Nazrana Times

ਪੰਜਾਬੀ

ਕੌਮ ਪ੍ਰਤੀ ਦਰਦ ਦੀ ਮਿਸਾਲ ਬਣ ਬੇਹੱਦ ਸਫਲ ਰਿਹਾ ਅੰਤਰਰਾਸ਼ਟਰੀ ਸਿੱਖ ਯੂਥ ਅਸੈਂਬਲੀ ਦਾ ਦੂਜਾ ਇਜਲਾਸ

10 May, 2025 03:37 AM

ਨਵੀਂ ਦਿੱਲੀ 9 , ਨਜ਼ਰਾਨਾ ਟਾਈਮਜ ਬਿਊਰੋ

ਨੌਜਵਾਨਾਂ ਦੀ ਬਾਕਮਾਲ ਸੋਚ ਅਤੇ ਕੌਮ ਪ੍ਰਤੀ ਦਰਦ ਦੀ ਮਿਸਾਲ ਬਣ ਬੇਹੱਦ ਸਫਲ ਰਿਹਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਅੰਤਰਰਾਸ਼ਟਰੀ ਸਿੱਖ ਯੂਥ ਅਸੈਂਬਲੀ ਦਾ ਦੂਜਾ ਇਜਲਾਸ। ਪੂਰੇ ਦੇਸ਼ ਦੇ 18 ਸੂਬਿਆਂ ਤੋਂ ਗੁਰਸਿੱਖ ਨੌਜਵਾਨ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਦੀ ਛੱਤ ਹੇਠ ਇਕੱਤਰ ਹੋਏ। ਵਿਸ਼ਾ ਸੀ ਸਿੱਖਾਂ ਵਿਚ ਮਾਨਵਤਾਵਾਦ । ਇਹ ਵਿਸ਼ਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ। ਪਹਿਲੇ ਦਿਨ ਤਕਰੀਬਨ 100 ਨੌਜਵਾਨਾਂ ਨੇ ਆਪੋ ਆਪਣੇ ਖਿੱਤੇ ਵਿਚ ਓਹਨਾ ਵੱਲੋਂ ਕੀਤੇ ਜਾ ਰਹੇ ਕੰਮ ਅਤੇ ਮਾਨਵਤਾਵਾਦ ਬਾਰੇ ਗੱਲ ਕੀਤੀ। ਜਿੱਥੇ ਪ੍ਰੋਫੈਸ਼ਨਲ ਤੌਰ ਤੇ ਸਿੱਖਾਂ ਦੀ ਦੁਨੀਆ ਭਰ ਵਿਚ ਪਛਾਣ ਦੀ ਗੱਲ ਹੋਈ, ਓਥੇ ਗੱਲ ਹੋਈ ਕੇ ਸ਼ਿਕਲੀਗਰ ਭਾਈਚਾਰੇ ਅਤੇ ਹੋਰ ਇਹੋ ਜਿਹੇ ਪਰਵਾਰਾਂ ਨੂੰ ਅੱਗੇ ਲੈਕੇ ਆਉਣ ਦੇ ਕੀ ਯਤਨ ਹੋਣੇ ਚਾਹੀਦੇ ਹਨ, ਇਸ ਦੇ ਨਾਲ ਨਾਲ ਅਜੋਕੇ ਸਮੇਂ ਵਿਚ ਸਿੱਖ ਦੇ ਕਿਰਦਾਰ ਅਤੇ ਮਾਨਸਿਕ ਵਿਕਾਸ ਦੀ ਵੀ ਵਿਚਾਰ ਹੋਈ।

