12 ਸਾਲਾਂ ਬਾਅਦ ਪਾਕਿਸਤਾਨ ਨੇ ਏਸ਼ੀਆਈ ਖੇਡਾਂ ਹਾਕੀ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਦੱਖਣੀ ਕੋਰੀਆ ਨੂੰ 5–3 ਨਾਲ ਹਰਾਇਆ
ਆਈਚੀ-ਨਾਗੋਆ/ਗਿਫੂ (ਨਜ਼ਰਾਨਾ ਟਾਈਮਜ਼ ਸਪੋਰਟਸ ਡੈਸਕ): 20ਵੀਆਂ ਏਸ਼ੀਆਈ ਖੇਡਾਂ ਆਈਚੀ-ਨਾਗੋਆ 2026 ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਪਾਕਿਸਤਾਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੱਖਣੀ ਕੋਰੀਆ ਨੂੰ 5–3 ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ।
ਗਿਫੂ ਪ੍ਰੀਫੈਕਚਰਲ ਗ੍ਰੀਨ ਸਟੇਡੀਅਮ ਵਿੱਚ ਖੇਡੇ ਗਏ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਪਾਕਿਸਤਾਨ ਨੇ ਤੇਜ਼ ਸ਼ੁਰੂਆਤ ਕੀਤੀ। ਮੈਚ ਦੇ ਚੌਥੇ ਮਿੰਟ ਵਿੱਚ ਸੁਫ਼ਿਆਨ ਖਾਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪਾਕਿਸਤਾਨ ਨੂੰ 1–0 ਦੀ ਬੜ੍ਹਤ ਦਿਵਾਈ।
ਦੱਖਣੀ ਕੋਰੀਆ ਨੇ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ। ਲੀ ਗੈਂਗ-ਸਾਨ ਨੇ 12ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ, ਜਦਕਿ ਕਿਮ ਜੰਗ-ਬੋਕ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਕੋਰੀਆ ਨੂੰ ਅੱਗੇ ਕਰ ਦਿੱਤਾ। 25ਵੇਂ ਮਿੰਟ ਵਿੱਚ ਯਾਂਗ ਜੀ-ਹੁਨ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3–1 ਕਰ ਦਿੱਤਾ।
ਪਾਕਿਸਤਾਨ ਨੇ ਹਾਰ ਨਹੀਂ ਮੰਨੀ ਅਤੇ ਅਬਦੁਲ ਰਹਿਮਾਨ ਨੇ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3–2 ਕਰ ਦਿੱਤਾ।
ਮੈਚ ਦੇ ਆਖਰੀ ਪੜਾਅ ਵਿੱਚ ਪਾਕਿਸਤਾਨ ਨੇ ਮੁਕਾਬਲੇ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ। ਰਾਣਾ ਵਹੀਦ ਨੇ 52ਵੇਂ ਅਤੇ 54ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਕਰਕੇ ਪਾਕਿਸਤਾਨ ਨੂੰ 4–3 ਦੀ ਬੜ੍ਹਤ ਦਿਵਾਈ।
ਇਸ ਤੋਂ ਬਾਅਦ ਹੰਨਾਨ ਸ਼ਾਹਿਦ ਨੇ 59ਵੇਂ ਮਿੰਟ ਵਿੱਚ ਪਾਕਿਸਤਾਨ ਲਈ ਪੰਜਵਾਂ ਗੋਲ ਕਰਕੇ 5–3 ਦੀ ਜਿੱਤ ਪੱਕੀ ਕਰ ਦਿੱਤੀ।
ਇਸ ਜਿੱਤ ਨਾਲ ਪਾਕਿਸਤਾਨ ਨੇ 12 ਸਾਲਾਂ ਬਾਅਦ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਵਿੱਚ ਤਗਮਾ ਹਾਸਲ ਕੀਤਾ।
ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਮੁਹਿਯੁੱਦੀਨ ਅਹਿਮਦ ਵਾਨੀ ਨੇ ਕਾਂਸੀ ਦਾ ਤਗਮਾ ਜਿੱਤਣ ’ਤੇ ਕੌਮੀ ਹਾਕੀ ਟੀਮ, ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਟੀਮ ਭਵਿੱਖ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਮ ਰੌਸ਼ਨ ਕਰੇਗੀ।
ਮੈਚ ਦਾ ਨਤੀਜਾ
ਪਾਕਿਸਤਾਨ 5–3 ਦੱਖਣੀ ਕੋਰੀਆ
ਪਾਕਿਸਤਾਨ ਵੱਲੋਂ ਗੋਲ: ਸੁਫ਼ਿਆਨ ਖਾਨ 4’, ਅਬਦੁਲ ਰਹਿਮਾਨ 30’, ਰਾਣਾ ਵਹੀਦ 52’ ਅਤੇ 54’, ਹੰਨਾਨ ਸ਼ਾਹਿਦ 59’
Posted By: GURBHEJ SINGH ANANDPURI