Nazrana Times

ਪੰਜਾਬੀ

ਮਾਨਸਾ 'ਚ ਸ. ਪਰਵਿੰਦਰ ਸਿੰਘ ਨੂੰ ਲੱਗੀ ਗੋਲੀ ਹਰ ਉਸ ਪੰਜਾਬੀ ਨੂੰ ਲੱਗੀ, ਜੋ ਪੰਜਾਬ ’ਚ ਨਸ਼ੇ ਦਾ ਵਿਰੋਧ ਕਰਦਾ; ਪੰਜਾਬ ਅੰਦਰ ਨਸ਼ਾ ਜੜੋਂ ਖਤਮ ਹੋਣਾ ਚਾਹੀਦਾ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

13 Oct, 2026 05:47 PM

ਸ੍ਰੀ ਅੰਮ੍ਰਿਤਸਰ, 13 ਅਕਤੂਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਨਸਾ ਵਿਖੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਕਤਲ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਪੰਥ ਅਤੇ ਪੰਜਾਬ ਲਈ ਬਹੁਤ ਵੱਡਾ ਘਾਟਾ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮਯਾਬੀ ਵਜੋਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਤੋਂ ਸ਼ੁਰੂ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦੌਰਾਨ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਨੌਜਵਾਨ, ਪੀੜਤ ਮਾਵਾਂ ਤੇ ਪਰਿਵਾਰ ਉਨ੍ਹਾਂ ਨੂੰ ਮਿਲੇ ਜਿਨ੍ਹਾਂ ਨੇ ਜ਼ਮੀਨੀ ਪੱਧਰ ਉੱਤੇ ਨਸ਼ਿਆਂ ਦੀ ਬਹੁਤ ਵੱਡੀ ਮਾਰ ਦੀ ਸਮੱਸਿਆ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਨਸ਼ਿਆਂ ਦੀ ਲੜੀ ਪੰਜਾਬ ਅੰਦਰ ਬਹੁਤ ਜ਼ਿਆਦਾ ਮਜ਼ਬੂਤ ਹੈ, ਨਸ਼ੇ ਹੋਮ ਡਲੀਵਰੀ ਰਾਹੀਂ ਅਸਾਨੀ ਨਾਲ ਮਿਲ ਰਹੇ ਹਨ ਅਤੇ ਇਹ ਲੜੀ ਮੈਡੀਕਲ ਦੁਕਾਨਾਂ ਰਾਹੀਂ ਵੀ ਵੱਡੇ ਪੱਧਰ ਉੱਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਇਹ ਲੜੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਹੈ ਕਿ ਅੱਜ ਫਿਰ ਪੰਥ ਅਤੇ ਪੰਜਾਬ ਦਾ ਪੁੱਤਰ ਸ. ਪਰਵਿੰਦਰ ਸਿੰਘ ਨਸ਼ਾ ਤਸਕਰਾਂ ਦਾ ਵਿਰੋਧ ਕਰਦਿਆਂ ਆਪਣੇ ਮਾਪਿਆਂ, ਬੱਚਿਆਂ ਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਅੰਦਰ ਨਸ਼ਿਆਂ ਦੀ ਵੱਡੀ ਸਮੱਸਿਆ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਹੌਂਸਲੇ ਇਤਨੇ ਬੁਲੰਦ ਹਨ ਕਿ ਉਹ ਸ਼ਰੇਆਮ ਵੀ ਕਤਲ ਕਰ ਰਹੇ ਹਨ ਤੇ ਨਸ਼ਾ ਵੀ ਵੇਚ ਰਹੇ ਹਨ ਜਦਕਿ ਸਰਕਾਰਾਂ ਸੁੱਤੀਆਂ ਪਈਆਂ ਹਨ। ਇਹ ਨਸ਼ਾ ਤਸਕਰ ਨਸ਼ੀਲੀ ਗੋਲੀਆਂ ਨਾਲ ਤਾਂ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਹੀ ਰਹੇ ਹਨ ਪਰ ਹੁਣ ਇਹ ਸਿੱਧਾ ਗੋਲੀਆਂ ਮਾਰ ਕੇ ਵੀ ਜਵਾਨਾਂ ਨੂੰ ਕਤਲ ਕਰਨ ਲੱਗੇ ਹਨ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਸੁਣ ਕੇ ਬਹੁਤ ਦੁੱਖ ਲੱਗਾ ਜੋ ਇਹ ਕਹਿ ਰਹੇ ਹਨ ਕਿ ਸ. ਪਰਵਿੰਦਰ ਸਿੰਘ ਦੀ ਕਾਤਲ ਨਾਲ ਨਿੱਜੀ ਲੜਾਈ ਸੀ, ਜਿਸ ਕਰਕੇ ਉਹ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਨਿੱਜੀ ਲੜਾਈ ਕੀ ਸੀ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਰੋਕਣਾ ਅਤੇ ਨਸ਼ੇ ਨੂੰ ਵੇਚਣ ਵਾਲੇ ਦਾ ਵਿਰੋਧ ਕਰਨਾ ਨਿੱਜੀ ਲੜਾਈ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੇ ਦਾਅਵੇ ਕਰਦੀ ਹੈ ਜਦਕਿ ਜ਼ਮੀਨੀ ਸਚਾਈ ਸਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੁੱਤ ਦੋ ਤਰੀਕਿਆਂ ਨਾਲ ਮਾਰੇ ਜਾ ਰਹੇ ਹਨ – ਇੱਕ ਨਸ਼ਿਆਂ ਦੀ ਓਵਰਡੋਜ਼ ਨਾਲ ਅਤੇ ਦੂਜਾ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਵੀ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗੱਗੂ ਬੂਆ ਅੰਦਰ ਇੱਕ ਸਿੱਖ ਨੌਜਵਾਨ ਜੋ ਨਸ਼ਿਆਂ ਦਾ ਵਿਰੋਧ ਕਰਦਾ ਸੀ, ਉਸਨੂੰ ਵੀ ਇਸੇ ਤਰ੍ਹਾਂ ਦਿਨ ਦਿਹਾੜੇ ਇੱਕ ਨਸ਼ਾ ਤਸਕਰ ਵੱਲੋਂ ਮਾਰਿਆ ਗਿਆ ਸੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਜੋ ਵਿਉਂਤਬੰਦੀ ਕੀਤੀ ਜਾ ਰਹੀ ਹੈ, ਇਹ ਘਟਨਾ ਉਸੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਪਿੱਛੇ ਹੋਰ ਜੋ ਵੀ ਲੁਕਵੇਂ ਬੰਦੇ ਸ਼ਾਮਲ ਹਨ ਉਹ ਵੀ ਸਾਹਮਣੇ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲੜੀ ਟੁੱਟਣੀ ਚਾਹੀਦੀ ਹੈ ਪਰੰਤੂ ਸਰਕਾਰਾਂ ਇਸ ਵਿੱਚ ਪੂਰੀ ਤਰ੍ਹਾਂ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦਾ ਵਿਰੋਧ ਕਰਨ ਵਾਲੇ ਨੌਜਵਾਨ ਨੂੰ ਇਸ ਤਰ੍ਹਾਂ ਕਤਲ ਕਰਨਾ ਪੰਜਾਬ ਲਈ ਬਹੁਤ ਵੱਡਾ ਘਾਟਾ ਹੈ ਅਤੇ ਜੋ ਅਵਾਜ਼ਾਂ ਨਸ਼ੇ ਦੀ ਸਮੱਸਿਆ ਨੂੰ ਹੌਂਸਲੇ ਨਾਲ ਉਠਾ ਰਹੀਆਂ ਹਨ ਉਨ੍ਹਾਂ ਨੂੰ ਰੋਕਣਾ ਬਹੁਤ ਮੰਦਭਾਗਾ ਹੈ।

ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਸ. ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨਾਲ ਜਾ ਕੇ ਪਰਿਵਾਰ ਨੂੰ ਮਿਲਣਗੇ ਅਤੇ ਭਰੋਸਾ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਸੋਹਣਾ ਤੇ ਸਿਹਤਮੰਦ ਬਣਾਈਏ ਅਤੇ ਨਸ਼ਾ ਵੇਚਣ ਵਾਲੇ ਦਾ ਪੁਰਜ਼ੋਰ ਵਿਰੋਧ ਕਰੀਏ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪਰਿਵਾਰ ਨਸ਼ੇ ਦਾ ਵਿਰੋਧ ਕਰਦੇ ਪੀੜਤ ਹੋਏ ਹਨ ਉਨ੍ਹਾਂ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।

Posted By: GURBHEJ SINGH ANANDPURI

Latest News