Nazrana Times

ਪੰਜਾਬੀ

ਤਰਨ ਤਾਰਨ ਵਿੱਚ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਡਰੱਗ ਮਨੀ ਸਮੇਤ ਸਬ-ਇੰਸਪੈਕਟਰ ਤੇ ਮਹਿਲਾ ਸਾਥੀ ਕਾਬੂ

09 Jul, 2026 06:20 PM

ਗ੍ਰਿਫ਼ਤਾਰ ਪੁਲਿਸ ਅਧਿਕਾਰੀ ਥਾਣਾ ਖਾਲੜਾ ਵਿਖੇ ਜਾਂਚ ਅਧਿਕਾਰੀ (ਆਈਓ) ਵਜੋਂ ਸੀ ਤਾਇਨਾਤ: ਐਸਐਸਪੀ ਸੁਰੇਂਦਰ ਲਾਂਬਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,9 ਜੁਲਾਈ 

ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ਾ ਤਸਕਰੀ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਸ਼ਮੂਲੀਅਤ ਪਾਏ ਜਾਣ ‘ਤੇ ਉਨ੍ਹਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਉਂਦਿਆਂ ਤਰਨ ਤਾਰਨ ਵਿਖੇ ਤਾਇਨਾਤ ਸਬ-ਇੰਸਪੈਕਟਰ ਅਤੇ ਉਸ ਦੀ ਮਹਿਲਾ ਸਾਥੀ ਨੂੰ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਤਰਨ ਤਾਰਨ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗ੍ਰਿਫ਼ਤਾਰ ਪੁਲਿਸ ਮੁਲਾਜ਼ਮ ਦੀ ਪਛਾਣ ਸਬ-ਇੰਸਪੈਕਟਰ ਸਾਹਿਬ ਸਿੰਘ, ਵਾਸੀ ਪਿੰਡ ਮੱਜੂਪੁਰ, ਤਰਨ ਤਾਰਨ ਵਜੋਂ ਹੋਈ ਹੈ, ਜੋ ਇਸ ਸਮੇਂ ਥਾਣਾ ਖਾਲੜਾ ਵਿਖੇ ਜਾਂਚ ਅਧਿਕਾਰੀ (ਆਈਓ) ਵਜੋਂ ਤਾਇਨਾਤ ਸੀ। ਗ੍ਰਿਫ਼ਤਾਰ ਮਹਿਲਾ ਦੀ ਪਛਾਣ ਕਿੰਦਰ ਕੌਰ, ਵਾਸੀ ਪਿੰਡ ਮਾਰੀ ਉਧੋਕੇ ਵਜੋਂ ਹੋਈ ਹੈ ਅਤੇ ਮੌਜੂਦਾ ਸਮੇਂ ਉਹ ਬਾਬਾ ਜੱਲਣ ਕਾਲੋਨੀ, ਝਬਾਲ, ਤਰਨ ਤਾਰਨ ਵਿਖੇ ਰਹਿ ਰਹੀ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਹੁੰਡਈ ਆਈ-20 ਕਾਰ (ਪੀਬੀ-02-ਸੀਟੀ-8126), ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ, ਵੀ ਜ਼ਬਤ ਕਰ ਲਈ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਐੱਸਐੱਚਓ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬਾਬਾ ਜੱਲਣ ਕਾਲੋਨੀ, ਝਬਾਲ ਇਲਾਕੇ ਵਿਖੇ ਨਾਕਾਬੰਦੀ ਦੌਰਾਨ ਉਕਤ ਕਾਰ ਨੂੰ ਰੋਕਿਆ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਸਵਾਰ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦੀ ਪਛਾਣ ਐਸਆਈ ਸਾਹਿਬ ਸਿੰਘ ਅਤੇ ਕਿੰਦਰ ਕੌਰ ਵਜੋਂ ਹੋਈ ਹੈ।
ਐੱਸਐੱਸਪੀ ਨੇ ਅੱਗੇ ਦੱਸਿਆ ਕਿ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐੱਸਪੀ) ਸੁਖਬੀਰ ਸਿੰਘ ਦੀ ਮੌਜੂਦਗੀ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਸਬ-ਇੰਸਪੈਕਟਰ ਸਾਹਿਬ ਸਿੰਘ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਕਿੰਦਰ ਕੌਰ ਦੇ ਪਰਸ ਵਿੱਚੋਂ 1.27 ਲੱਖ ਰੁਪਏ ਡਰੱਗ ਮਨੀ ਮਿਲੀ। ਪੁਲਿਸ ਵੱਲੋਂ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਝਬਾਲ, ਤਰਨ ਤਾਰਨ ਵਿਖੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21-ਸੀ, 27-ਏ ਅਤੇ 29 ਤਹਿਤ ਐੱਫਆਈਆਰ ਨੰਬਰ 117/26 ਦਰਜ ਕੀਤੀ ਗਈ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Posted By: GURBHEJ SINGH ANANDPURI

Latest News