Nazrana Times

ਪੰਜਾਬੀ

ਅਖੇ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ...

25 Apr, 2026 11:10 PM

ਅਖੇ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ... 

ਭਾਰਤ ਦੀ ਰਾਜ ਸੱਤਾ 'ਤੇ ਕਾਬਜ ਭਾਜਪਾ ਲਗਾਤਾਰ ਸਿੱਖਾਂ ਤੇ ਹੋਰ ਘੱਟ-ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਬੀਤੇ ਕੱਲ੍ਹ ਇੱਕ ਚੈਨਲ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫ਼ੈਸਰ ਮਹਿੰਦਰਪਾਲ ਸਿੰਘ ਨਾਲ ਡਿਬੇਟ ਦੌਰਾਨ ਭਾਜਪਾ ਦੇ ਆਗੂ ਰਮਨ ਮਲਿਕ ਨੇ ਸ਼ਰੇਆਮ ਧਮਕੀ ਦਿੰਦਿਆਂ ਕਿਹਾ ਕਿ "ਅਸੀਂ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ।"
ਇਸ ਬਿਆਨ ਤੋਂ ਸਪਸ਼ਟ ਹੈ ਕਿ ਭਾਜਪਾ ਸਰਕਾਰ ਭਵਿੱਖ ਵਿੱਚ ਹੋਰ ਵੀ ਪੰਥਪ੍ਰਸਤ ਅਤੇ ਖ਼ਾਲਿਸਤਾਨੀ ਗੁਰਸਿੱਖਾਂ ਦਾ ਕਤਲ ਕਰਵਾਏਗੀ। ਭਾਜਪਾ ਵੱਲੋਂ ਇਹ ਕਤਲ ਭਾਰਤ ਦੀਆਂ ਖੁਫ਼ੀਆਂ ਏਜੰਸੀਆਂ, ਪੁਲਿਸ, ਗੈਂਗਸਟਰਾਂ ਅਤੇ ਭਾੜੇ ਦੇ ਟੱਟੂਆਂ ਰਾਹੀਂ ਕਰਵਾਇਆ ਜਾਏਗਾ। ਭਾਜਪਾ ਆਗੂਆਂ ਦੀ ਖ਼ੁਦ ਤਾਂ ਐਨੀ ਹਿੰਮਤ ਹੈ ਨਹੀਂ ਕਿ ਉਹ ਕਿਸੇ ਖ਼ਾਲਿਸਤਾਨੀ ਸਿੰਘ ਨਾਲ ਸਿੱਧੇ ਨਾਲ ਸਿੱਧਾ ਟੱਕਰ ਸਕੇ। ਇਹਨਾਂ ਨੇ ਤਾਂ ਚੋਰੀ-ਛੁਪੇ ਅਤੇ ਧੋਖੇ ਨਾਲ ਕਿਸੇ ਸਿੰਘ ਦੀ ਪਿੱਠ 'ਚ ਗੋਲ਼ੀਆਂ ਮਾਰਨੀਆਂ ਹਨ।
ਭਾਜਪਾਈਆਂ ਦੀ ਗੁੰਡਾਗਰਦੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਇਹ ਫ਼ਿਰਕੂ ਹਿੰਦੂਤਵੀਏ ਮੁਗ਼ਲ ਹਾਕਮਾਂ ਨਾਲੋਂ ਘੱਟ ਥੋੜੀ ਹਨ, ਇਹ ਵੀ ਮੁਗਲਾਂ ਦੀਆਂ ਹੀ ਔਲਾਦਾਂ ਹਨ ਜਿਹੜੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ ਰਹੇ ਸੀ ਤੇ ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ। ਓਦੋਂ ਵੀ ਇਹ ਜਨੂੰਨੀ ਅਤੇ ਅਕ੍ਰਿਤਘਣ ਹਿੰਦੂਵਾਦੀਏ ਚਾਹੇ ਉਹ ਚੰਦੂ, ਗੰਗੂ, ਨੰਦੂ ਤੇ ਪਹਾੜੀ ਰਾਜੇ ਹੋਣ ਅਤੇ ਚਾਹੇ ਲਖਪਤ ਰਾਏ, ਜਸਪਤ ਰਾਏ, ਹਰਬੰਸ ਲਾਲ ਖੰਨਾ, ਲਾਲਾ ਜਗਤ ਨਰਾਇਣ, ਇੰਦਰਾ ਗਾਂਧੀ ਅਤੇ ਜਨਰਲ ਵੈਦਿਆ ਹੋਵੇ ਇਹਨਾਂ ਸਭ ਨੇ ਸਿੱਖੀ ਨਾਲ ਵੈਰ ਕਮਾਇਆ ਹੈ।
ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਤਾਂ ਆਪਣੀ ਕਿਤਾਬ ਵਿੱਚ ਲਿਖ ਚੁੱਕਾ ਹੈ ਕਿ ਅਸੀਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ, ਫਿਰ ਇਹਨਾਂ ਨੇ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹੀਦੀ 'ਤੇ ਲੱਡੂ ਵੰਡੇ, ਭੰਗੜੇ ਪਾਏ ਤੇ ਖ਼ੁਸ਼ੀਆਂ ਮਨਾਈਆਂ। ਨਵੰਬਰ 1984 ਦੇ ਸਿੱਖ ਕਤਲੇਆਮ ਸਮੇਂ ਵੀ ਭਾਜਪਾ/ਆਰ.ਐਸ.ਐਸ. ਦੇ ਕਾਰਕੁੰਨ ਜੋ ਕਾਂਗਰਸੀ ਗੁੰਡਿਆਂ ਨਾਲ ਰਲ਼ ਕੇ ਦੇਸ਼ ਭਰ ਵਿੱਚ ਸਿੱਖਾਂ ਦਾ ਕਤਲੇਆਮ ਕਰਦੇ ਰਹੇ। ਬੇਦੋਸ਼ੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਸਮੇਂ ਵੀ ਇਹ ਭਾਜਪਾਈ ਆਗੂ ਹਮੇਸ਼ਾਂ ਪੁਲਿਸ ਅਤੇ ਸਰਕਾਰ ਨਾਲ ਖੜ੍ਹੇ ਰਹੇ।
ਬਹੁਤਾਂਤ ਸਿੱਖਾਂ ਨੂੰ ਇਹ ਭੁਲੇਖਾ ਸੀ ਕਿ ਸ਼ਾਇਦ ਇਕੱਲੀ ਕਾਂਗਰਸ ਹੀ ਸਿੱਖਾਂ ਦੀ ਦੁਸ਼ਮਣ ਹੈ ਪਰ ਭਾਜਪਾ ਨੇ ਸਿੱਖਾਂ ਦਾ ਲਹੂ ਵਹਾ ਕੇ ਭੁਲੇਖਾ ਕੱਢਣ ਦਾ ਹਰ ਯਤਨ ਕੀਤਾ ਪਰ ਅਜੇ ਵੀ ਕੁਝ ਰਾਸ਼ਟਰ ਭਗਤ, ਧਾਰਮਿਕ ਅਤੇ ਸਿਆਸੀ ਆਗੂ ਤੇ ਭੇਖੀ ਸਿੱਖ ਭਾਜਪਾ ਦੇ ਸੋਹਿਲੇ ਗਾਉਂਦੇ ਰਹਿੰਦੇ ਹਨ। ਭਾਜਪਾ ਨੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਹਰਮੀਤ ਸਿੰਘ ਪੀ.ਐਚ.ਡੀ. ਨੂੰ ਸ਼ਹੀਦ ਕਰਵਾਇਆ ਅਤੇ ਅਮਰੀਕਾ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਹਰਿਆਣਾ ਵਿੱਚ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਕਾਰ ਹਾਦਸੇ ਦੀ ਆੜ ਹੇਠ ਕਤਲ ਕੀਤਾ, ਕਿਸਾਨ ਮੋਰਚੇ ਸਮੇਂ ਵੀ ਕਈ ਜਾਨਾਂ ਲਈਆਂ।
ਧੁਰੰਦਰ ਫ਼ਿਲਮ ਰਾਹੀਂ ਵੀ ਭਾਜਪਾ ਨੇ ਇਕਬਾਲ ਕੀਤਾ ਕਿ ਉਸਨੇ ਕਈ ਸਿੱਖਾਂ ਤੇ ਮੁਸਲਮਾਨਾਂ ਨੂੰ ਮਾਰਿਆ ਹੈ। ਇਹਨਾਂ ਕਤਲਾਂ ਨੂੰ ਲੈ ਕੇ ਭਾਜਪਾ ਅਤੇ ਭਾਰਤ ਸਰਕਾਰ ਦੀ ਦੁਨੀਆਂ ਭਰ ਵਿੱਚ ਬਦਨਾਮੀ ਹੋਈ ਪਰ ਫਿਰ ਵੀ ਭਾਜਪਾ ਸਿੱਖਾਂ ਦਾ ਖ਼ੂਨ ਪੀਣ ਲਈ ਮੂੰਹ ਅੱਡੀ ਖੜ੍ਹੀ ਹੈ। ਭਾਜਪਾ ਨੇ ਖੁੱਲ੍ਹਮ-ਖੁੱਲ੍ਹਾ ਐਲਾਨ ਕਰ ਦਿੱਤਾ ਹੈ ਕਿ ਉਹ ਹੋਰ ਖ਼ਾਲਿਸਤਾਨੀਆਂ ਨੂੰ ਕਤਲ ਕਰੇਗੀ। ਇਸ ਨਾਲ ਭਾਜਪਾ/ਹਿੰਦੂ ਅੱਤਵਾਦ ਦਾ ਕਾਤਲ ਚਿਹਰਾ ਮੁੜ ਨੰਗਾ ਹੋਇਆ ਹੈ ਤੇ ਭਾਜਪਾਈਆਂ ਵੱਲੋਂ ਲੋਕਤੰਤਰ-ਜਮਹੂਰੀਅਤ ਦਾ ਵੀ ਕਤਲ ਕੀਤਾ ਜਾ ਰਿਹਾ ਹੈ।
ਸਾਡੇ ਗੁਰੂ ਸਾਹਿਬਾਨਾਂ ਨੇ ਜਿਨ੍ਹਾਂ ਦਾ ਮੱਥੇ ਦਾ ਤਿਲਕ ਬਚਾਇਆ ਉਹ ਹਿੰਦੂਤਵੀਏ ਹੁਣ ਰਾਜ ਦੇ ਨਸ਼ੇ ਵਿੱਚ ਸਾਡੇ ਮੱਥੇ ਉੱਤੇ ਗੋਲ਼ੀਆਂ ਮਾਰਨ ਨੂੰ ਫਿਰਦੇ ਹਨ, ਜਿਨ੍ਹਾਂ ਦਾ ਧਰਮ ਬਚਾਇਆ ਉਹ ਸਾਡੇ ਹੀ ਧਰਮ ਨੂੰ ਖ਼ਤਮ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੀ ਰਾਖੀ ਕੀਤੀ ਹੁਣ ਉਹ ਹੀ ਕਾਤਲ-ਗੁੰਡੇ ਬਣ ਕੇ ਆਪਣਾ ਅਸਲੀ ਕੋਝਾ ਚਿਹਰਾ ਵਿਖਾ ਰਹੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਭਾਰਤੀ-ਹਿੰਦੂ ਆਗੂ ਵੀ ਕਹਿ ਚੁੱਕੇ ਹਨ ਕਿ ਉਹ ਖ਼ਾਲਿਸਤਾਨੀਆਂ ਨੂੰ ਨਹੀਂ ਛੱਡਣਗੇ,‌ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਜਗਤਾਰ ਸਿੰਘ ਜੱਗੀ ਜੌਹਲ ਵਰਗੇ ਬੇਵਜ੍ਹਾ ਜੇਲ੍ਹਾਂ ਵਿੱਚ ਤਾੜੇ ਹੋਏ ਹਨ। ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਬਾਬਾ ਹਰਨਾਮ ਸਿੰਘ ਧੁੰਮਾ ਐਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਪੰਥਕ ਅਤੇ ਖ਼ਾਲਿਸਤਾਨੀ ਧਿਰਾਂ ਵੱਲ ਪਿੱਠ ਕਰਕੇ ਭਾਜਪਾ ਨਾਲ ਖੜ੍ਹੇ ਹੋਏ ਹਨ, ਉਹਨਾਂ ਲਈ ਵੋਟਾਂ ਮੰਗਦੇ ਹਨ ਤੇ ਸਨਮਾਨ ਵੀ ਕਰਦੇ ਹਨ। ਹੁਣ ਸਿੱਖਾਂ ਦੇ ਕਾਤਲ ਭਾਜਪਾਈਆਂ ਨਾਲ ਬਾਬਾ ਧੁੰਮਾਂ ਜੀ ਇੱਕ-ਮਿੱਕ ਹਨ ਤੇ ਉਹਨਾਂ ਦੀ ਹਰੇਕ ਕਾਰਵਾਈ ਤੇ ਸੋਚ ਦਾ ਸਮਰਥਨ ਕਰ ਰਹੇ ਹਨ ਜਿਵੇਂ ਬਾਬਾ ਧੁੰਮਾਂ ਨੇ ਖ਼ਾਲਿਸਤਾਨੀ ਸਿੱਖਾਂ ਨੂੰ ਕਤਲ ਕਰਨ 'ਚ ਦੋਸ਼ੀ ਅਮਿਤ ਸ਼ਾਹ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਸੀ, ਹੁਣ ਉਹ ਖ਼ਾਲਿਸਤਾਨੀ ਸਿੱਖਾਂ ਦੇ ਮੱਥੇ ਵਿੱਚ ਗੋਲ਼ੀ ਮਾਰਨ ਦਾ ਬਿਆਨ ਦੇਣ ਵਾਲੇ ਰਮਨ ਮਲਿਕ ਨੂੰ ਵੀ ਛੇਤੀ ਹੀ ਸਨਮਾਨਿਤ ਕਰ ਸਕਦੇ ਹਨ।
ਪਰ ਇਸ ਸਰਗਰਮੀ ਦੀ ਕਿਸੇ ਵੀ ਸਿੱਖ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਬਾ ਧੁੰਮਾਂ ਜੀ ਅਤੇ ਉਹਨਾਂ ਦੇ ਸਮਰਥਕ ਵੀ ਪੰਥਪ੍ਰਸਤ ਅਤੇ ਖ਼ਾਲਿਸਤਾਨੀ ਸਿੱਖਾਂ ਦੀ ਕਿਰਦਾਰਕੁਸ਼ੀ ਕਰਦੇ ਰਹਿੰਦੇ ਹਨ ਤੇ ਉਹਨਾਂ ਦੇ ਆਕਾ ਭਾਜਪਾ ਵਾਲੇ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਕਰਦੇ ਹਨ ਇਹ ਸਭ ਆਪੋ-ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਬਾਬਾ ਧੁੰਮਾਂ ਦੇ ਚੇਲੇ ਵੀ ਮੇਰੇ ਵਰਗੇ ਖ਼ਾਲਿਸਤਾਨੀ ਗੁਰਸਿੱਖਾਂ ਨੂੰ ਅਕਸਰ ਹੀ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਭਾਜਪਾ ਵਿਰੁੱਧ ਇੱਕ ਲਫ਼ਜ਼ ਬਰਦਾਸ਼ਤ ਨਹੀਂ ਕਰਾਂਗੇ।
ਪਰ ਖ਼ਾਲਿਸਤਾਨੀਆਂ ਸਿੱਖਾਂ ਨੇ ਆਪਣੇ ਕੌਮੀ ਨਿਸ਼ਾਨੇ ਤੋਂ ਨਾ ਤਾਂ ਕਿਰਦਾਰਕੁਸ਼ੀ ਨਾਲ ਅਤੇ ਨਾ ਹੀ ਕਤਲਾਂ ਨਾਲ ਪਿੱਛੇ ਹਟਣਾ ਹੈ ਉਹ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਿਸ਼ਾਨੇ ਉੱਤੇ ਪਹਿਰਾ ਦਿੰਦੇ ਰਹਿਣਗੇ। ਜਿਹੜੇ ਸਿੱਖ ਹਰ ਰੋਜ ਗੁਰਬਾਣੀ ਦੇ ਸ਼ਬਦ 'ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ' ਪੜ੍ਹਦੇ ਹੋਣ ਉਹ ਕਿਸੇ ਸਰਕਾਰ ਦੀ ਗੋਲ਼ੀ ਅਤੇ ਮਰਨ ਤੋਂ ਨਹੀਂ ਡਰਦੇ ਹਨ, ਇਹ ਗੱਲ ਭਾਜਪਾ ਵਾਲੇ ਕੰਨ ਖੋਲ੍ਹ ਕੇ ਸੁਣ ਲੈਣ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News