ਦੂਹਲ ਨੌਂ 'ਚ ਕੂੜਾ ਪ੍ਰਬੰਧਨ ਯੋਜਨਾ ਤਹਿਤ ਡੰਪ ਦਾ ਨਿਰਮਾਣ ਜਾਰੀ, ਹੋਰ ਵਿਕਾਸ ਕਾਰਜ ਵੀ ਰਫ਼ਤਾਰ 'ਚ
ਵਲਟੋਹਾ , 19 ਅਪ੍ਰੈਲ,(ਗੁਰਮੀਤ ਸਿੰਘ ਵਲਟੋਹਾ)
ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਦੂਹਲ ਨੌਂ ਵਿੱਚ ਪਿੰਡ ਦੇ ਵਿਕਾਸ ਲਈ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਇੱਥੇ ਪੰਚਾਇਤ ਵੱਲੋਂ ਵਿਧਾਇਕ ਸਰਵਨ ਸਿੰਘ ਧੁੰਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸਰਪੰਚ ਗੁਰਬਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪਿੰਡ ਵਿੱਚ ਕੂੜਾ ਪ੍ਰਬੰਧਨ ਸਿਸਟਮ (ਡੰਪ ਸਾਈਟ) ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਪਿੰਡ ਵਿੱਚ ਕੂੜੇ-ਕਰਕਟ ਦੀ ਸੁਚੱਜੀ ਸੰਭਾਲ ਕਰਨਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਬਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਿੰਡ ਦੀ ਸਫ਼ਾਈ ਅਤੇ ਸਿਹਤਮੰਦ ਵਾਤਾਵਰਨ ਬਣਾਈ ਰੱਖਣ ਵਾਸਤੇ ਬਹੁਤ ਹੀ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ, "ਕੂੜਾ ਪ੍ਰਬੰਧਨ ਸਿਸਟਮ ਨਾਲ ਨਾ ਸਿਰਫ਼ ਗੰਦਗੀ ਘਟੇਗੀ, ਸਗੋਂ ਰੋਗਾਂ ਤੋਂ ਬਚਾਅ ਵੀ ਹੋਏਗਾ। ਇਹ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ, ਜਿਸ ਨੂੰ ਅਸੀਂ ਪੂਰਾ ਕਰ ਰਹੇ ਹਾਂ।" ਸਰਪੰਚ ਨੇ ਹੋਰ ਵੀ ਤੱਥ ਸਾਂਝੇ ਕਰਦਿਆਂ ਕਿਹਾ ਕਿ ਪਿੰਡ ਵਿੱਚ ਇੰਟਰਲੌਕ ਟਾਈਲਾਂ ਲਗਾ ਕੇ ਗਲੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਮੌਸਮਾਂ ਦੇ ਦੌਰਾਨ ਆਉਣ ਵਾਲੀਆਂ ਦਿੱਕਤਾਂ ਤੋਂ ਛੁਟਕਾਰਾ ਮਿਲੇਗਾ। ਇਸਦੇ ਨਾਲ ਨਾਲ ਪਿੰਡ ਵਿੱਚ ਪਾਣੀ ਦੀ ਨਿਕਾਸੀ ਦੇ ਨਵੇਂ ਰਾਸਤੇ ਬਣਾਏ ਜਾ ਰਹੇ ਹਨ, ਤਾਂ ਜੋ ਵਰਖਾ ਸਮੇਂ ਜਮ੍ਹੇ ਪਾਣੀ ਤੋਂ ਹੋਣ ਵਾਲੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।ਸਰਪੰਚ ਵਿਰਕ ਨੇ ਇਹ ਵੀ ਕਿਹਾ ਕਿ ਇਨ੍ਹਾਂ ਕਾਰਜਾਂ ਲਈ ਸਰਕਾਰ ਵੱਲੋਂ ਮਿਲ ਰਹੀ ਮਦਦ ਦੇ ਨਾਲ-ਨਾਲ ਪਿੰਡ ਵਾਸੀਆਂ ਦਾ ਵੀ ਸਹਿਯੋਗ ਸਰਾਹਣਯੋਗ ਹੈ। ਉਨ੍ਹਾਂ ਆਗਾਹ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਵੇਂ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ, ਜਿਨ੍ਹਾਂ ਨਾਲ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਇਆ ਜਾਵੇਗਾ। ਇਸ ਉਪਰਾਲੇ ਨਾਲ ਦੂਹਲ ਨੌਂ ਪਿੰਡ 'ਚ ਨਕਸ਼ਾ ਬਦਲਣ ਦੀ ਉਮੀਦ ਹੈ ਅਤੇ ਲੋਕਾਂ ਵਿੱਚ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ
Posted By: Gurmeet Singh Valtoha