Nazrana Times

ਪੰਜਾਬੀ

ਬਹਿਰੀਨ ਵਾਲੀ ਔਰਤ ਮਾਮਲੇ 'ਚ ਆਪਣੇ ਧੜੇ ਦਾ ਪੱਖ ਪੂਰਨ ਵਾਲੇ ਧਾਮੀ ਅਸਤੀਫ਼ਾ ਦੇਣ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

07 Oct, 2026 07:15 PM

ਅੰਮ੍ਰਿਤਸਰ, 7 ਅਕਤੂਬਰ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਬਹਿਰੀਨ ਵਾਲੀ ਔਰਤ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰੈੱਸ ਕਾਨਫਰੰਸ ਨੂੰ ਜਵਾਬਦੇਹੀ ਤੋਂ ਭੱਜਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਕਿ ਧਾਮੀ ਗੁਰੂ ਘਰ ਦੀ ਮਰਿਆਦਾ ਦੀ ਪਹਿਰੇਦਾਰੀ ਕਰਨ ਦੀ ਥਾਂ ਆਪਣੇ ਧੜੇ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ, “ਪੰਦਰਾਂ ਦਿਨ ਜਾਂਚ ਕਰਕੇ ਵੀ ਜੇ ਜ਼ਿੰਮੇਵਾਰੀ ਤੈਅ ਨਹੀਂ ਹੋਈ ਤਾਂ ਸੰਗਤ ਤੁਹਾਡੀ ਜਾਂਚ ਦਾ ਕੀ ਕਰੇ ? ਖੋਦਿਆ ਪਹਾੜ, ਨਿਕਲਿਆ ਚੂਹਾ! ਧਾਮੀ ਸਾਬ੍ਹ, ਸੰਗਤ ਨੇ ਤੁਹਾਨੂੰ ਗੁਰੂ ਘਰ ਦਾ ਪ੍ਰਬੰਧ ਸੰਭਾਲਣ ਲਈ ਬਿਠਾਇਆ ਹੈ, ਬਾਦਲ ਦਲ ਦੀ ਢਾਲ ਬਣਨ ਲਈ ਨਹੀਂ।" ਭਾਈ ਰਣਜੀਤ ਸਿੰਘ ਨੇ ਕਿਹਾ ਕਿ ਔਰਤ ਦੇ ਸਰਾਵਾਂ ਵਿੱਚ ਠਹਿਰਨ, ਉਸ ਨੂੰ ਕਮਰੇ ਦਿਵਾਉਣ, ਇੱਕ ਲੱਖ ਰੁਪਏ ਦੇਣ, ਸਰਾਵਾਂ ਵਿੱਚ ਕੁਕਰਮ ਕਰਨ ਅਤੇ ਵੀ.ਆਈ.ਪੀ. ਸਹੂਲਤਾਂ ਦੇਣ ਵਾਲਿਆਂ ਬਾਰੇ ਸਪਸ਼ਟ ਜਵਾਬ ਦਿੱਤੇ ਜਾਣ, ਨਾ ਕਿ ਗੋਲ-ਮੋਲ ਬਹਾਨੇ ਘੜ ਕੇ। ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਦੀ ਕਥਿਤ ਭੂਮਿਕਾ ਦੀ ਨਿਰਪੱਖ ਜਾਂਚ ਹੋਵੇ ਅਤੇ ਪੂਰੀ ਰਿਪੋਰਟ ਸੰਗਤ ਅੱਗੇ ਰੱਖੀ ਜਾਵੇ। ਉਹਨਾਂ ਕਿਹਾ, “ਹਰ ਸਵਾਲ ਨੂੰ ਸਾਜ਼ਿਸ਼ ਆਖ ਕੇ ਆਪਣੀ ਕੁਰਸੀ ਨਹੀਂ ਬਚਾਈ ਜਾ ਸਕਦੀ। ਸ਼੍ਰੋਮਣੀ ਕਮੇਟੀ ਦੀ ਸਾਖ਼ ਸਵਾਲ ਪੁੱਛਣ ਵਾਲੇ ਨਹੀਂ, ਜਵਾਬ ਦੇਣ ਤੋਂ ਭੱਜਣ ਵਾਲੇ ਡੇਗਦੇ ਹਨ। ਗੁਰੂ ਘਰ ਦੀ ਮਰਿਆਦਾ ਵੱਡੀ ਹੈ ਜਾਂ ਤੁਹਾਡੇ ਧੜੇ ਦੇ ਬੰਦੇ ?” ਭਾਈ ਰਣਜੀਤ ਸਿੰਘ ਨੇ ਕਿਹਾ ਕਿ ਧਾਮੀ ਇਸ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਕੇ ਅਸਤੀਫ਼ਾ ਦੇਣ। “ਗੁਰੂ ਦੀ ਗੋਲਕ ਪੰਥ ਦੀ ਅਮਾਨਤ ਹੈ, ਬਾਦਲਾਂ ਦੀ ਜਾਗੀਰ ਨਹੀਂ। ਗੁਰਦੁਆਰਿਆਂ ਦੇ ਪ੍ਰਬੰਧ ਦੀ ਜੇ ਤੁਸੀਂ ਪਹਿਰੇਦਾਰੀ ਨਹੀਂ ਕਰ ਸਕਦੇ ਤਾਂ ਕੁਰਸੀ ਛੱਡੋ। ਸੰਗਤ ਨੂੰ ਬਹਾਨੇ ਨਹੀਂ, ਸੱਚ ਅਤੇ ਕਾਰਵਾਈ ਚਾਹੀਦੀ ਹੈ।”

Posted By: GURBHEJ SINGH ANANDPURI

Latest News