ਪੰਜਾਬ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਲਗਾਤਾਰ ਯਤਨਸ਼ੀਲ- ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ
15 Apr, 2025 02:39 PM
ਆਪ ਸਰਕਾਰ ਕੈਬਨਿਟ ‘ਚ 6 ਐਸ. ਸੀ. ਮੰਤਰੀ ਤੇ ਏਜੀ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਕਰਕੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ ਸੁਪਨੇ ਨੂੰ ਕਰ ਰਹੀ ਹੈ ਸਾਕਾਰ-ਸ. ਲਾਲਜੀਤ ਸਿੰਘ ਭੁੱਲਰ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਐਸ. ਸੀ. ਸਕਾਲਰਸ਼ਿਪ ਮੁਹੱਈਆ ਕਰਵਾਉਣਾ ਕੀਤਾ ਗਿਆ ਹੋਰ ਵੀ ਸੁਖਾਲਾ
ਵਲਟੋਹਾ ਗੁਰਮੀਤ ਸਿੰਘ ਵਲਟੋਹਾ
ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮਦਿਨ ਦੇ ਮੌਕੇ ਤੇ ਅੱਜ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਰਨ ਵਿਖੇ ਜਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਜੀ ਦੇ ਦਰਸਾਏ ਮਾਰਗ 'ਤੇ ਚਲਦਿਆਂ ਰਾਜ ਵਿੱਚ ਸਮਾਜਿਕ ਬਰਾਬਰਤਾ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਵਚਨਵੱਧ ਹੈ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਕੈਬਨਿਟ ਵਿੱਚ 6 ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਤ ਮੰਤਰੀ ਬਣਾਕੇ ਅਤੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਕਰਕੇ ਭਾਰਤ ਰਤਨ ਡਾ. ਬੀ ਆਰ. ਅੰਬੇਡਕਰ ਜੀ ਦੇ ਸੁਪਨੇ ਨੂੰ ਹਕੀਕਤ ਵਿੱਚ ਸਾਕਾਰ ਕਰ ਰਹੀ ਹੈ ਅਤੇ ਇਸ ਨੂੰ ਸੂਬੇ ਦੇ ਸਾਰੇ ਖੇਤਰਾਂ ਵਿੱਚ ਲਾਗੂ ਕੀਤਾ ਜਾਵੇਗਾ। ਸ. ਲਾਲਜੀਤ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣਾ ਸਾਰਾ ਜੀਵਨ ਦੇਸ਼ ਨੂੰ ਸਮਰਪਿਤ ਕੀਤਾ ਹੈ ਅਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਅੱਜ ਅਸੀਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਦਿਨ ਸਿਰਫ ਯਾਦਗਾਰੀ ਨਹੀਂ, ਸਗੋਂ ਇਨਸਾਫ, ਬਰਾਬਰੀ ਅਤੇ ਮਾਨਵਤਾ ਦੇ ਮੁੱਲਾਂ ਦਾ ਸੱਚਾ ਉਤਸਵ ਹੈ। ਉਹਨਾਂ ਕਿਹਾ ਕਿ 14 ਅਪ੍ਰੈਲ 1891 ਨੂੰ ਜਨਮੇ ਡਾ. ਅੰਬੇਡਕਰ ਜੀ ਨੇ ਐਸੇ ਸਮੇਂ ਵਿੱਚ ਜਨਮ ਲਿਆ, ਜਦੋਂ ਭਾਰਤੀ ਸਮਾਜ ਵਿੱਚ ਛੂਆ-ਛਾਤ ਅਤੇ ਜਾਤੀ ਪ੍ਰਥਾ ਨੇ ਡੂੰਘੀਆਂ ਜੜਾਂ ਪਾਈਆਂ ਹੋਈਆਂ ਸਨ। ਪਰ ਉਨ੍ਹਾਂ ਨੇ ਹਰ ਰੁਕਾਵਟ ਦਾ ਸਾਹਮਣਾ ਕਰਕੇ ਆਪਣਾ ਰਸਤਾ ਖੁਦ ਬਣਾਇਆ। ਉਹ ਇੱਕ ਮਹਾਨ ਕਾਨੂੰਨ ਵਿਦਵਾਨ, ਅਰਥਸ਼ਾਸਤਰੀ ਅਤੇ ਸਮਾਜ ਸੁਧਾਰਕ ਸਨ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵਜੋਂ ਉਨ੍ਹਾਂ ਦੀ ਭੂਮਿਕਾ ਅਮੁੱਲ ਹੈ।