮਾਗਮ

17 Aug, 2026 03:10 AM

ਊੜਾ ਤੇ ਜੂੜਾ ਬਚਾਉਣਾ ਸਮੇਂ ਦੀ ਮੁੱਖ ਲੋੜ’: ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਖਹਿਰਾ

ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਬੱਚਿਆਂ ਦੀਆਂ ਮੀਢੀਆਂ ਗੁੰਦ ਕੇ ਜੂੜਾ ਕਰਨ ਦੇ ਮੁਕਾਬਲੇ ਵਿੱਚ ਉਤਸ਼ਾਹ ਨਾਲ ਲਿਆ ਭਾਗ

ਸੁੰਦਰ ਲਿਖਾਈ ਦੇ ਵੀ ਕਰਵਾਏ ਮੁਕਾਬਲੇ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,16 ਅਗਸਤ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ‘ਊੜਾ ਤੇ ਜੂੜਾ ਬਚਾਈਏ’ ਮੁਹਿੰਮ ਤਹਿਤ ਵਿਲੱਖਣ ਸਮਾਗਮ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਬੱਚਿਆਂ ਦੀਆਂ ਮੀਢੀਆਂ ਗੁੰਦ ਕੇ ਜੂੜੇ ਕੀਤੇ ਅਤੇ ਪਟਕੇ ਬੰਨ੍ਹ ਕੇ ਮੁਕਾਬਲੇ ਵਿੱਚ ਉਤਸ਼ਾਹ ਨਾਲ ਭਾਗ ਲਿਆ।ਸਕੂਲ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਖਹਿਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ‘ਊੜਾ ਤੇ ਜੂੜਾ’ ਬਚਾਉਣਾ ਇੱਕ ਵੱਡੀ ਚੁਣੌਤੀ ਹੈ।ਊੜਾ ਸਿਰਫ਼ ਪੰਜਾਬੀ ਵਰਣਮਾਲਾ ਦਾ ਪਹਿਲਾ ਅੱਖਰ ਨਹੀਂ,ਸਗੋਂ ਇਹ ਸਾਡੀ ਮਾਂ-ਬੋਲੀ, ਗੁਰਮੁਖੀ ਲਿਪੀ ਅਤੇ ਆਪਣੀ ਭਾਸ਼ਾ ਨਾਲ ਜੁੜੀ ਪਹਿਚਾਣ ਦਾ ਪ੍ਰਤੀਕ ਹੈ।ਬੱਚਿਆਂ ਨੂੰ ਪੰਜਾਬੀ ਪੜ੍ਹਨ-ਲਿਖਣ ਅਤੇ ਗੁਰਮੁਖੀ ਨਾਲ ਜੋੜਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਜੇ ਅਸੀਂ ਆਪਣੀ ਮਾਂ-ਬੋਲੀ ਅਤੇ ਗੁਰਮੁਖੀ ਲਿਪੀ ਨੂੰ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ ਤਾਂ ਹੀ ‘ਊੜਾ’ ਸੁਰੱਖਿਅਤ ਰਹੇਗਾ।

ਇਸੇ ਤਰ੍ਹਾਂ ਜੂੜਾ ਸਾਡੀ ਸਿੱਖ ਵਿਰਾਸਤ ਅਤੇ ਪਹਿਚਾਣ ਦਾ ਅਹਿਮ ਹਿੱਸਾ ਹੈ।ਇਸ ਲਈ ਸਾਰੇ ਵਿਦਿਅਕ ਅਦਾਰਿਆਂ ਨੂੰ ‘ਊੜਾ ਤੇ ਜੂੜਾ’ ਦੋਵੇਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਕਰਵਾਏ ਗਏ ਮੁਕਾਬਲੇ ਵਿੱਚ ਜੈਸਮੀਨ ਕੌਰ ਅਤੇ ਜਾਨਵੀਰ ਕੌਰ ਨੇ ਬਰਾਬਰ ਅੰਕ ਹਾਸਲ ਕਰਕੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸੁਖਮਨਪ੍ਰੀਤ ਕੌਰ ਨੇ ਦੂਜਾ ਅਤੇ ਜ਼ਸ਼ਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।


ਸਮਾਗਮ ਦਾ ਮੁੱਖ ਆਕਰਸ਼ਣ ‘ਜੂੜਾ ਗੁੰਦਣਾ’ ਮੁਕਾਬਲਾ ਰਿਹਾ।ਜਿਸ ਵਿੱਚ ਸ੍ਰੀਮਤੀ ਰੂਪ ਰਾਣੀ ਅਤੇ ਹਰਪ੍ਰੀਤ ਕੌਰ ਨੇ ਸਿਰਫ਼ ਦੋ ਮਿੰਟ ਵਿੱਚ ਮੀਢੀ ਕਰਕੇ ਜੂੜਾ ਗੁੰਦਣ ਅਤੇ ਪਟਕਾ ਬੰਨ੍ਹਣ ਦਾ ਕਾਰਜ ਪੂਰਾ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਮਾਤਾਵਾਂ ਨੂੰ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਸੰਸਥਾ ਦੇ ਪ੍ਰਧਾਨ ਰਵੀ ਇੰਦਰ ਸਿੰਘ ਗਿੱਲ, ਚੇਅਰ ਸੈਕਟਰੀ ਮੈਡਮ ਹਰਜੀਤ ਕੌਰ,ਮੈਨੇਜਮੈਂਟ ਕਮੇਟੀ ਮੈਂਬਰ ਅਤੇ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ, ਮੈਡਮ ਨਵਨੀਤ ਕੌਰ,ਨਵਪ੍ਰੀਤ ਕੌਰ,ਜ਼ਸ਼ਨਪ੍ਰੀਤ ਕੌਰ ਅਤੇ ਅਕਾਸ਼ਦੀਪ ਕੌਰ ਹਾਜ਼ਰ ਸਨ।

Posted By: GURBHEJ SINGH ANANDPURI

Latest News