ਸ੍ਰੋਮਣੀ ਕਮੇਟੀ ਤੇ ਧਾਮੀ ਅਕਾਲ ਤਖਤ ਸਾਹਿਬ ਪ੍ਰਬੰਧ ਦੀ ਚੋਣ ਵਿਧੀ ਦਾ ਰਾਗ ਛੇੜਕੇ ਕਰਕੇ ਬਾਦਲਾਂ ਦਾ ਬੋਲਬਾਲਾ ਪ੍ਰਮੋਟ ਨਾ ਕਰੇ
27 Jun, 2025 04:08 PM
ਸ੍ਰੋਮਣੀ ਕਮੇਟੀ ਤੇ ਧਾਮੀ ਅਕਾਲ ਤਖਤ ਸਾਹਿਬ ਪ੍ਰਬੰਧ ਦੀ ਚੋਣ ਵਿਧੀ ਦਾ ਰਾਗ ਛੇੜਕੇ ਕਰਕੇ ਬਾਦਲਾਂ ਦਾ ਬੋਲਬਾਲਾ ਪ੍ਰਮੋਟ ਨਾ ਕਰੇ
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਇਕ ਮਹੱਤਵਪੂਰਨ ਸੰਸਥਾ ਹੈ, ਜਿਸ ਦੀ ਸਥਾਪਨਾ 1925 ਵਿਚ ਸਿੱਖ ਗੁਰਦੁਆਰਾ ਐਕਟ ਅਧੀਨ ਹੋਈ ਸੀ। ਇਸ ਦਾ ਮੁੱਖ ਮਕਸਦ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹੋਰ ਖੇਤਰਾਂ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸੇਵਾ-ਸੰਭਾਲ ਨੂੰ ਯਕੀਨੀ ਬਣਾਉਣਾ ਹੈ। ਪਰ ਹੁਣੇ ਜਿਹੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦੇ ਗਠਨ ਦਾ ਫੈਸਲਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਫੈਸਲਾ ਨਾ ਸਿਰਫ ਸ੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ, ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਸੁਤੰਤਰਤਾ ਨੂੰ ਵੀ ਚੁਣੌਤੀ ਦਿੰਦਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦਾ ਸਰਵਉੱਚ ਅਦਾਰਾ ਹੈ, ਜੋ ਅਰਧ ਸਰਕਾਰੀ ਸੰਸਥਾ ਦੇ ਅਧੀਨ ਨਹੀਂ ਹੈ ਜੋ ਇਸ ਸਬੰਧ ਵਿਚ ਦਖਲਅੰਦਾਜ਼ੀ ਕਰੇ ਜਾਂ ਕਮੇਟੀ ਬਣਾਵੇ। ਸ੍ਰੋਮਣੀ ਕਮੇਟੀ ਨੇ ਹੁਣ ਤਕ ਜਥੇਦਾਰ ਅੰਗਰੇਜ਼ਾਂ ਵਾਂਗ ਸਰਬਰਾਹ ਅਰੂੜ ਸਿੰਘ ਬਣਾਕੇ ਥਾਪੇ ਹਨ ਤੇ ਸਿਆਸੀ ਦਖਲਅੰਦਾਜ਼ੀ ਕਰਕੇ ਅਕਾਲ ਤਖਤ ਸਾਹਿਬ ਉਪਰ ਗੈਰ ਸਿਧਾਂਤਕ ਫੈਸਲੇ ਕਰਵਾਉਂਦੀ ਰਹੀ ਹੈ।ਨਾਨਕਸ਼ਾਹੀ ਕੈਲੰਡਰ ਦਾ ਕਤਲ ,ਪ੍ਰੋਫੈਸਰ ਦਰਸ਼ਨ ਸਿੰਘ ਵਰਗੀਆਂ ਸਖਸ਼ੀਅਤਾਂ ਨੂੰ ਪੰਥ ਵਿਚੋਂ ਖਾਰਜ ਕਰਨਾ,ਸੌਦਾ ਸਾਧ ਨੂੰ ਮਾਫੀ ਦੇਣਾ ਕਾਲਾ ਇਤਿਹਾਸ ਤੇ ਪੰਥ ਵਿਰੋਧੀ ਫੈਸਲੇ ਹਨ।