ਪ੍ਰੋਗਰਾਮ ਨੂੰ ਅਸੈਂਬਲੀ ਦੀ ਕੋਰ ਕਮੇਟੀ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਵਿਚ ਸੁਚਾਰੂ ਢੰਗ ਨਾਲ ਚਲਾਇਆ ਗਿਆ। ਅਸੈਂਬਲੀ ਦੇ ਸਪੀਕਰ ਦੇ ਤੌਰ ਤੇ ਡਾਕਟਰ ਅਰਸ਼ਦੀਪ ਸਿੰਘ, ਜਰਨਲ ਸਕੱਤਰ ਇੰਜੀਨਰ ਅਰਸ਼ਦੀਪ ਸਿੰਘ, ਮੁੱਖ ਸਲਾਹਕਾਰ ਅਮਰਪ੍ਰੀਤ ਸਿੰਘ ਅਤੇ ਕਨਵੀਨਰ ਦੇ ਤੌਰ ਤੇ ਗੌਰਵਦੀਪ ਸਿੰਘ ਨੇ ਸੇਵਾ ਨਿਭਾਈ। ਕਾਲਜ ਦੇ ਟਰੱਸਟੀ ਗੌਰਵਦੀਪ ਸਿੰਘ ਦੀ ਅਗਵਾਈ ਵਿੱਚ ਦਿੱਲੀ ਦੇ ਨੌਜਵਾਨਾਂ ਨੇ ਅਸੈਂਬਲੀ ਦੀ ਕਾਰਜਕਾਰੀ ਟੀਮ ਬਣ ਕੇ ਬੜੀ ਹੀ ਮਿਹਨਤ ਅਤੇ ਜੋਸ਼ ਨਾਲ ਸਾਰਾ ਕੁਝ ਉਲੀਕਿਆ। ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ਨੌਜਵਾਨਾਂ ਦੇ ਮਾਰਗਦਰਸ਼ਕ ਬਣ ਅਸੈਂਬਲੀ ਦੀ ਸਰਪ੍ਰਸਤੀ ਕੀਤੀ l ਸਾਰੀਆਂ ਹੀ ਵਿਚਾਰਾਂ ਦਾ ਸਾਰ ਕਾਲਜ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਅਤੇ ਕਾਲਜ ਦੇ ਪ੍ਰੋਫਸਰ ਨੱਛਤਰ ਸਿੰਘ ਭਾਂਬੜੀ ਨੇ ਪੇਸ਼ ਕੀਤਾ।

ਅਸੈਂਬਲੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਆਉਣ ਵਾਲੇ ਇੱਕ ਸਾਲ ਵਿੱਚ ਸਾਰੇ ਮੈਂਬਰ ਟੀਮ ਬਣਕੇ ਕੰਮ ਕਰਦੇ ਹੋਏ 350 ਵਿਦਿਅਕ ਅਦਾਰਿਆਂ ਤੱਕ ਪਹੁੰਚ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜੀਵਨ ਸੰਦੇਸ਼ ਦੀ ਸਾਂਝ ਪਾਉਣਗੇ।

ਦੂਜੇ ਦਿਨ ਖ਼ਾਸ ਸਪੀਕਰ ਸੈਸ਼ਨ ਰੱਖਿਆ ਗਿਆ ਜਿੱਥੇ ਕੌਮ ਦੀਆਂ ਕੁਝ ਮਹਾਨ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਅਸੈਂਬਲੀ ਮੈਂਬਰਾਂ ਨੂੰ ਆਪਣੇ ਤਜਰਬਿਆਂ ਰਾਹੀਂ ਸੇਧ ਦਿੱਤੀ। ਮੁੱਖ ਬੁਲਾਰੇ ਵਜੋਂ ਗਾਇਕ ਬੀਰ ਸਿੰਘ ਹਾਜ਼ਰ ਰਹੇ। ਇਸਤੋਂ ਇਲਾਵਾ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ, ਚਰਨਜੀਤ ਸਿੰਘ ਸ਼ਾਹ, CA ਚਰਨਜੋਤ ਸਿੰਘ ਨੰਦਾ, ਕਮਾਲਜੀਤ ਸਿੰਘ, ਕੈਪਟਨ ਯਸ਼ਪਾਲ ਸਿੰਘ ਅਤੇ ਫਿਲਮ ਨਿਰਮਾਤਾ ਸ਼ਰਨਦੀਪ ਸਿੰਘ ਨੇ ਆਪਣੇ ਵਿਚਾਰ ਦਿੱਤੇ।

ਪਿਛਲੇ ਸਾਲ ਅਸੈਂਬਲੀ ਲੁਧਿਆਣਾ ਹੋਈ ਸੀ, ਇਸ ਸਾਲ ਦਿੱਲੀ ਅਸੈਂਬਲੀ ਨੇ ਇੱਕ ਕਦਮ ਹੋਰ ਅੱਗੇ ਜਾ ਕੇ ਵਿਖਾਇਆ ਹੈ ਕਿ ਸਾਡੀ ਕੌਮ ਦੀ ਜਵਾਨੀ ਕੋਲ ਕਿੰਨੀ ਸਮਝ, ਕਿੰਨਾ ਜੋਸ਼ ਅਤੇ ਕਿੰਨਾ ਦਰਦ ਹੈ। ਗੁਰੂ ਸਾਹਿਬ ਅੱਗੇ ਅਰਦਾਸ ਹੈ ਅਤੇ ਯਕੀਨ ਹੈ ਕਿ ਇਹ ਅਸੈਂਬਲੀ ਦਾ ਕਾਫ਼ਲਾ ਸਾਡੀ ਕੌਮ ਦਾ ਇਕ ਚੰਗਾ ਭਵਿੱਖ ਸਿਰਜੇਗਾ।

Posted By: GURBHEJ SINGH ANANDPURI

Loading…
Loading the web debug toolbar…
Attempt #