ਉਨ੍ਹਾਂ ਨੇ ਇੱਕ ਐਸੇ ਭਾਰਤ ਦੀ ਕਲਪਨਾ ਕੀਤੀ ਸੀ, ਜਿੱਥੇ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਮਿਲੇ, ਕੋਈ ਭੇਦ-ਭਾਵ ਨਾ ਹੋਵੇ ਤੇ ਸਭ ਨੂੰ ਇਨਸਾਫ ਮਿਲੇ। ਉਨ੍ਹਾਂ ਲਈ ਸਿੱਖਿਆ ਸਿਰਫ਼ ਗਿਆਨ ਨਹੀਂ, ਸਗੋਂ ਸ਼ਕਤੀ ਸੀ, ਖਾਸ ਕਰਕੇ ਉਨ੍ਹਾਂ ਲਈ ਜੋ ਸਮਾਜ ਦੇ ਹਾਸੀਏ ‘ਤੇ ਰਹਿ ਗਏ ਸਨ। ਉਨ੍ਹਾਂ ਨੇ ਸਦਾ ਭਾਈਚਾਰਕ ਸਾਂਝ, ਲੋਕਤੰਤਰ ਅਤੇ ਸ਼ਾਂਤੀਪੂਰਨ ਤਰੀਕਿਆਂ ਰਾਹੀਂ ਤਬਦੀਲੀ ਲਿਆਉਣ ਦਾ ਸੰਦੇਸ਼ ਦਿੱਤਾ। ਉਹ ਇਕ ਐਸੇ ਭਾਰਤ ਦੀ ਤਮੰਨਾ ਕਰਦੇ ਸਨ, ਜਿੱਥੇ ਹਰ ਕੋਈ ਆਪਣੇ ਹੱਕ ਲਈ ਆਵਾਜ਼ ਚੁੱਕ ਸਕੇ। ਉਹਨਾਂ ਕਿਹਾ ਕਿ ਅੱਜ ਜਦੋਂ ਅਸੀਂ ਡਾ. ਅੰਬੇਡਕਰ ਜੀ ਦੀ ਜਯੰਤੀ ਮਨਾਉਂਦੇ ਹਾਂ, ਤਾਂ ਆਉਣ ਵਾਲੀ ਪੀੜ੍ਹੀ ਲਈ ਇਹ ਸੱਚਾ ਸੰਦੇਸ਼ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਅਮਲ ਵਿੱਚ ਲਿਆਈਏ, ਇਨਸਾਫ ਲਈ ਖੜ੍ਹੇ ਹੋਈਏ, ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਈਏ, ਤੇ ਸਿੱਖਿਆ ਦੀ ਜੋਤ ਹਰ ਗਲੀ-ਮੁਹੱਲੇ ਵਿਚ ਰੋਸ਼ਨ ਕਰੀਏ ਅਤੇ ਉਨ੍ਹਾਂ ਦੇ ਜੀਵਨ ਨੂੰ ਆਪਣੇ ਲਈ ਪ੍ਰੇਰਨਾ ਬਣਾਈਏ। ਸ. ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਹੇਠ ਪੋਸਟ ਮੈਟਰਿਕ ਸਕਾਲਰਸ਼ਿਪ ਅਧੀਨ 730 ਕਰੋੜ ਰੁਪਏ ਜਾਰੀ ਕੀਤੇ ਗਏ ਹਨ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਐਸ. ਸੀ. ਸਕਾਲਰਸ਼ਿਪ ਮੁਹੱਈਆ ਕਰਵਾਉਣਾ ਹੋਰ ਵੀ ਸੁਖਾਲਾ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਦਿਆਰਥੀ ਨੂੰ ਉਚੇਰੀ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ| ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਅਤੇ ਅਨਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਦਾ 70 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ, ਜਿਸ ਦਾ 50 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਲਾਭ ਹੋਇਆ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਮੈਰਿਟ ਦੇ ਅਧਾਰ 'ਤੇ 54000 ਤੋਂ ਵੱਧ ਨੌਕਰੀਆਂ ਯੋਗ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ ਹਨ | ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ| ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਆਈ. ਏ. ਐਸ. ਤੋਂ ਇਲਾਵਾ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਜਿਲਾ ਯੋਜਨਾ ਕਮੇਟੀ ਤਰਨ ਤਰਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਪੰਜਾਬ ਵਾਟਰ ਰਿਸੋਰਸ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਵਾਈਸ ਚੇਅਰਮੈਨ ਪੰਜਾਬ ਖਾਦੀ ਬੋਰਡ ਹਰਪ੍ਰੀਤ ਸਿੰਘ ਸੰਧੂ, ਮਾਰਕੀਟ ਕਮੇਟੀ ਹਰੀਕੇ ਦੇ ਚੇਅਰਮੈਨ ਦਿਲਬਾਗ਼ ਸਿੰਘ, ਜਿਲਾ ਪ੍ਰਧਾਨ ਸ੍ਰੀਮਤੀ ਅੰਜੂ ਵਰਮਾ, ਅਤੇ ਯੂਥ ਆਗੂ ਅੰਗਦ ਸਿੰਘ ਸੋਹਲ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਜਦੀਪ ਸਿੰਘ ਬਰਾੜ ਐਸਡੀਐਮ ਤਰਨ ਤਾਰਨ ਅਰਵਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਜਨਰਲ ਡਾ. ਕਰਨਵੀਰ ਸਿੰਘ ਅਤੇ ਜਿਲਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਬਿਕਰਮਜੀਤ ਸਿੰਘ ਪੁਰੇਵਾਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਲੋਕ ਹਾਜ਼ਰ ਸਨ।
Posted By: Gurmeet Singh Valtoha