ਸ੍ਰੋਮਣੀ ਕਮੇਟੀ ਦਾ ਕੰਮ ਗੁਰਦੁਆਰਿਆਂ ਦੀ ਸੰਭਾਲ, ਲੰਗਰ, ਪ੍ਰਕਾਸ਼ ਅਤੇ ਹੋਰ ਪ੍ਰਬੰਧਕੀ ਜ਼ਿੰਮੇਵਾਰੀਆਂ ਤੱਕ ਸੀਮਤ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਸੇਵਾ ਨਿਯਮ ਜਾਂ ਪੰਥਕ ਫੈਸਲਿਆਂ ਵਿਚ ਦਖਲਅੰਦਾਜ਼ੀ ਕਰਨਾ ਇਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ।
ਹੁਣੇ ਜਿਹੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕੀਤੇ ਗਏ ਇਸ ਕਦਮ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਸਮੇਂ ਸਿਰ ਨਹੀਂ ਹੋਈਆਂ, ਜਿਸ ਕਾਰਨ ਇਸ ਦੀ ਪ੍ਰਤੀਨਿਧਤਾ ਤੇ ਹੋਂਦ ’ਤੇ ਵੀ ਸਵਾਲ ਉੱਠਦੇ ਹਨ। ਅਜਿਹੇ ਵਿਚ, ਸ੍ਰੀ ਅਕਾਲ ਤਖਤ ਸਾਹਿਬ ਵਰਗੇ ਸਰਵਉੱਚ ਅਦਾਰੇ ਦੇ ਮਾਮਲਿਆਂ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਸ੍ਰੋਮਣੀ ਕਮੇਟੀ ਨੂੰ ਨਹੀਂ। ਅਕਾਲ ਤਖਤ ਬਾਦਲਾਂ ਤੇ ਧਾਮੀ ਦੀ ਮਹੰਤਸ਼ਾਹੀ ਨਹੀਂ ਜੋ ਪੰਥ ਪ੍ਰਵਾਨ ਕਰੇ।ਬੀਤੇ ਇਤਿਹਾਸ ਦੌਰਾਨ ਪੰਥ ਨੇ ਦਰਸਾ ਦਿਤਾ ਕਿ ਸਾਨੂੰ ਉਹ ਜਥੇਦਾਰ ਪ੍ਰਵਾਨ ਨਹੀਂ ਜੋ ਸਿਆਸਤ ਤੇ ਝੂਠ ,ਕੂੜ ਦੀ ਭੇਂਟ ਚੜਦੇ ਹਨ।ਜਥੇਦਾਰ ਨਾ ਥਾਣੇਦਾਰ ਹੈ ਨਾ ਪੋਪ ਹੈ ਉਹ ਖਾਲਸਾ ਪੰਥ ਦਾ ਸੁਰਖਿਆ ਗਾਰਡ ਹੈ।ਜਦੋਂ ਜਥੇਦਾਰ ਇਸ ਰਵਾਇਤ ਤੋਂ ਭਜੇਗਾ ਉਸ ਦਾ ਹਸ਼ਰ ਗਿਆਨੀ ਗੁਰਬਚਨ ਸਿੰਘ ਵਰਗਾ ਹੋਵੇਗਾ।
ਇਸ ਤੋਂ ਇਲਾਵਾ, ਪਿਛਲੇ ਸਮਿਆਂ ਵਿਚ ਸ੍ਰੋਮਣੀ ਕਮੇਟੀ ਦੇ ਕੁਝ ਫੈਸਲਿਆਂ, ਜਿਵੇਂ ਸੌਦਾ ਸਾਧ ਵਰਗੇ ਵਿਵਾਦਤ ਮਸਲਿਆਂ ’ਤੇ ਨਰਮ ਰਵੱਈਆ ਅਤੇ ਗੁਰਮੁਖ ਸਿੰਘ ਵਰਗੇ ਵਿਅਕਤੀਆਂ ਦੀ ਨਿਯੁਕਤੀ, ਨੇ ਇਸ ਸੰਸਥਾ ਦੀ ਸਾਖ ਨੂੰ ਵੀ ਢਾਹ ਲਾਈ ਹੈ। ਗਿਆਨੀ ਗੁਰਮੁਖ ਸਿੰਘ ਦੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤੀ, ਖਾਸਕਰ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ, ਸਿੱਖ ਪੰਥ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਸ੍ਰੋਮਣੀ ਕਮੇਟੀ ਪੰਥਕ ਹਿੱਤਾਂ ਨਾਲੋਂ ਸਿਆਸੀ ਹਿੱਤਾਂ ਨੂੰ ਤਰਜੀਹ ਦਿੰਦੀ ਹੈ।
ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੱਖ ਪੰਥ ਦਾ ਨੁਮਾਇੰਦਾ ਹੁੰਦਾ ਹੈ, ਨਾ ਕਿ ਕਿਸੇ ਸਿਆਸੀ ਪਰਿਵਾਰ ਜਾਂ ਸੰਸਥਾ ਦਾ। ਇਸ ਦੀ ਨਿਯੁਕਤੀ ਅਤੇ ਸੇਵਾ ਨਿਯਮ ਸਿਰਫ ਖਾਲਸਾ ਪੰਥ ਦੀ ਸਰਬਸੰਮਤੀ ਨਾਲ ਹੀ ਤੈਅ ਹੋਣੇ ਚਾਹੀਦੇ ਹਨ। ਪੂਰੇ ਸਿਖ ਪੰਥ ਦਾ ਨੁਮਾਇੰਦਾ ਇਕਠ ਬੁਲਾਕੇ ਕਮੇਟੀ ਬਣਾਈ ਜਾਵੇ ਨਾ ਕਿ ਕਮੇਟੀ ਧਾਮੀ ਜੀ ਬਣਾਉਣ।ਧਾਮੀ ਜੀ ਨੇ ਬਹੁਗਿਣਤੀ ਬਾਦਲਪਖੀ ਡੇਰੇ ਦਾਰ ,ਕਾਰ ਸੇਵਾ ਵਾਲੇ ਬਾਬੇ ਤੇ ਬੁਧੀਜੀਵੀ ਪਾਕੇ ਬਾਦਲਾਂ ਦੀ ਧਾਰਮਿਕ ਸ਼ਕਤੀ ਨੂੰ ਪ੍ਰਮੋਟ ਕੀਤਾ ਹੈ।
ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਰਹਿ ਕੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ’ਤੇ ਧਿਆਨ ਦੇਵੇ ਅਤੇ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਵਿਚ ਦਖਲਅੰਦਾਜ਼ੀ ਨਾ ਕਰੇ ਤੇ ਨਾ ਹੀ ਬਾਦਲਕਿਆਂ ਦਾ ਤਖਤ ਬਣਾਕੇ ਇਤਿਹਾਸਕ ਗੁਨਾਹ ਕਰੇ।
ਸਿੱਖ ਪੰਥ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮਸਲੇ ’ਤੇ ਇਕਜੁੱਟ ਹੋਵੇ ਅਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਆਵਾਜ਼ ਉਠਾਵੇ। ਸ੍ਰੋਮਣੀ ਕਮੇਟੀ ਨੂੰ ਆਪਣੀ ਜਨਤਕ ਜਵਾਬਦੇਹੀ ਨੂੰ ਮੁੜ ਸਥਾਪਤ ਕਰਨ ਲਈ ਸਮੇਂ ਸਿਰ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਪੰਥਕ ਮੁੱਦਿਆਂ ’ਤੇ ਪਾਰਦਰਸ਼ਤਾ ਨਾਲ ਕੰਮ ਕਰਨਾ ਚਾਹੀਦਾ ਹੈ। ਅਕਾਲ ਤਖਤ ਸਾਹਿਬ ਦੀ ਮਰਯਾਦਾ ਅਤੇ ਸੁਤੰਤਰਤਾ ਸਿੱਖ ਪੰਥ ਦੀ ਸ਼ਾਨ ਹੈ, ਅਤੇ ਇਸ ਨੂੰ ਕਿਸੇ ਵੀ ਸੰਸਥਾ ਜਾਂ ਵਿਅਕਤੀ ਦੇ ਹੱਥਾਂ ਵਿਚ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
Posted By: GURBHEJ SINGH ANANDPURI








