ਸੱਜਣ ਕੁਮਾਰ ਦੇ ਅਫ਼ਸੋਸ ’ਤੇ ਜਾਣ ਕਰਕੇ ਭਾਜਪਾ ਸਾਂਸਦ ਰਾਮਵੀਰ ਸਿੰਘ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਕੀਤੀ ਖਿਮਾ ਜਾਚਨਾ
ਸ੍ਰੀ ਅੰਮ੍ਰਿਤਸਰ, 3 ਅਕਤੂਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ
ਦਿੱਲੀ ਤੋਂ ਭਾਜਪਾ ਦੇ ਸਾਂਸਦ ਸ੍ਰੀ ਰਾਮਵੀਰ ਸਿੰਘ ਬਿਧੂੜੀ ਜੋ ਬੀਤੇ ਦਿਨੀਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ, ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕਰਨ ਪੁੱਜੇ।
ਇਸ ਤੋਂ ਪਹਿਲਾਂ ਸ੍ਰੀ ਬਿਧੂੜੀ ਵੱਲੋਂ 5 ਸਤੰਬਰ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਭੇਜੀ ਗਈ ਸੀ। ਅੱਜ ਸ੍ਰੀ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਪਾਸੋਂ ਖਿਮਾ ਜਾਚਨਾ ਕੀਤੀ ਹੈ। ਉਪਰੰਤ ਉਹ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੇ ਤੇ ਆਪਣਾ ਖਿਮਾ ਜਾਚਨਾ ਪੱਤਰ ਸੌਂਪਿਆ ਤੇ ਪੱਖ ਰੱਖਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਂਸਦ ਸ੍ਰੀ ਰਾਮਵੀਰ ਸਿੰਘ ਬਿਧੂੜੀ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਕੀਤੀ ਹੈ।
ਆਪਣੀ ਖਿਮਾ ਜਾਚਨਾ ਵਿੱਚ ਸ੍ਰੀ ਬਿਧੂੜੀ ਨੇ ਕਿਹਾ ਕਿ ਉਹ ਹਮੇਸ਼ਾ ਸੱਜਣ ਕੁਮਾਰ ਦੇ ਵਿਰੋਧ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਹੋਣ ਕਰਕੇ ਬੋਲਦੇ ਰਹੇ ਹਨ। ਉਨ੍ਹਾਂ ਮੰਨਿਆ ਕਿ ਅਜਿਹੇ ਬੰਦੇ ਦੇ ਅਫ਼ਸੋਸ ਉੱਤੇ ਜਾਣਾ ਵੀ ਪਾਪ ਹੈ ਜਿਸ ਨੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਇਆ ਹੋਵੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਰ ਵੀ ਕਈ ਸਿਆਸੀ ਆਗੂ ਖ਼ਾਸਕਰ ਕਾਂਗਰਸ ਪਾਰਟੀ ਨਾਲ ਸਬੰਧਤ ਉੱਥੇ ਗਏ ਸਨ, ਉਨ੍ਹਾਂ ਨੂੰ ਵੀ ਸ੍ਰੀ ਬਿਧੂੜੀ ਦੀ ਖਿਮਾ ਜਾਚਨਾ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵੀ ਹਾਜ਼ਰ ਰਹੇ।
Posted By: GURBHEJ SINGH ANANDPURI