ਸਕੂਲ ਬੱਸ ਹੇਠਾਂ ਆਉਣ ਕਾਰਨ 3 ਸਾਲਾ ਮਾਸੂਮ ਬੱਚੇ ਦੀ ਦੁਖਦਾਈ ਮੌਤ
ਸਾਹਨੇਵਾਲ, 15 ਜੁਲਾਈ (ਸਤਵਿੰਦਰ ਸਿੰਘ): ਪਿੰਡ ਸਾਲੂ ਭੈਣੀ ( ਸਾਹਨੇਵਾਲ), ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਬਹੁਤ ਹੀ ਦੁਖਦਾਈ ਹਾਦਸੇ ਵਿੱਚ 3 ਸਾਲਾ ਮਾਸੂਮ ਬੱਚੇ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਮਾਤਾ ਆਪਣੀ ਵੱਡੀ ਬੇਟੀ ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰੋਂ ਬੱਸ ਸਟਾਪ 'ਤੇ ਗਈ ਸੀ। ਇਸ ਦੌਰਾਨ 3 ਸਾਲਾ ਪੁੱਤਰ ਵੀ ਉਸ ਦੇ ਨਾਲ ਸੀ। ਜਿਵੇਂ ਹੀ ਬੇਟੀ ਨੂੰ ਬੱਸ ਵਿੱਚ ਚੜ੍ਹਾ ਕੇ ਮਾਤਾ ਬੱਸ ਦੇ ਅੱਗੇ ਤੋਂ ਲੰਘਣ ਲੱਗੀ, ਉਸੇ ਸਮੇਂ ਬੱਸ ਡਰਾਈਵਰ ਨੇ ਅਚਾਨਕ ਬੱਸ ਚਲਾ ਦਿੱਤੀ। ਇਸ ਦੌਰਾਨ ਮਾਸੂਮ ਬੱਚਾ ਬੱਸ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਤਫ਼ਤੀਸ਼ ਜਾਰੀ ਹੈ।
Posted By: GURBHEJ SINGH ANANDPURI